ਨਾਮੀ ਕੰਪਨੀਆਂ ਵੱਲੋਂ ਕੀਤੀ ਜਾਵੇਗੀ ਸ਼ਿਰਕਤ, 10ਵੀਂ ਤੇ 12ਵੀਂ ਪਾਸ ਉਮੀਦਵਾਰ ਲੈ ਸਕਦੇ ਨੇ ਭਾਗ
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਨੌਜਵਾਨਾਂ ਨੂੰ ਪਲੇਸਮੈਂਟ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਦਾ ਸੱਦਾ
ਜਲੰਧਰ, 22 ਨਵੰਬਰ :-
ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਯੋਜਨਾ ਅਧੀਨ 26 ਅਤੇ 29 ਨਵੰਬਰ 2022 ਨੂੰ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਯੋਜਨਾ ਤਹਿਤ ਪੇਂਡੂ ਖੇਤਰਾਂ ਦੇ 10ਵੀਂ ਅਤੇ 12ਵੀਂ ਪਾਸ ਨੌਜਵਾਨਾਂ ਨੂੰ ਵੱਖ-ਵੱਖ ਹੁਨਰ ਕੋਰਸਾਂ ਵਿੱਚ ਸਿਖਲਾਈ ਦੇਣ ਉਪਰੰਤ ਰੋਜ਼ਗਾਰ ਮੁਹੱਈਆ ਕਰਵਾਉਣ ਲਈ 26 ਨਵਬੰਰ ਨੂੰ ਨੈਸ਼ਨਲ ਪੈਰਾ ਮੈਡੀਕਲ ਸਾਇੰਸਿਜ਼ ਸੁਸਾਇਟੀ, ਜਨਤਾ ਕਾਲਜ ਭੋਗਪੁਰ ਵਿਖੇ ਸਥਿਤ ਸਕਿੱਲ ਸੈਂਟਰ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕਰਾਊਨ ਲੈਂਡਬੋਅ, ਕੰਡੀ ਏਰੀਆ ਫਰੂਟਸ ਅਤੇ ਹਰਬਲ ਪ੍ਰੋਸੈਸਿੰਗ ਸੁਸਾਇਟੀ, ਸਨਰਾਈਜ਼ ਫਾਰਮਰ ਪ੍ਰੋਡਿਊਸਰਜ਼, ਜੈਨਵੀ ਇੰਡਸਟ੍ਰੀਜ਼ ਪ੍ਰਾਈਵੇਟ ਲਿਮਟਿਡ, ਏਸ਼ੀਅਨਲਕ ਹੈਲਥਨ ਫੂਡਜ਼ ਲਿਮਟਿਡ ਅਤੇ ਸਨਰਾਈਜ਼ ਰੂਰਲ ਮਾਰਟ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਕੈਂਪ ਵਿੱਚ ਸ਼ਿਰਕਤ ਕੀਤੀ ਜਾਵੇਗੀ ਅਤੇ ਪੈਕਰਜ਼ ਦੇ ਜੋਬ ਰੋਲ ਲਈ 70 ਅਸਾਮੀਆਂ ਵਾਸਤੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।
ਇਸੇ ਤਰ੍ਹਾਂ 29 ਨਵਬੰਰ ਨੂੰ ਓਮ ਵਿਜੇ ਚੈਰੀਟੇਬਲ ਟਰੱਸਟ, ਯੁਨਾਈਟਿਡ ਕ੍ਰਿਸ਼ੀਚੀਅਨ ਕਾਲਜ, ਸੂਰਾਨੁੱਸੀ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਸਨਰਾਈਜ਼ ਹੋਟਲ, ਇਨੋਵੇਸ਼ਨ ਏ.ਐਲ. ਟ੍ਰੇਨਿੰਗ ਇੰਸਟੀਚਿਊਟ, ਤਾਜ ਹੋਟਲ (ਨਰਵਾਨਾ), ਦਿ ਲੇਕ ਵਿਊ ਹੋਟਲ (ਕੇ.ਯੂ.ਕੇ.) ਅਤੇ ਦਿ ਸੈਕਿੰਡ ਵਾਈਫ (ਅੰਬਾਲਾ) ਵੱਲੋਂ ਹਿੱਸਾ ਲਿਆ ਜਾਵੇਗਾ ਅਤੇ ਅਸਿਸਟੈਂਟ ਡਿਜ਼ਾਈਨਰ ਅਤੇ ਅਸਿਸਟੈਂਟ ਸ਼ੈਫ ਦੀਆਂ 115 ਅਸਾਮੀਆਂ ਲਈ ਨੌਜਵਾਨਾਂ ਦੀ ਚੋਣ ਕੀਤੀ ਜਾਵੇਗੀ।
ਯੋਗ ਨੌਜਵਾਨਾਂ ਨੂੰ ਇਨ੍ਹਾਂ ਪਲੇਸਮੈਂਟ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਦਾ ਸੱਦਾ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ 10ਵੀਂ ਅਤੇ 12ਵੀਂ ਪਾਸ ਉਮੀਦਵਾਰ ਇਨ੍ਹਾਂ ਕੈਂਪਾਂ ਵਿੱਚ ਭਾਗ ਲੈ ਸਕਦੇ ਹਨ। ਉਨ੍ਹਾਂ ਚਾਹਵਾਨ ਉਮੀਦਵਾਰਾਂ ਨੂੰ ਕੈਂਪਾਂ ਵਿੱਚ ਆਪਣੀ ਯੋਗਤਾ ਦੇ ਅਸਲ ਸਰਟੀਫਿਕੇਟ ਨਾਲ ਲੈ ਕੇ ਆਉਣ ਲਈ ਕਿਹਾ।

English






