ਗੁਰੂ ਗ੍ਰੰਥ ਸਾਹਿਬ ਜੀ ਦੀ ਢਾਲ ਲੈ ਕੇ ਪੁਲਿਸ ‘ਤੇ ਹਮਲਾ, ਪੰਜਾਬ ਪੁਲਿਸ ਵੱਲੋਂ ਸੰਜਮ ਨਾਲ ਕੀਤਾ ਕੰਮ ਸ਼ਲਾਘਾਯੋਗ: ਕੁਲਦੀਪ ਧਾਲੀਵਾਲ

Kuldeep Dhaliwal
ਗੁਰੂ ਗ੍ਰੰਥ ਸਾਹਿਬ ਜੀ ਦੀ ਢਾਲ ਲੈ ਕੇ ਪੁਲਿਸ 'ਤੇ ਹਮਲਾ, ਪੰਜਾਬ ਪੁਲਿਸ ਵੱਲੋਂ ਸੰਜਮ ਨਾਲ ਕੀਤਾ ਕੰਮ ਸ਼ਲਾਘਾਯੋਗ: ਕੁਲਦੀਪ ਧਾਲੀਵਾਲ

ਚੰਡੀਗੜ੍ਹ, 24 ਫਰਵਰੀ 2023

ਪੰਜਾਬ ਸਰਕਾਰ ਦੇ ਮੰਤਰੀ ਕੁਲਦੀਪ ਧਾਲੀਵਾਲ ਨੇ ਸ਼ੁੱਕਰਵਾਰ ਨੂੰ ਵਿਰੋਧੀ ਧਿਰ ‘ਤੇ ਮਾਨ ਸਰਕਾਰ ਦੇ ਸਾਫ਼ ਅਕਸ ਨੂੰ ਢਾਹ ਲਾਉਣ ਅਤੇ ਭੰਡੀ ਪ੍ਰਚਾਰ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਸਥਿਰ ਹੈ।

ਹੋਰ ਪੜ੍ਹੋ – ਅਜਨਾਲਾ ਹਮਲੇ ’ਚ ਬੇਅਦਬੀ ਕਦੇ ਵੀ ਮੁਆਫ ਨਹੀਂ ਕੀਤੀ ਜਾ ਸਕਦੀ : ਸੁਖਬੀਰ ਸਿੰਘ ਬਾਦਲ

ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੰਤਰੀ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਸਾਰੇ ਸਮਾਜ ਵਿਰੋਧੀ ਅਨਸਰਾਂ ਨਾਲ ਪੂਰੀ ਸਖ਼ਤੀ ਨਾਲ ਨਿਪਟਿਆ ਜਾਵੇਗਾ।

ਮੰਤਰੀ ਨੇ ਵੀਰਵਾਰ ਨੂੰ ਅਜਨਾਲਾ ਵਿਖੇ ਹਿੰਸਕ ਪ੍ਰਦਰਸ਼ਨ ਦੌਰਾਨ ਸਥਿਤੀ ਨੂੰ ਸਮਝਦਾਰੀ ਨਾਲ ਸੰਭਾਲਣ ਲਈ ਪੰਜਾਬ ਪੁਲਿਸ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਸੀਂ ਪੰਜਾਬ ਪੁਲਿਸ ਦੇ ਸਾਰੇ ਜਵਾਨਾਂ ਨੂੰ ਸਲਾਮ ਕਰਦੇ ਹਾਂ। ਉਨ੍ਹਾਂ ਸਪੱਸ਼ਟ ਕਿਹਾ ਕਿ ਇਸ ਮੰਦਭਾਗੀ ਘਟਨਾ ਲਈ ਜ਼ਿੰਮੇਵਾਰ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਪੰਜਾਬ ਪੁਲਿਸ ਕਾਨੂੰਨ ਤੋੜਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠੇਗੀ।

ਧਾਲੀਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਮਾਨ ਸਰਕਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਰਾਖੀ ਕਰਨਾ ਸਾਡਾ ਸਭ ਤੋਂ ਵੱਡਾ ਫਰਜ਼ ਹੈ ਅਤੇ ਅਸੀਂ ਇਸ ਫਰਜ਼ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵਾਂਗੇ।

ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਅਮਨ-ਕਾਨੂੰਨ ਬਾਰੇ ਝੂਠੇ ਦਾਅਵੇ ਕਰਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੰਜਾਬ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਮੁੱਖ ਮੰਤਰੀ ਮਾਨ ਦੀ ਅਗਵਾਈ ਵਿੱਚ ਅਪਰਾਧ ਦਰ ਵਿੱਚ ਕਮੀ ਆਈ ਹੈ।

ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ‘ਤੇ ਪੂਰਾ ਭਰੋਸਾ ਹੈ। ਉਨ੍ਹਾਂ ਦੀ ਅਗਵਾਈ ਵਿੱਚ ਸਰਕਾਰ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਸਾਰੇ ਸ਼ਰਾਰਤੀ ਅਨਸਰਾਂ ਨਾਲ ਨਜਿੱਠਣ ਵਿੱਚ ਪੂਰੀ ਤਰ੍ਹਾਂ ਸਮਰੱਥ ਹੈ। ‘ਆਪ’ ਸਰਕਾਰ ‘ਚ ਪੰਜਾਬੀ ਪੂਰੀ ਤਰ੍ਹਾਂ ਸੁਰੱਖਿਅਤ ਹਨ।