ਸਾਰਾ ਸਮਾਂ ਹਲਕੇ ਦੇ ਲੋਕਾਂ ਦੀ ਸੇਵਾ ਵਿੱਚ ਲਾਵਾਂਗਾ
ਸੈਕਟਰ-39 ਵੈਸਟ ਵਿੱਚ ਬਣਨ ਵਾਲੇ ਕਮਿਊਨਿਟੀ ਸੈਂਟਰ ਲਈ 10 ਲੱਖ ਦਾ ਚੈੱਕ ਦਿੱਤਾ
ਮੋਹਾਲੀ, 28 ਸਤੰਬਰ 2021
ਸਾਬਕਾ ਕੈਬਨਿਟ ਮੰਤਰੀ ਤੇ ਮੋਹਾਲੀ ਹਲਕੇ ਤੋਂ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਮੋਹਾਲੀ ਹਲਕੇ ਦੇ ਲੋਕ ਉਨ੍ਹਾਂ ਦੀ ਅਸਲ ਤਾਕਤ ਹਨ ਅਤੇ ਉਹ ਹੁਣ ਆਪਣਾ ਸਾਰਾ ਸਮਾਂ ਹਲਕੇ ਦੇ ਲੋਕਾਂ ਦੀ ਸੇਵਾ ਵਿੱਚ ਲਾਉਣਗੇ।
ਹੋਰ ਪੜ੍ਹੋ :-ਕਲੀਨ ਇੰਡੀਆ ਮੁਹਿੰਮ ਤਹਿਤ ਹਰ ਪਿੰਡ ਵਿਚੋਂ ਇਕ ਮਣ ਪਲਾਸਟਿਕ ਕਚਰਾ ਇੱਕਠਾ ਕੀਤਾ ਜਾਵੇਗਾ
ਇੱਥੇ ਪਿੰਡ ਬਹਿਲੋਲਪੁਰ ਦੀ ਪੰਚਾਇਤ ਨੂੰ ਸੈਕਟਰ-39 ਵੈਸਟ ਵਿੱਚ ਬਣਨ ਵਾਲੇ ਕਮਿਊਨਿਟੀ ਸੈਂਟਰ ਦੀ ਉਸਾਰੀ ਲਈ 10 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਸੌਂਪਦਿਆਂ ਸ. ਸਿੱਧੂ ਨੇ ਕਿਹਾ ਕਿ ਪਹਿਲਾਂ ਕੈਬਨਿਟ ਮੰਤਰੀ ਹੁੰਦਿਆਂ ਉਨ੍ਹਾਂ ਦੀ ਪੂਰੀ ਕੋਸ਼ਿਸ਼ ਰਹਿੰਦੀ ਸੀ ਕਿ ਹਲਕੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਸਮਾਂ ਦੇਵਾਂ ਪਰ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਹੋਣ ਕਾਰਨ ਹਲਕੇ ਨੂੰ ਉਨਾ ਸਮਾਂ ਨਹੀਂ ਦੇ ਸਕਦੇ ਸਨ। ਇਸ ਲਈ ਪਰਿਵਾਰਕ ਮੈਂਬਰ ਤੇ ਹੋਰ ਸਾਥੀ ਹਲਕੇ ਦੀ ਸੇਵਾ ਵਿੱਚ ਉਨ੍ਹਾਂ ਦਾ ਹੱਥ ਵਟਾਉਂਦੇ ਸਨ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਵਜੋਂ ਕੋਵਿਡ ਦੌਰਾਨ ਤਾਂ ਪੂਰੇ ਸੂਬੇ ਵਿੱਚ ਮਿਆਰੀ ਸਿਹਤ ਸਹੂਲਤਾਂ ਜਾਰੀ ਰੱਖਣੀਆਂ ਇਕ ਚੁਣੌਤੀ ਸੀ, ਜਿਸ ਨੂੰ ਉਨ੍ਹਾਂ ਚੰਗੀ ਤਰ੍ਹਾਂ ਨਿਭਾਇਆ। ਇਨ੍ਹਾਂ ਰੁਝੇਵਿਆਂ ਕਾਰਨ ਹਲਕੇ ਦੇ ਲੋਕਾਂ ਲਈ ਬਹੁਤ ਘੱਟ ਸਮਾਂ ਬਚਦਾ ਸੀ।
ਵਿਧਾਇਕ ਸ. ਸਿੱਧੂ ਨੇ ਕਿਹਾ ਕਿ ਹੁਣ ਉਹ ਆਪਣਾ ਸਾਰਾ ਧਿਆਨ ਹਲਕੇ ਦੇ ਲੋਕਾਂ ਤੇ ਪਿੰਡਾਂ ਤੇ ਸ਼ਹਿਰਾਂ ਵਿੱਚ ਸਹੂਲਤਾਂ ਉਪਰ ਕੇਂਦਰਤ ਕਰਨਗੇ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਹਲਕੇ ਦੇ ਪਿੰਡ-ਪਿੰਡ ਦਾ ਦੌਰਾ ਕਰਨਗੇ ਅਤੇ ਚੱਲ ਰਹੇ ਤੇ ਮੁਕੰਮਲ ਹੋਏ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣਗੇ ਤੇ ਰਹਿੰਦੇ ਕਾਰਜਾਂ ਨੂੰ ਆਪਣੀ ਨਿਗਰਾਨੀ ਵਿੱਚ ਮੁਕੰਮਲ ਕਰਵਾਉਣਗੇ।
ਇਸ ਮੌਕੇ ਉਨ੍ਹਾਂ ਨਾਲ ਖਰੜ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਪਿੰਡ ਬਹਿਲੋਲਪੁਰ ਦੇ ਸਰਪੰਚ ਮਨਜੀਤ ਸਿੰਘ ਰਾਣਾ, ਰਾਜਿੰਦਰ ਸਿੰਘ ਬਾਠ, ਮੁਕੇਸ਼ ਜੈਨ, ਐਮ.ਆਰ. ਪੁਰੀ, ਐਸ.ਐਲ. ਸ਼ਰਮਾ, ਜੀ.ਐਸ. ਸਿੱਧੂ, ਮਨਵੀਰ ਬਾਠ, ਓ.ਐਸ. ਬਟਾਲਵੀ, ਕ੍ਰਿਸ਼ਨ ਨੰਬਰਦਾਰ ਅਤੇ ਜੀ.ਸੀ. ਚੋਪੜਾ ਹਾਜ਼ਰ ਸਨ।

English






