ਵੱਖ-ਵੱਖ ਵਿਭਾਗਾਂ ਵੱਲੋਂ ਮਿਲ ਚਲਾਏ ਗਏ ਬਚਾਅ ਕਾਰਜ
ਦੀਨਾਨਗਰ/ਗੁਰਦਾਸਪੁਰ, 13 ਦਸੰਬਰ :- ਐੱਨ.ਡੀ.ਆਰ.ਐੱਫ. ਵੱਲੋਂ ਅੱਜ ਜ਼ਿਲਾ ਪ੍ਰਸ਼ਾਸਨ ਨਾਲ ਮਿਲ ਕੇ ਦੀਨਾਨਗਰ ਦੇ ਐੱਸ.ਐੱਸ.ਐੱਮ. ਕਾਲਜ ਵਿਖੇ ਭੂਚਾਲ ਸਬੰਧੀ ਇੱਕ ਮੌਕ ਡਰਿੱਲ ਕੀਤੀ ਗਈ। ਮੌਕ ਡਰਿੱਲ ਦੌਰਾਨ ਦੀਨਾਨਗਰ ਨੂੰ ਰਿਕਟਲ ਪੈਮਾਨੇ ’ਤੇ 6.6 ਤੀਬਰਤਾ ਦੇ ਆਏ ਭੂਚਾਲ ਦਾ ਕੇਂਦਰ ਮੰਨ ਕੇ ਓਥੇ ਇੱਕ ਸਕੂਲ ਦੀ ਢਹਿ ਚੁੱਕੀ ਇਮਾਰਤ ਵਿੱਚ ਬਚਾਅ ਕਾਰਜ ਚਲਾਏ ਗਏ। ਇਸ ਮੌਕ ਡਰਿੱਲ ਵਿੱਚ ਐੱਨ.ਡੀ.ਆਰ.ਐੱਫ. ਦੇ ਜਵਾਨਾਂ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਜਿਨ੍ਹਾਂ ਵਿੱਚ ਫਾਇਰ ਬ੍ਰਿਗੇਡ, ਸਿਹਤ ਵਿਭਾਗ, ਪੁਲਿਸ ਵਿਭਾਗ, ਸੂਚਨਾ ਤੇ ਲੋਕ ਸੰਪਰਕ ਵਿਭਾਗ, ਫੂਡ ਸਪਲਾਈ, ਵਾਟਰ ਸਪਲਾਈ ਸਮੇਤ ਹੋਰ ਵਿਭਾਗਾਂ ਨੇ ਭਾਗ ਲਿਆ।
ਮੌਕ ਡਰਿੱਲ ਦੌਰਾਨ ਐੱਸ.ਡੀ.ਐੱਮ. ਦੀਨਾਨਗਰ ਡਾ. ਵਰੁਣ ਕੁਮਾਰ, ਐੱਨ.ਡੀ.ਆਰ.ਐੱਫ. ਬਠਿੰਡਾ ਦੇ ਅਸਿਟੈਂਟ ਕਮਾਂਡੇਟ ਸ੍ਰੀ ਡੀ.ਐੱਲ. ਜਾਖੜ, ਡੀ.ਆਰ.ਓ. ਸ੍ਰੀ ਗੁਰਮੀਤ ਸਿੰਘ, ਐੱਸ.ਐੱਸ.ਐੱਮ. ਕਾਲਜ ਦੀਨਾਨਗਰ ਦੇ ਪ੍ਰਿੰਸੀਪਲ ਡਾ. ਆਰ.ਕੇ. ਤੁੱਲੀ, ਐੱਨ.ਡੀ.ਆਰ.ਐੱਫ ਦੇ ਇੰਸਪੈਕਟਰ ਸਿਧਾਨਾ ਨਾਇਕ, ਇੰਸਪੈਕਟਰ ਜੇ.ਐੱਸ. ਰਾਵਤ, ਸਬ ਇੰਸਪੈਕਟਰ ਰਜਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਮੌਕ ਡਰਿੱਲ ਦੌਰਾਨ ਸਭ ਤੋਂ ਪਹਿਲਾਂ ਭੂਚਾਲ ਨਾਲ ਢਹਿ ਚੁੱਕੀ ਇਮਾਰਤ ਨੂੰ ਮੰਨ ਕੇ ਉਸ ਵਿਚੋਂ ਬੱਚਿਆਂ ਨੂੰ ਸੁਰੱਖਿਅਤ ਬਾਹਰ ਨਿਕਲਣ ਬਾਰੇ ਦੱਸਿਆ ਗਿਆ। ਉਸ ਪਿਛੋਂ ਫਾਇਰ ਬ੍ਰਿਗੇਡ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਵਿਭਾਗਾਂ ਵੱਲੋਂ ਰਾਹਤ ਕਾਰਜ ਚਲਾਏ ਗਏ। ਇਸ ਤੋਂ ਬਾਅਦ ਐੱਨ.ਡੀ.ਆਰ.ਐੱਫ. ਵੱਲੋਂ ਸਰਚ ਅਭਿਆਨ ਚਲਾ ਕੇ ਇਮਾਰਤ ਵਿੱਚ ਫਸੇ ਵਿਅਕਤੀਆਂ ਦੀ ਸੂਚਨਾ ਇਕੱਠੀ ਕੀਤੀ ਗਈ ਅਤੇ ਬਚਾਅ ਕਾਰਜਾਂ ਦੌਰਾਨ ਵੱਖ-ਵੱਖ ਤਕਨੀਕਾਂ ਦਾ ਸਹਾਰਾ ਲੈ ਕੇ ਇੱਕ-ਇੱਕ ਕਰਕੇ ਸਾਰੇ ਵਿਅਕਤੀਆਂ ਨੂੰ ਇਮਾਰਤ ਵਿਚੋਂ ਬਾਹਰ ਕੱਢਿਆ ਗਿਆ।
ਐੱਸ.ਡੀ.ਐੱਮ. ਦੀਨਾਨਗਰ ਡਾ. ਵਰੁਣ ਕੁਮਾਰ ਨੇ ਕਿਹਾ ਕਿ ਇਹ ਮੌਕ ਡਰਿੱਲ ਨਾਲ ਕਿਸੇ ਵੀ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਜਿਥੇ ਸਾਰੇ ਵਿਭਾਗਾਂ ਵਿੱਚ ਆਪਸੀ ਤਾਲਮੇਲ ਬਿਹਤਰ ਹੋਵੇਗਾ ਓਥੇ ਇਸ ਨਾਲ ਉਨ੍ਹਾਂ ਦੇ ਕੰਮ-ਕਾਜ ਵਿੱਚ ਵੀ ਕੁਸ਼ਲਤਾ ਆਵੇਗੀ। ਉਨ੍ਹਾਂ ਕਿਹਾ ਕਿ ਆਮ ਜਨਤਾ ਵਿੱਚ ਵੀ ਕੁਦਰਤੀ ਆਫ਼ਤਾਂ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਗਰੂਕਤਾ ਆਉਂਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਅਭਿਆਸ ਜਾਰੀ ਰਹਿਣਗੇ।
ਇਸ ਮੌਕੇ ਐੱਨ.ਡੀ.ਆਰ.ਐੱਫ. ਬਠਿੰਡਾ ਦੇ ਅਸਿਟੈਂਟ ਕਮਾਂਡੇਟ ਸ੍ਰੀ ਡੀ.ਐੱਲ. ਜਾਖੜ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਸਮੇਤ ਸੂਬਾ ਪੰਜਾਬ ਭੂਚਾਲ ਦੇ ਹਾਈ ਰਿਸਕ ਜੋਨ ਵਿੱਚ ਆਉਂਦਾ ਹੈ ਅਤੇ ਇਥੋਂ ਦੇ ਵਸਨੀਕਾਂ ਨੂੰ ਭੂਚਾਲ ਵਰਗੀ ਕੁਦਰਤੀ ਆਫ਼ਤ ਤੋਂ ਬਚਾਅ ਲਈ ਹਮੇਸ਼ਾਂ ਤਿਆਰ ਰਹਿਣਾ ਚਾਹੀਦਾ ਹੈ। ਉਨਾਂ ਭੂਚਾਲ ਤੋਂ ਬਾਅਦ ਰਾਹਤ ਕਾਰਜਾਂ ਸਬੰਧੀ ਵੱਖ-ਵੱਖ ਵਿਭਾਗਾਂ ਦੀਆਂ ਡਿਊਟੀਆਂ ਬਾਰੇ ਵਿਸਥਾਰ ਵਿੱਚ ਦੱਸਿਆ। ਉਨਾਂ ਕਿਹਾ ਕਿ ਭੂਚਾਲ ਇੱਕ ਅਜਿਹੀ ਕੁਦਰਤੀ ਆਫ਼ਤ ਹੈ ਜਿਸਦਾ ਪਤਾ ਪਹਿਲਾਂ ਨਹੀਂ ਲਗਾਇਆ ਜਾ ਸਕਦਾ। ਅਕਸਰ ਹੀ ਭੂਚਾਲ ਸਮੇਂ ਰੀਐਕਸ਼ਨ ਟਾਈਮ ਬਿਲਕੁਲ ਨਹੀਂ ਮਿਲਦਾ ਅਤੇ ਭੂਚਾਲ ਦੀ ਤੀਬਰਤਾ ਵੱਧ ’ਤੇ ਜਾਨੀ-ਮਾਲੀ ਨੁਕਸਾਨ ਕਾਫੀ ਹੋ ਸਕਦਾ ਹੈ। ਸ੍ਰੀ ਜਾਖੜ ਨੇ ਕਿਹਾ ਕਿ ਹਰ ਵਿਭਾਗ ਨੂੰ ਭੂਚਾਲ ਵਰਗੀ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਆਪਣੇ ਆਪ ਨੂੰ ਪਹਿਲਾਂ ਹੀ ਤਿਆਰ ਰੱਖਣਾ ਚਾਹੀਦਾ ਹੈ ਤਾਂ ਜੋ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ।

English






