ਮਾਨਸਿਕ ਰੋਗਾਂ ਪ੍ਰਤੀ ਨਾ ਵਰਤੀ ਜਾਵੇ ਲਾਪਰਵਾਹੀ : ਡਾ. ਹਰਪ੍ਰੀਤ ਸਿੰਘ

ਮਾਨਸਿਕ ਰੋਗਾਂ
ਮਾਨਸਿਕ ਰੋਗਾਂ ਪ੍ਰਤੀ ਨਾ ਵਰਤੀ ਜਾਵੇ ਲਾਪਰਵਾਹੀ : ਡਾ. ਹਰਪ੍ਰੀਤ ਸਿੰਘ
– ਮਾਨਸਿਕ ਰੋਗਾਂ ਤੋਂ ਬਚਾਅ ਲਈ ਜਾਗਰੂਕਤਾ ਪੈਂਫਲਿਟ ਰਿਲੀਜ਼
– ਸਿਵਲ ਸਰਜਨ ਨਵਾਂਸ਼ਹਿਰ ਵਿਖੇ ਮਨਾਇਆ ਗਿਆ ਵਿਸ਼ਵ ਮਾਨਸਿਕ ਸਿਹਤ ਦਿਵਸ
ਨਵਾਂਸ਼ਹਿਰ, 11 ਅਕਤੂਬਰ 2021
ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਦੀਪ ਕਮਲ ਦੀ ਯੋਗ ਅਗਵਾਈ ਹੇਠ ਸਿਵਲ ਹਸਪਤਾਲ ਨਵਾਂਸ਼ਹਿਰ ਦੇ ਓਟ ਸੈਂਟਰ ਵਿਖੇ ਅੱਜ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ ਗਿਆ। ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਤਣਾਅ, ਡਿਪ੍ਰੈਸ਼ਨ, ਚਿੰਤਾ ਅਤੇ ਫੋਬੀਆ ਵਰਗੀਆਂ ਮਾਨਸਿਕ ਬਿਮਾਰੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ।

ਹੋਰ ਪੜ੍ਹੋ :-ਸਰਕਾਰ ਵੱਲੋਂ ਫੁਹਾਰਾ/ਤੁਪਕਾ ਸਿੰਚਾਈ ਸਿਸਟਮ ਸਥਾਪਿਤ ਕਰਨ ਲਈ ਕਿਸਾਨਾਂ ਨੂੰ ਸਬਸਿਡੀ ਦੀ ਪੇਸ਼ਕਸ

ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਨੇ ਲੋਕਾਂ ਦੀ ਮਾਨਸਿਕ ਸਿਹਤ ‘ਤੇ ਬੁਰਾ ਪ੍ਰਭਾਵ ਪਾਇਆ ਹੈ। ਇਸ ਲਈ ਮਾਨਸਿਕ ਰੋਗ ਪ੍ਰਤੀ ਲਾਪਰਵਾਹੀ ਨਾ ਵਰਤੀ ਜਾਵੇ। ਮਾਨਸਿਕ ਰੋਗ ਵੀ ਬਾਕੀ ਸਰੀਰਕ ਰੋਗਾਂ ਦੀ ਤਰ੍ਹਾਂ ਹੀ ਇਕ ਰੋਗ ਹੈ, ਜਿਸ ਦਾ ਇਲਾਜ ਸੰਭਵ ਹੈ ਅਤੇ ਪੂਰੇ ਪੰਜਾਬ ਵਿੱਚ ਮਾਨਸਿਕ ਰੋਗਾਂ ਦੇ ਮਾਹਰ ਡਾਕਟਰ ਸਰਕਾਰੀ ਹਸਪਤਾਲਾਂ ਵਿੱਚ ਉਪਲੱਬਧ ਹਨ, ਜਿਨ੍ਹਾਂ ਤੋਂ ਲੋਕ ਆਪਣਾ ਇਲਾਜ ਕਰਵਾ ਸਕਦੇ ਹਨ ।
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਾਕੇਸ਼ ਚੰਦਰ ਨੇ ਦੱਸਿਆ ਕਿ ਇਸ ਵਾਰ ਦਾ ਵਿਸ਼ਵ ਮਾਨਸਿਕ ਸਿਹਤ ਦਿਵਸ ਦਾ ਥੀਮ “ਵੱਖਰੇ ਸੰਸਾਰ ਵਿਚ ਮਾਨਸਿਕ ਸਿਹਤ” ਹੈ, ਜਿਸ ਤਹਿਤ ਮੌਜੂਦਾ ਸਮੇਂ ਵਿਚ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਮਾਨਸਿਕ ਪ੍ਰੇਸ਼ਾਨੀਆਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਮਨਦੀਪ ਕਮਲ ਨੇ ਮਾਨਸਿਕ ਤੰਦਰੁਸਤੀ ਅਤੇ ਮਾਨਸਿਕ ਰੋਗਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਮਾਨਸਿਕ ਰੋਗਾਂ ਦੇ ਲੱਛਣਾਂ ਬਾਰੇ ਦੱਸਿਆ ਕਿ ਸੁਭਾਅ ਵਿੱਚ ਤਬਦੀਲੀ ਆਉਣਾ, ਨੀਂਦ ਨਾ ਆਉਣਾ, ਕੰਮ ਕਰਨ ਦੀ ਸਮਰੱਥਾ ਵਿੱਚ ਫ਼ਰਕ ਪੈਣਾ ਆਪਣੇ ਅਤੇ ਆਪਣੇ ਆਲ਼ੇ-ਦੁਆਲੇ ਨੂੰ ਤੰਗੀ ਮਹਿਸੂਸ ਹੋਣਾ ਆਦਿ ਮਾਨਸਿਕ ਰੋਗਾਂ ਦੇ ਮੁੱਖ ਲੱਛਣ ਹਨ।
ਉਨ੍ਹਾਂ ਸੁਝਾਅ ਦਿੰਦੇ ਹੋਏ ਦੱਸਿਆ ਕਿ ਮਾਨਸਿਕ ਰੋਗਾਂ ਤੋਂ ਬਚਾਅ ਲਈ ਰੋਜ਼ਾਨਾ 45 ਮਿੰਟ ਕਸਰਤ ਕੀਤੀ ਜਾਵੇ। 6-8 ਘੰਟੇ ਤੱਕ ਪੂਰੀ ਨੀਂਦ ਲਈ ਜਾਵੇ। ਪੋਸਟਿਕ ਭੋਜਨ ਖਾਓ ਅਤੇ ਸ਼ਰਾਬ, ਬੀੜੀ, ਸਿਗਰੇਟ ਆਦਿ ਨਸ਼ਿਆਂ ਤੋਂ ਦੂਰ ਰਿਹਾ ਜਾਵੇ, ਕਿਉਂਕਿ ਇਹ ਗੈਰ-ਸੰਚਾਰੀ ਰੋਗਾਂ ਜਿਵੇਂ ਹਾਈ ਬਲੱਡ-ਪ੍ਰੈਸ਼ਰ, ਸ਼ੂਗਰ, ਮੋਟਾਪਾ ਆਦਿ ਦਾ ਵੀ ਕਾਰਨ ਬਣਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਓਟ-ਸੈਂਟਰ ਵਿੱਚੋਂ ਮਿਲਣ ਵਾਲੀ ਦਵਾਈ ਨੂੰ ਵੀ ਹੋਲੀ-ਹੋਲੀ ਛੱਡਣ ਦੀ ਕੋਸ਼ਿਸ ਕੀਤੀ ਜਾਵੇ ਤਾਂ ਜੋ ਤੰਦਰੁਸਤ ਪੰਜਾਬ ਦਾ ਸੁਪਨਾ ਪੂਰਾ ਹੋ ਸਕੇ।
ਸਮਾਗਮ ਦੇ ਅੰਤ ਵਿਚ ਮਾਨਸਿਕ ਰੋਗਾਂ ਤੋਂ ਬਚਾਅ ਲਈ ਜਾਗਰੂਕਤਾ ਪੈਂਫਲਿਟ ਰਿਲੀਜ਼ ਕੀਤਾ ਗਿਆ, ਜਿਸ ਦਾ ਮੁੱਖ ਉਦੇਸ਼ ਇਸ ਬਿਮਾਰੀ ਦੀ ਰੋਕਥਾਮ ਤੇ ਇਲਾਜ ਬਾਰੇ ਆਮ ਲੋਕਾਂ ਵਿਚ ਜਾਗਰੂਕਤਾ ਫੈਲਾਉਣਾ ਹੈ।
ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਾਕੇਸ਼ ਚੰਦਰ, ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਜਗਤ ਰਾਮ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ, ਓਟ ਕੌਂਸਲਰ ਮਨਦੀਪ ਸਿੰਘ ਸਮੇਤ ਓਟ ਸੈਂਟਰ ਦਾ ਸਮੂਹ ਸਟਾਫ਼ ਹਾਜ਼ਰ ਸੀ।