— ਡਿਪਟੀ ਕਮਿਸ਼ਨਰ ਨੇ ਕੀਤੀ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ
— ਪਰਾਲੀ ਸਾੜਨ ਨਾਲ ਜਮੀਨ ਦੇ ਉਪਜਾਊ ਤੱਤ ਹੋ ਜਾਂਦੇ ਹਨ ਨਸ਼ਟ
ਫਾਜਿ਼ਲਕਾ, 10 ਨਵੰਬਰ :- ਝੋਨੇ ਦੀ ਪਰਾਲੀ ਸਾੜਨ ਦੀ ਪ੍ਰਥਾ ਨੂੰ ਬੰਦ ਕਰਨ ਲਈ ਜਿ਼ਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਦੀਆਂ ਕੋਸਿ਼ਸਾਂ ਵਿਚ ਕਿਸਾਨ ਵੀਰਾਂ ਤੋਂ ਵੀ ਸਹਿਯੋਗ ਮਿਲ ਰਿਹਾ ਹੈ ਅਤੇ ਪਿੱਛਲੇ ਸਾਲ ਦੇ ਮੁਕਾਬਲੇ ਹੁਣ ਤੱਕ ਜਿਆਦਾ ਰਕਬੇ ਵਿਚ ਪਰਾਲੀ ਨੂੰ ਬਿਨ੍ਹਾਂ ਸਾੜੇ ਇਸ ਦਾ ਨਿਪਟਾਰਾ ਕੀਤਾ ਗਿਆ ਹੈ। ਜਦ ਕਿ ਜਿੱਥੇ ਕਿਤੇ ਕੋਈ ਕਿਸਾਨ ਪਰਾਲੀ ਸਾੜਦਾ ਹੈ ਤਾਂ ਉਸ ਨੂੰ ਸਮਝਾਉਣ ਲਈ ਵੀ ਉਪਰਾਲੇ ਹੋ ਰਹੇ ਹਨ।ਅਜਿਹਾ ਹੀ ਮਾਮਲੇ ਫਾਜਿ਼ਲਕਾ ਨੇੜੇ ਸੈਣੀਆਂ ਰੋਡ ਅਤੇ ਬਾਧਾ ਰੋਡ ਤੇ ਸਾਹਮਣੇ ਆਏ ਸੀ ਜਿੱਥੇ ਪਰਾਲੀ ਸਾੜੇ ਜਾਣ ਦਾ ਪਤਾ ਲੱਗਣ ਤੇ ਨਗਰ ਕੌਂਸਲ ਫਾਜਿ਼ਲਕਾ ਦੀ ਟੀਮ ਨੇ ਕਾਰਜ ਸਾਧਕ ਅਫ਼ਸਰ ਮੰਗਤ ਕੁਮਾਰ ਦੀ ਅਗਵਾਈ ਵਿਚ ਤੇਜੀ ਨਾਲ ਕਾਰਵਾਈ ਕੀਤੀ ਅਤੇ ਖੇਤੀਬਾੜੀ ਵਿਭਾਗ ਦੀ ਟੀਮ ਨੂੰ ਲੈ ਕੇ ਮੌਕੇ ਤੇ ਫਾਇਰ ਬ੍ਰਿਗੇਡ ਲੈ ਜਾ ਕੇ ਪਰਾਲੀ ਨੁੂੰ ਲਗਾਈ ਅੱਗ ਬੁਝਾਈ।
ਦੂਜ਼ੇ ਪਾਸੇ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾਗਰੂਕਤਾ ਮੁਹਿੰਮ ਤੇ ਚੰਗੇ ਨਤੀਜੇ ਨਿਕਲੇ ਹਨ ਅਤੇ ਇਸ ਵਾਰ ਜਿਆਦਾਤਰ ਕਿਸਾਨ ਖੇਤੀਬਾੜੀ ਵਿਭਾਗ ਵੱਲੋਂ ਦੱਸੇ ਤਰੀਕਿਆਂ ਨਾਲ ਹੀ ਪਰਾਲੀ ਦੀ ਸੰਭਾਲ ਕਰ ਰਹੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕਰਦਿਆਂ ਕਿਹਾ ਕਿ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ।
ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਰਾਜਿੰਦਰ ਕੰਬੋਜ਼ ਨੇ ਕਿਹਾ ਕਿ ਪਰਾਲੀ ਸਾੜਨ ਨਾਲ ਸਾਡੀ ਜਮੀਨ ਦੇ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ ਅਤੇ ਮਨੁੱਖੀ ਸਿਹਤ ਸਮੇਤ ਵਾਤਾਵਰਨ ਤੇ ਮਾੜਾ ਅਸਰ ਪੈਂਦਾ ਹੈ। ਇਸ ਲਈ ਕਿਸਾਨਾਂ ਨੂੰ ਪਰਾਲੀ ਨੂੰ ਬਿਨ੍ਹਾਂ ਸਾੜੇ ਸੁਪਰ ਸੀਡਰ ਜਾਂ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਨੀ ਚਾਹੀਦੀ ਹੈ।

English






