ਪੰਜ ਸਾਲ ਤਕ ਦੇ ਬੱਚਿਆਂ ਦੀਆਂ ਮੌਤਾਂ ਦਾ ਵੱਡਾ ਕਾਰਨ ਨਿਮੋਨੀਆ : ਸਿਵਲ ਸਰਜਨ

‘ਸਾਂਸ’ ਪ੍ਰੋਗਰਾਮ ਤਹਿਤ ਡਾਕਟਰਾਂ ਤੇ ਨਰਸਾਂ ਲਈ ਕਰਵਾਇਆ ਗਿਆ ਜ਼ਿਲ੍ਹਾ ਪੱਧਰੀ ਟਰੇਨਿੰਗ ਪ੍ਰੋਗਰਾਮ
ਐਸ.ਏ.ਐਸ. ਨਗਰ, 12  ਨਵੰਬਰ : ਬੱਚਿਆਂ ਅੰਦਰ ਨਿਮੋਨੀਆ ਦੀ ਜਾਂਚ ਅਤੇ ਇਲਾਜ ਸਬੰਧੀ ਸਥਾਨਕ ਡਾ. ਬੀ.ਆਰ. ਅੰਬੇਦਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਵਿਚ ਜ਼ਿਲ੍ਹਾ ਪੱਧਰੀ ਇਕ-ਦਿਨਾ ਟਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਮੈਡੀਕਲ ਕਾਲਜ ਦੇ ਪਿ੍ਰੰਸੀਪਲ ਡਾ. ਭਵਨੀਤ ਕੌਰ ਦੀ ਅਗਵਾਈ ਹੇਠ ਹੋਏ ਪ੍ਰੋਗਰਾਮ ਵਿਚ ਡਾਕਟਰਾਂ, ਕਮਿਊਨਿਟੀ ਸਿਹਤ ਅਧਿਕਾਰੀਆਂ ਅਤੇ ਏ.ਐਨ.ਐਮਜ਼ ਨੇ ਹਿੱਸਾ ਲਿਆ। ਟਰੇਨਿੰਗ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਆਦਰਸ਼ਪਾਲ ਕੌਰ ਨੇ ਕਿਹਾ ਕਿ ਨਿਮੋਨੀਆ ਦੀ ਰੋਕਥਾਮ ਲਈ ਨਵੰਬਰ ਮਹੀਨੇ ਦੌਰਾਨ ਸੂਬਾ ਭਰ ਵਿਚ ‘ਸੋਸ਼ਲ ਅਵੇਰਨੈੱਸ ਐਂਡ ਐਕਸ਼ਨ ਟੂ ਨਿਊਟਰਲਾਈਜ਼ ਨਿਮੋਨੀਆ ਸਕਸੈਸਫ਼ੁਲੀ’ ਜਿਸ ਨੂੰ ‘ਐਸ.ਏ.ਏ.ਐਨ.ਐਸ (ਸਾਂਸ) ਕਿਹਾ ਜਾਂਦਾ ਹੈ, ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਬੱਚਿਆਂ ਅੰਦਰ ਨਿਮੋਨੀਆ ਜਿਹੀ ਜਾਨਲੇਵਾ ਬੀਮਾਰੀ ਨੂੰ ਰੋਕਣਾ ਹੈ ਅਤੇ ਜੇ ਕਿਸੇ ਕਾਰਨ ਇਹ ਬੀਮਾਰੀ ਲੱਗ ਜਾਂਦੀ ਹੈ ਤਾਂ ਉਸ ਦੀ ਸਮੇਂ ਸਿਰ ਪਛਾਣ, ਜਾਂਚ ਅਤੇ ਇਲਾਜ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਨੂੰ ਅਪਣਾ ਕੇ ਜ਼ਿਲ੍ਹੇ ਵਿਚ ਪੰਜ ਸਾਲ ਤਕ ਦੇ ਬੱਚਿਆਂ ਦੀ ਮੌਤ ਦਰ ਵਿਚ ਕਮੀ ਲਿਆਂਦੀ ਜਾ ਸਕਦੀ ਹੈ। ਉਨ੍ਹਾਂ ਦਸਿਆ ਕਿ ਦੇਸ਼ ਵਿਚ ਪੰਜ ਸਾਲ ਤੋਂ ਘੱਟ ਉਮਰ ਦੇ 15 ਫ਼ੀਸਦੀ ਬੱਚਿਆਂ ਦੀ ਮੌਤ ਨਿਮੋਨੀਆ ਕਾਰਨ ਹੁੰਦੀ ਹੈ। ਨਿਮੋਨੀਆ ਦੀ ਸਮੇਂ ਸਿਰ ਪਛਾਣ ਤੇ ਇਲਾਜ ਕਰ ਕੇ ਬੱਚਿਆਂ ਦੀ ਮੌਤ ਨੂੰ ਰੋਕਿਆ ਜਾ ਸਕਦਾ ਹੈ। ਇਸ ਲਈ ਸਾਂਸ ਟਰੇਨਿੰਗ ਬਹੁਤ ਜ਼ਰੂਰੀ ਹੈ। ਉਨ੍ਹਾਂ ਦਸਿਆ ਕਿ ਬੱਚਿਆਂ ਨੂੰ ਮਾਂ ਦਾ ਦੁੱਧ ਪਿਲਾਉਣ ਅਤੇ ਸੰਪੂਰਨ ਪੌਸ਼ਟਿਕ ਖ਼ੁਰਾਕ ਦੇਣ ਤੋਂ ਇਲਾਵਾ ਵਿਟਾਮਿਨ ਏ ਦਾ ਘੋਲ ਦੇਣ ਦੇ ਨਾਲ-ਨਾਲ ਟੀਕਾਕਰਨ ’ਤੇ ਧਿਆਨ ਦੇ ਕੇ ਬੱਚਿਆਂ ਦੀ ਮੌਤ ਦਰ ਨੂੰ ਘੱਟ ਕੀਤਾ ਜਾ ਸਕਦਾ ਹੈ।
    ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗਿਰੀਸ਼ ਡੋਗਰਾ ਨੇ ਕਿਹਾ ਕਿ ਬੱਚਿਆਂ ਦੀਆਂ ਨਿਮੋਨੀਆ ਨਾਲ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਵਿਚ ਸਾਂਸ ਪ੍ਰੋਗਰਾਮ ਬਹੁਤ ਕਾਰਗਰ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਟਰੇਨਿੰਗ ਤੋਂ ਬਾਅਦ ਸਿਹਤ ਸੰਭਾਲ ਕਾਮਿਆਂ ਦੁਆਰਾ ਬੱਚਿਆਂ ਨੂੰ ਨਿਮੋਨੀਆ ਤੋਂ ਬਚਾਅ ਲਈ ਸਥਾਨਕ ਭਾਈਚਾਰੇ ਨੂੰ ਜਾਗਰੂਕ ਕੀਤਾ ਜਾਵੇਗਾ। ਟਰੇਨਿੰਗ ਪ੍ਰੋਗਰਾਮ ਵਿਚ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗਿਰੀਸ਼ ਡੋਗਰਾ, ਸਹਾਇਕ ਪ੍ਰੋਫੈਸਰ ਡਾ. ਅਮਰਪ੍ਰੀਤ ਕੌਰ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਅਫ਼ਸਰ ਗੁਰਦੀਪ ਕੌਰ ਆਦਿ ਮੌਜੂਦ ਸਨ।