ਮੈਡੀਕਲ ਕਾਲਜ ਮੋਹਾਲੀ ਵਿਖੇ ਸਰੀਰ ਕਿਰਿਆ ਵਿਗਿਆਨ ਤੇ ਕਾਨਫਰੰਸ ਕਰਵਾਈ ਗਈ

ਐਸ ਏ ਐਸ ਨਗਰ, 26 ਨਵੰਬਰ, 2023:

ਡਾ. ਬੀ ਆਰ ਅੰਬੇਦਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਦੇ ਸਰੀਰ ਕਿਰਿਆ ਵਿਗਿਆਨ ਵਿਭਾਗ ਵੱਲੋਂ ਡਾਇਰੈਕਟਰ ਪ੍ਰਿੰਸੀਪਲ ਡਾ.  ਭਵਨੀਤ ਭਾਰਤੀ ਦੀ ਅਗਵਾਈ ਹੇਠ  ‘ਐਕਸਸਰਾਈਜ਼ ਫਿਜ਼ੀਓਲੋਜੀ ਇਨ ਹੈਲਥ ਐਂਡ ਸਿਕਨੈਸ’ ਵਿਸ਼ੇ ‘ਤੇ ਇਕ ਦਿਨਾ ਕਾਨਫਰੰਸ ਕਰਵਾਈ ਗਈ।

ਕਾਨਫ਼ਰੰਸ ਚ ਮੁੱਖ ਮਹਿਮਾਨ ਵਜੋਂ ਪੁੱਜੇ ਡਾ. ਅਵਨੀਸ਼ ਕੁਮਾਰ, ਡਾਇਰੈਕਟਰ ਮੈਡੀਕਲ ਸਿੱਖਿਆ ਅਤੇ ਖੋਜ, ਪੰਜਾਬ, ਨੇ  ਆਪਣੇ ਸੰਬੋਧਨ ਵਿੱਚ ਸਰੀਰਕ ਗਤੀਵਿਧੀ ਅਤੇ ਕਸਰਤ ਦੇ  ਇੱਕ ਵਿਅਕਤੀ ਦੀ ਸਮੁੱਚੀ ਸਿਹਤ ਅਤੇ ਤੰਦਰੁਸਤੀ ‘ਤੇ ਪੈਂਦੇ ਪ੍ਰਭਾਵ ਬਾਰੇ ਚਾਨਣਾ ਪਾਇਆ। ਡਾ. ਸੁਚੇਤ ਤ੍ਰਿਗੋਤਰਾ, ਪ੍ਰੋਫੈਸਰ ਅਤੇ ਮੁਖੀ, ਸਰੀਰ ਕਿਰਿਆ ਵਿਗਿਆਨ ਵਿਭਾਗ ਨੇ ਕਿਹਾ ਕਿ ਇਸ ਕਾਨਫਰੰਸ ਦਾ ਮੁੱਖ ਉਦੇਸ਼ ਸਿਹਤ ਅਤੇ ਤੰਦਰੁਸਤੀ ਲਈ ਨਿਯਮਤ ਸਰੀਰਕ ਗਤੀਵਿਧੀਆਂ ਅਤੇ ਕਸਰਤ ਨੂੰ ਉਤਸ਼ਾਹਿਤ ਕਰਨਾ ਸੀ।
ਕਾਨਫਰੰਸ ਵਿੱਚ ਪੰਜਾਬ, ਗੁਜਰਾਤ, ਰਾਜਸਥਾਨ, ਜੰਮੂ ਅਤੇ ਹਿਮਾਚਲ ਪ੍ਰਦੇਸ਼ ਦੀਆਂ ਵੱਖ-ਵੱਖ ਸੰਸਥਾਵਾਂ ਤੋਂ 115 ਤੋਂ ਵੱਧ ਡੈਲੀਗੇਟਾਂ ਨੇ ਸ਼ਿਰਕਤ ਕੀਤੀ ਅਤੇ ਮਾਹਿਰਾਂ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਵੱਲੋਂ 12 ਵਿਗਿਆਨਕ ਪੇਪਰ ਪੇਸ਼ ਕੀਤੇ ਗਏ।    ਇਸ ਕਾਨਫਰੰਸ ਨੇ ਬੁਨਿਆਦੀ ਸਰੀਰ ਵਿਗਿਆਨ ਤੋਂ ਲੈ ਕੇ ਜੀਵਨਸ਼ੈਲੀ ਵਿਕਾਰ ਦੇ ਕਲੀਨਿਕਲ ਪ੍ਰਬੰਧਨ ਤੱਕ ਕਸਰਤ ਅਤੇ ਖੇਡਾਂ ਦੇ ਖੇਤਰ ਵਿੱਚ ਵਿਭਿੰਨ ਸੂਝ ਅਤੇ ਨਵੀਨਤਮ ਪ੍ਰੈਕਟੀਕਲ ਗਿਆਨ ਲਈ ਇੱਕ ਪਲੇਟਫਾਰਮ ਪ੍ਰਦਾਨ ਕੀਤਾ।