ਸਿਰਫ਼ ਸੱਤਾ ਨਹੀਂ, ਸਿਸਟਮ ਬਦਲਣਾ ‘ਆਪ’ ਦਾ ਮਿਸ਼ਨ – ਸੌਰਭ ਭਾਰਦਵਾਜ

SAURABH BHARDWAJ
ਸਿਰਫ਼ ਸੱਤਾ ਨਹੀਂ, ਸਿਸਟਮ ਬਦਲਣਾ 'ਆਪ' ਦਾ ਮਿਸ਼ਨ - ਸੌਰਭ ਭਾਰਦਵਾਜ
‘ਆਪ’ ਦੇ ਕੌਮੀ ਆਗੂਆਂ ਨੇ ਮਾਝੇ ਵਿੱਚ ਵਪਾਰੀਆਂ ਤੇ ਕਾਰੋਬਾਰੀਆਂ ਨਾਲ ਕੀਤੀ ਮੁਲਾਕਾਤ
ਕਿਹਾ, ਦਿੱਲੀ ਅਤੇ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਭਾਜਪਾ ਅਤੇ ਕਾਂਗਰਸ ਦੇ ਮਜ਼ਬੂਤ ​​ਆਗੂਆਂ ਨੂੰ ਹਰਾਇਆ

ਪੱਟੀ/ਖੇਮਕਰਨ (ਤਰਨਤਾਰਨ), 28 ਦਸੰਬਰ 2021

ਆਮ ਆਦਮੀ ਪਾਰਟੀ (ਆਪ) ਦੇ ਨੇਤਾ ਅਤੇ ਕੌਮੀ ਬੁਲਾਰੇ ਸੌਰਭ ਭਾਰਦਵਾਜ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਭ੍ਰਿਸ਼ਟਾਚਾਰ ਅਤੇ ਮਾਫੀਆ ਕਾਰਨ ਵਾਰ-ਵਾਰ ਸੱਤਾ ਤਾਂ ਬਦਲੀ, ਪਰ ਸ਼ਾਸਨ ਪ੍ਰਣਾਲੀ ਵਿੱਚ ਕਦੇ ਕੋਈ ਬਦਲਾਅ ਨਹੀਂ ਆਇਆ। ਸਰਕਾਰ ਵਿੱਚ ਹਮੇਸ਼ਾ ਭ੍ਰਿਸ਼ਟ ਸਿਆਸਤਦਾਨਾਂ ਅਤੇ ਮਾਫੀਆ ਦਾ ਹੀ ਦਬਦਬਾ ਰਹੀ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਰਾਜਨੀਤੀ ਸੱਤਾ ਪਰਿਵਰਤਨ ਲਈ ਨਹੀਂ, ਸਗੋਂ ਸਿਸਟਮ ਬਦਲਣ ਲਈ ਹੈ। ‘ਆਪ’ ਦਾ ਟੀਚਾ ਭ੍ਰਿਸ਼ਟ ਸ਼ਾਸਨ ਪ੍ਰਣਾਲੀ ਨੂੰ ਖਤਮ ਕਰਕੇ ਇੱਕ ਇਮਾਨਦਾਰ ਸ਼ਾਸਨ ਪ੍ਰਣਾਲੀ ਦੀ ਸਥਾਪਨਾ ਕਰਨਾ ਹੈ।

ਹੋਰ ਪੜ੍ਹੋ :-ਸਿਹਤ ਕਾਮਿਆਂ ਵੱਲੋਂ ਡਾਇਰੈਕਟਰ ਦਫ਼ਤਰ ਪੰਜਾਬ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ, ਪੰਜਾਬ ਪੱਧਰ ਤੋਂ ਵੱਡੀ ਗਿਣਤੀ ਵਿਚ ਸਿਹਤ ਮੁਲਾਜਮਾਂ ਵਲੋ ਦਿੱਤਾ ਰੋਸ ਧਰਨਾ

ਸੌਰਭ ਭਾਰਦਵਾਜ ਨੇ ਮੰਗਲਵਾਰ ਨੂੰ ਤਰਨਤਾਰਨ ਜ਼ਿਲ੍ਹੇ ਦੇ ਪੱਟੀ, ਖੇਮਕਰਨ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਪਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਸੁਝਾਅ ਮੰਗੇ। ਇਸ ਮੌਕੇ ਸੰਬੋਧਨ ਕਰਦਿਆਂ ਭਾਰਦਵਾਜ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਰਾਜਨੀਤੀ ਕਰਦੀ ਹੈ, ਇਸੇ ਲਈ ਆਮ ਪਰਿਵਾਰ ਦੇ ਮੈਂਬਰਾਂ ਨੂੰ ਟਿਕਟਾਂ ਦੇ ਕੇ ਕੌਂਸਲਰ ਅਤੇ ਵਿਧਾਇਕ ਬਣਾਉਂਦੀ ਹੈ। ਉਹਨਾਂ ਦੱਸਿਆ ਕਿ ‘ਆਪ’ ਦੇ ਜ਼ਿਆਦਾਤਰ ਆਗੂਆਂ ਦਾ ਕੋਈ ਸਿਆਸੀ ਪਿਛੋਕੜ ਨਹੀਂ ਹੈ। ‘ਆਪ’ ਦੇ ਆਮ ਉਮੀਦਵਾਰਾਂ ਨੇ ਚੰਡੀਗੜ੍ਹ ਅਤੇ ਦਿੱਲੀ ਵਿੱਚ ਭਾਜਪਾ ਅਤੇ ਕਾਂਗਰਸ ਦੇ ਦਿੱਗਜ ਨੇਤਾਵਾਂ ਨੂੰ ਹਰਾਇਆ ਹੈ। ਪੰਜਾਬ ਦੇ ਲੋਕ ਵੀ ‘ਆਪ’ ਨੂੰ ਜਿਤਾਉਣ ਲਈ ਅੰਦਰੋਂ ਦ੍ਰਿੜ੍ਹ ਹਨ।

ਕਾਂਗਰਸ ਵੱਲੋਂ ਮੁੱਖ ਮੰਤਰੀ ਬਦਲਣ ਦੇ ਮੁੱਦੇ ‘ਤੇ ਬੋਲਦਿਆਂ ਭਾਰਦਵਾਜ ਨੇ ਕਿਹਾ ਕਿ ਵੱਖ-ਵੱਖ ਰਾਜਾਂ ਵਿੱਚ ਆਪਣੇ ਮੁੱਖ ਮੰਤਰੀ ਬਦਲਣਾ ਕਾਂਗਰਸ ਅਤੇ ਭਾਜਪਾ ਦੀ ਲੋਕਾਂ ਨੂੰ ਮੂਰਖ ਬਣਾਉਣ ਦੀ ਨਵੀਂ ਰਣਨੀਤੀ ਹੈ। ਮੁੱਖ ਮੰਤਰੀ ਬਦਲਣ ਨਾਲ ਸਮੱਸਿਆ ਹੱਲ ਨਹੀਂ ਹੁੰਦੀ। ਸਿਰਫ਼ ਅਲੀਬਾਬਾ ਨੂੰ ਬਦਲਣ ਨਾਲ ਬਾਕੀ ਚੋਰਾਂ ਦਾ ਦੁੱਧ ਨਹੀਂ ਧੋਤਾ ਜਾਂਦਾ। ਉਹਨਾਂ ਕਿਹਾ ਕਿ ਚੰਗੀ ਯੋਜਨਾਂ ਅਤੇ ਇਰਾਦੇ ਨਾਲ ਹੀ ਸਮੱਸਿਆਵਾਂ ਹੱਲ ਕੀਤੀਆਂ ਜਾਂਦੀਆਂ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚਾਹੁੰਦੇ ਹੋਏ ਵੀ ਬਦਲਾਅ ਨਹੀਂ ਲਿਆ ਸਕਦੇ। ਉਹ ਮਾਫੀਆ ਅਤੇ ਭ੍ਰਿਸ਼ਟਾਚਾਰ ਨੂੰ ਕਦੇ ਵੀ ਖਤਮ ਨਹੀਂ ਕਰ ਸਕਦੇ, ਕਿਉਂਕਿ ਉਹ ਉਸੇ ਭ੍ਰਿਸ਼ਟ ਸਿਸਟਮ ਦਾ ਹਿੱਸਾ ਸਨ ਅਤੇ ਅੱਜ ਵੀ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਅਜਿਹੀ ਪਾਰਟੀ ਹੈ ਜੋ ਕ੍ਰਾਂਤੀ ਵਿੱਚੋਂ ਨਿਕਲੀ ਹੈ। ਉਹਨਾਂ ਭ੍ਰਿਸ਼ਟ ਸ਼ਾਸਨ ਦੇ ਖਿਲਾਫ ਲੰਬੇ ਸਮੇਂ ਤੱਕ ਅੰਦੋਲਨ ਅਤੇ ਸੰਘਰਸ਼ ਕੀਤਾ।  ਉਹਨਾਂ ਦਾ ਮੁੱਖ ਉਦੇਸ਼ ਰਾਜਨੀਤੀ ਤੋਂ ਭ੍ਰਿਸ਼ਟਾਚਾਰ ਅਤੇ ਮਾਫੀਆ ਨੂੰ ਖਤਮ ਕਰਨਾ ਹੈ। ਉਹਨਾਂ ਕਿਹਾ ਕਿ ਅੱਜ ਲੋਕ ਭ੍ਰਿਸ਼ਟਾਚਾਰ ਤੋਂ ਤੰਗ ਆ ਚੁੱਕੇ ਹਨ ਅਤੇ ਇਸੇ ਲਈ ਦੇਸ਼ ਦੇ ਲੋਕ ਆਮ ਆਦਮੀ ਪਾਰਟੀ ਨੂੰ ਪਸੰਦ ਕਰਦੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਮਿਹਨਤੀ ਲੋਕਾਂ ਦਾ ਸੂਬਾ ਹੈ। ਇੱਥੋਂ ਦੇ ਲੋਕਾਂ ਨੇ ਬੰਜਰ ਜ਼ਮੀਨ ਨੂੰ ਉਪਜਾਊ ਬਣਾਇਆ ਅਤੇ ਆਪਣੇ ਖੇਤਾਂ ਦੇ ਅਨਾਜ ਨਾਲ ਦੇਸ਼ ਦੇ ਲੋਕਾਂ ਦਾ ਢਿੱਢ ਪਾਲ ਰਹੇ ਹਨ। ਪੰਜਾਬ ਦਾ ਇਤਿਹਾਸ ਸੂਰਬੀਰਾਂ ਤੇ ਸ਼ਹੀਦਾਂ ਦਾ ਇਤਿਹਾਸ ਰਿਹਾ ਹੈ। ਭਾਰਦਵਾਜ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਅੱਜ ਸਿਰਫ਼ ਇਮਾਨਦਾਰ ਸਰਕਾਰ ਦੀ ਲੋੜ ਹੈ।  ਭਾਰਦਵਾਜ ਨੇ ਪੰਜਾਬ ਵਾਸੀਆਂ ਨੂੰ ਚੰਗੀ ਸਿੱਖਿਆ, ਵਧੀਆ ਮੈਡੀਕਲ, ਰੁਜ਼ਗਾਰ, ਬੱਚਿਆਂ ਦੇ ਚੰਗੇ ਭਵਿੱਖ ਲਈ ਇੱਕ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ‘ਆਪ’ ਉਹਨਾਂ ਦੀਆਂ ਉਮੀਦਾਂ ਅਨੁਸਾਰ ਖਰਾ ਨਾ ਉਤਰੀ ਤਾਂ ਅਗਲੀ ਵਾਰ ਵੋਟ ਨਾ ਦੇਣ।