ਇਸ ਵਾਰ ਅਕਾਲੀ ਦਲ ਉਮੀਦਵਾਰ ਦੇ ਪੋਸਟਰਾਂ ਤੋਂ ਬਾਦਲ ਪਰਿਵਾਰ ਗਾਇਬ ਹੈ, ਅਗਲੀ ਵਾਰ ਅਕਾਲੀ ਦਲ ਦੇ ਪੋਸਟਰ ਹੀ ਗਾਇਬ ਹੋਣਗੇ : ਗੁਰਮੇਲ ਸਿੰਘ ਘਰਾਚੋਂ

-ਰਾਜਨੀਤਿਕ ਦੇ ਨਾਲ ਨਾਲ ਪ੍ਰਸ਼ਾਸਨਿਕ ਅਤੇ ਆਰਥਿਕ ਪਰਿਵਰਤਨ ਕਰਨਾ ‘ਆਪ’ ਦਾ ਉਦੇਸ਼: ਗੁਰਮੇਲ ਸਿੰਘ ਘਰਾਚੋਂ 

-ਲੋਕਾਂ ਦੇ ਅਸ਼ੀਰਵਾਦ ਨਾਲ ਸੰਸਦ ਵਿੱਚ ਆਮ ਲੋਕਾਂ ਦੀ ਆਵਾਜ਼ ਬਣਾਂਗਾ: ਗੁਰਮੇਲ ਸਿੰਘ ਘਰਾਚੋਂ 

-ਗੁਰਮੇਲ ਸਿੰਘ ਘਰਾਚੋਂ ਨੇ ਹਲਕੇ ਦੇ ਵੱਖ ਵੱਖ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ’ਚ ਕੀਤੀਆਂ ਜਨ ਸਭਾਵਾਂ

 

ਸੰਗਰੂਰ, 18 ਜੂਨ 2022 :- 

ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸਰਪੰਚ ਗੁਰਮੇਲ ਸਿੰਘ ਘਰਾਚੋਂ ਨੇ ਅਕਾਲੀ ਦਲ ਅਤੇ ਬਾਦਲ ਪਰਿਵਾਰ ‘ਤੇ ਹਮਲਾ ਕਰਦਿਆਂ ਕਿਹਾ ਕਿ ਇਸ ਵਾਰ ਅਕਾਲੀ ਦਲ ਦੇ ਪੋਸਟਰਾਂ ਤੋਂ ਬਾਦਲ ਪਰਿਵਾਰ ਗਾਇਬ ਹੈ, ਅਗਲੀ ਵਾਰ ਅਕਾਲੀ ਦਲ ਦੇ ਪੋਸਟਰ ਹੀ ਗਾਇਬ ਹੋਣਗੇ। ਬਾਦਲ ਪਰਿਵਾਰ ਨੂੰ ਉਹਨਾਂ ਦੇ ਗੁਨਾਹਾਂ ਲਈ ਪੰਜਾਬ ਦੇ ਲੋਕ ਕਦੀ ਮਾਫ਼ ਨਹੀਂ ਕਰਨਗੇ।

ਗੁਰਮੇਲ ਸਿੰਘ ਨੇ ਸੰਗਰੂਰ ਹਲਕੇ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ’ਚ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਚੋਣ ਨਿਸ਼ਾਨ ‘ਝਾੜੂ’ ਉਤੇ ਵੋਟਾਂ ਪਾ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ।

ਗੁਰਮੇਲ ਸਿੰਘ ਨੇ ਅੱਜ ਸੰਗਰੂਰ ਹਲਕੇ ਦੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਮਹਿਲ ਕਲਾਂ, ਖਡਿਆਲ, ਰਾਮਗੜ੍ਹ ਜਵੰਧੇ, ਖਡਿਆਲ ਕੋਠੇ, ਨੀਲੋਵਾਲ, ਛਾਜਲਾ, ਛਾਜਲੀ, ਚੱਠਾ ਨਨਹੇੜ੍ਹਾ, ਕੋਹਰੀਆਂ, ਹੀਰਾਗੜ੍ਹ, ਸਾਦੀ ਹਰੀ,  ਲਾਡਵਣਜ਼ਾਰਾ ਕਲਾਂ, ਖੇਤਲਾ, ਰੋਗਲਾ, ਦਿੜ੍ਹਬਾ, ਗੁੱਜਰਾਂ, ਖਨਾਲ ਕਲਾਂ, ਦਿਆਲਗੜ੍ਹ ਜੇਜੀਆਂ ਅਤੇ ਛਾਹੜ੍ਹ ਆਦਿ ’ਚ ਚੋਣ ਪ੍ਰਚਾਰ ਕੀਤਾ ਅਤੇ ਵੱਖ ਵੱਖ ਥਾਂਵਾਂ ’ਤੇ ਜਨ ਸਭਾਵਾਂ ਨੂੰ ਵੀ ਸੰਬੋਧਨ ਕੀਤਾ।

‘ਆਪ’ ਉਮੀਦਵਾਰ ਗੁਰਮੇਲ ਸਿੰਘ ਨੇ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਆਮ ਆਦਮੀ ਪਾਰਟੀ ਦਾ ਉਦੇਸ਼ ਰਾਜਨੀਤਿਕ ਪਰਿਵਰਤਨ ਦੇ ਨਾਲ ਨਾਲ ਪ੍ਰਸ਼ਾਸਨਿਕ ਅਤੇ ਆਰਥਿਕ ਪਰਿਵਰਤਨ ਕਰਨਾ ਵੀ ਹੈ। ਸੰਗਰੂਰ ਹਲਕੇ ਦੇ ਲੋਕਾਂ ਨੇ 2014 ’ਚ (ਮੁੱਖ ਮੰਤਰੀ) ਭਗਵੰਤ ਮਾਨ ਨੂੰ ਭਾਰੀ ਬਹੁਮਤ ਨਾਲ ਜਿੱਤਾ ਕੇ ਸੂਬੇ ’ਚ ਸਿਆਸੀ ਪਰਿਵਰਤਨ ਲਿਆਂਦਾ ਸੀ, ਜਿਸ ਕਾਰਨ ਪੰਜਾਬ ਵਾਸੀਆਂ ਨੇ ਵੀ 2022 ’ਚ ਸੂਬੇ ’ਚ ਵੱਡਾ ਪਰਿਵਾਰਤਨ ਲਿਆ ਕੇ ਪੂਰੇ ਦੇਸ਼ ’ਚ ਆਮ ਆਦਮੀ ਪਾਰਟੀ ਦਾ ਝੰਡਾ ਬੁਲੰਦ ਕਰ ਦਿੱਤਾ।’ ਉਨ੍ਹਾਂ ਕਿਹਾ ਕਿ ਸੰਗਰੂਰ ਦੇ ਲੋਕਾਂ ਦੇ ਅਸੀਰਵਾਦ ਨਾਲ ਜਿਵੇਂ ਭਗਵੰਤ ਮਾਨ ਸੰਸਦ ਵਿੱਚ ਆਮ ਲੋਕਾਂ ਦੀ ਆਵਾਜ਼ ਬਣ ਕੇ ਗਰਜਦੇ ਰਹੇ ਹਨ, ਉਸੇ ਤਰ੍ਹਾਂ ਉਹ (ਗੁਰਮੇਲ ਸਿੰਘ) ਵੀ ਲੋਕਾਂ ਦੀ ਆਵਾਜ਼ ਬਣਨਗੇ। ਇਸ ਲਈ ਹਲਕੇ ਦੇ ਸੂਝਵਾਨ ਵੋਟਰ ਆਪਣੀ ਇੱਕ ਇੱਕ ਕੀਮਤੀ ਵੋਟ ‘ਝਾੜੂ’ ਦੇ ਨਿਸ਼ਾਨ ’ਤੇ ਪਾ ਕੇ ਲੋਕ ਸਭਾ ’ਚ ਸੰਗਰੂਰ ਦੀ ਆਵਾਜ਼ ਨੂੰ ਜ਼ਰੂਰ ਬੁਲੰਦ ਕਰਨਗੇ।

ਗੁਰਮੇਲ ਸਿੰਘ ਨੇ ਕਿਹਾ ਕਿ ਪੰਜਾਬ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ ਸਰਕਾਰ’ ਹਰ ਦਿਨ ਲੋਕ ਹਿਤੈਸ਼ੀ ਫ਼ੈਸਲੇ ਕਰ ਰਹੀ ਹੈ। ਸੂਬੇ ’ਚੋਂ ਭ੍ਰਿਸ਼ਟਾਚਾਰ ਖ਼ਤਮ ਕਰਨ ਦੇ ਨਾਲ ਨਾਲ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜੇ ਛੁਡਵਾ ਰਹੀ ਹੈ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਨੌਕਰੀਆਂ, ਕਿਸਾਨਾਂ ਨੂੰ ਫ਼ਸਲਾਂ ’ਤੇ ਐਮ.ਐਸ.ਪੀ, ਗਰੀਬ ਪਰਿਵਾਰਾਂ ਦੇ ਘਰ ’ਤੇ ਰਾਸ਼ਣ ਪਹੁੰਚਾਉਣ ਦੇ ਨਿਰਣਾਇਕ ਫ਼ੈਸਲੇ ਵੀ ਲਾਗੂ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਿਹੜੇ ਕੰਮ ਸੰਸਦ ਮੈਂਬਰ ਵਜੋਂ ਕੀਤੇ ਜਾਣੇ ਹਨ, ਉਹ ਸੰਸਦ ’ਚ ਪਹੁੰਚ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ’ਚ ਜ਼ਰੂਰ ਕਰਨਗੇ , ਜਿਸ ਨਾਲ ਪੰਜਾਬ ਦੇ ਹਰ ਖੇਤਰ ’ਚ ਤਰੱਕੀ ਹੋਵੇਗੀ ਅਤੇ ਲੋਕਾਂ ਦੇ ਘਰਾਂ ’ਚ ਖੁਸ਼ਹਾਲੀ ਆਵੇਗੀ।

 

ਹੋਰ ਪੜ੍ਹੋ :- ਐਡਵਾਂਸਡ ਫੋਮ ਸਕਲੈਰੋਥੈਰੇਪੀ ਅਤੇ ਲੇਜਰ ਨਾਲ ਗੰਭੀਰ ਵੈਰੀਕੋਜ ਨਸਾਂ ਦੇ ਮਰੀਜ਼ਾਂ ਦਾ ਇਲਾਜ ਸੰਭਵ : ਡਾ. ਰਾਵੁਲ ਜਿੰਦਲ