ਵਿਆਹਾਂ ਦੌਰਾਨ ਲਾਇਸੰਸ ਤੋਂ ਬਿਨ੍ਹਾਂ ਮੈਰਿਜ਼ ਪੈਲੇਸਾਂ ’ਚ ਆਤਿਸ਼ਬਾਜੀ/ਪਟਾਖੇ ਚਲਾਉਣ ’ਤੇ ਪਾਬੰਦੀ : ਡਿਪਟੀ ਕਮਿਸ਼ਨਰ

DC Hoshiapur

ਮੈਰਿਜ਼ ਪੈਲੇਸ ਵਾਲਿਆਂ ਨੂੰ ਪੁਲਿਸ ਤੇ ਫਾਇਰ ਬ੍ਰਿਗੇਡ ਤੋਂ ਐਨ.ਓ.ਸੀ. ਉਪਰੰਤ ਲੈਣਾ ਪਵੇਗਾ ਲਾਇਸੰਸ
ਆਤਿਸ਼ਬਾਜੀ/ਪਟਾਖੇ ਚਲਾਉਣ ਲਈ ਤੈਅ ਕੀਤੀ ਜਾਵੇਗੀ ਢੁਕਵੀਂ ਖੁੱਲ੍ਹੀ ਥਾਂ
ਹੁਸ਼ਿਆਰਪੁਰ, 3 ਨਵੰਬਰ:
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਮੰਗਲਵਾਰ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਲਾਇਸੰਸ ਲਏ ਬਿਨ੍ਹਾਂ ਵਿਆਹਾਂ ਦੌਰਾਨ ਮੈਰਿਜ ਪੈਲੇਸਾਂ ਵਿੱਚ ਆਤਿਸ਼ਬਾਜੀਆਂ/ਪਟਾਖੇ ਚਲਾਉਣ ’ਤੇ ਮੁਕੰਮਲ ਪਾਬੰਦੀ ਰਹੇਗੀ ਅਤੇ ਵਿਸਫੋਟਕ ਨਿਯਮਾਂ-2008 ਸਬੰਧੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਸਬੰਧੀ ਨਿਰਦੇਸ਼ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਹਰ ਮੈਰਿਜ ਪੈਲੇਸ ਨੂੰ ਜਨਤਕ ਹਿੱਤਾਂ ਦੇ ਮੱਦੇਨਜਰ ਇਨ੍ਹਾਂ ਨਿਯਮਾਂ ਦੀ ਇਨ-ਬਿਨ ਪਾਲਣਾ ਯਕੀਨੀ ਬਣਾਉਣੀ ਹੋਵੇਗੀ। ਉਨ੍ਹਾਂ ਕਿਹਾ ਕਿ ਹਰ ਮੈਰਿਜ ਪੈਲੇਸ ਨੂੰ ਵਿਆਹਾਂ ਦੌਰਾਨ ਪਟਾਖੇ ਚਲਾਉਣ ਲਈ ਲਾਇਸੰਸ ਲੈਣਾ ਪਵੇਗਾ ਜਿਸ ਲਈ ਮੈਰਿਜ ਪੈਲੇਸ ਦੇ ਮਾਲਕ ਜ਼ਿੰਮੇਵਾਰ ਰਹਿਣਗੇ। ਉਨ੍ਹਾਂ ਦੱਸਿਆ ਕਿ ਪੈਲੇਸਾਂ ਵਿੱਚ ਇਕ ਢੁਕਵੀਂ ਖੁੱਲ੍ਹੀ ਥਾਂ ਨਿਸ਼ਚਿਤ ਕੀਤੀ ਜਾਵੇਗੀ ਜਿਸ ਜਗ੍ਹਾ ’ਤੇ ਪਟਾਖੇ ਚਲਾਏ ਜਾ ਸਕਣ ਅਤੇ ਇਹ ਥਾਂ ਟੈਂਟ, ਮੁੱਖ ਸੜਕ ਅਤੇ ਪਾਰਕਿੰਗ ਤੋਂ ਘੱਟੋ-ਘੱਟ 30 ਮੀਟਰ ਦੀ ਦੂਰੀ ’ਤੇ ਹੋਵੇ। ਪਟਾਖੇ ਚਲਾਉਣ ਲਈ ਤੈਅ ਕੀਤੀ ਜਗ੍ਹਾ ਦੇ ਉਤੋਂ ਬਿਜਲੀ ਦੀਆਂ ਤਾਰਾਂ ਨਾ ਲੰਘਦੀਆਂ ਹੋਣ ਅਤੇ ਇਸ ਥਾਂ ਦੇ ਨੇੜੇ ਲੋੜੀਂਦੇ ਪਾਣੀ ਅਤੇ ਅੱਗ ਬੁਝਾਊ ਯੰਤਰਾਂ ਦਾ ਇੰਤਜ਼ਾਮ ਹੋਣਾ ਲਾਜ਼ਮੀ ਹੈ।
ਅਪਨੀਤ ਰਿਆਤ ਨੇ ਕਿਹਾ ਕਿ ਇਸ ਸਬੰਧੀ ਜ਼ਿਲ੍ਹਾ ਮੈਜਿਸਟਰੇਟ ਦੇ ਦਫ਼ਤਰ ਤੋਂ ਲਾਇਸੰਸ ਲੈਣ ਲਈ ਪਹਿਲਾਂ ਪੁਲਿਸ ਅਤੇ ਫਾਇਰ ਬ੍ਰਿਗੇਡ ਤੋਂ ਪੈਲੇਸ ਵਿੱਚ ਪਟਾਖੇ ਚਲਾਉਣ ਵਾਲੀ ਥਾਂ ਲਈ ਐਨ.ਓ.ਸੀ. ਲੈਣੀ ਲਾਜ਼ਮੀ ਹੋਵੇਗੀ। ਉਨ੍ਹਾਂ ਦੱਸਿਆ ਕਿ ਵਿਸਫੋਟਕ ਨਿਯਮ-2008 ਅਤੇ ਇਸ ਸਬੰਧੀ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।