ਚੰਡੀਗੜ/ਤਰਨ ਤਾਰਨ, 26 ਅਗਸਤ:
ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਨੇ ਮਨਜੀਤ ਸਿੰਘ ਘਸੀਟਪੁਰ ਦੇ ਜ਼ਿਲਾ ਕਾਂਗਰਸ ਪ੍ਰਧਾਨ ਤਰਨਤਾਰਨ ਦੇ ਅਹੁਦੇ ਤੋਂ ਅਸਤੀਫੇ ਨੂੰ ਨਾਟਕ ਕਰਾਰ ਦਿੱਤਾ ਹੈ, ਕਿਉਂਕਿ ਡੀਸੀਸੀ ਇਕਾਈ ਪੁਨਰਗਠਨ ਲਈ ਚਾਰ ਮਹੀਨੇ ਪਹਿਲਾਂ ਭੰਗ ਕਰ ਦਿੱਤੀ ਗਈ ਹੈ।ਉਨਾਂ ਨੇ ਮਨਜੀਤ ਸਿੰਘ ਘਸੀਟਪੁਰ ਦੇ ਦਾਅਵਿਆਂ ਨੂੰ ਕੋਰਾ ਝੂਠ, ਹਾਸੋਹੀਣਾ ਅਤੇ ਸਿਆਸਤ ਤੋਂ ਪੇ੍ਰਰਿਤ ਕਰਾਰ ਦਿੰਦਿਆਂ ਮੁੱਢੋਂ ਰੱਦ ਕੀਤਾ ਹੈ।
ਘਸੀਟਪੁਰ ਦੇ ਅਸਤੀਫ਼ੇ ’ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਸੰਧੂ ਨੇ ਚੁਟਕੀ ਲੈਂਦਿਆਂ ਕਿਹਾ ਕਿ ਜੋ ਅਹੁਦਾ ਰਿਹਾ ਹੀ ਨਹੀਂ ਉਸਤੋਂ ਅਸਤੀਫ਼ਾ ਕਿਵੇਂ ਦਿੱਤਾ ਜਾ ਸਕਦਾ ਹੈ। ਉਸਦੀਆਂ ਕਾਰਵਾਈਆਂ ਨੂੰ ਸਿਆਸਤ ਤੋੋਂ ਪ੍ਰੇਰਿਤ ਕਰਾਰ ਦਿੰਦਿਆਂ ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਨਾਲ ਮੁਲਾਕਾਤ ਲਈ ਸਮਾਂ ਮੰਗਣ ਦੇ ਉਨਾਂ ਦੇ ਦਾਅਵੇ ਵੀ ਝੂਠੇ ਅਤੇ ਤਰਕਹੀਣ ਹਨ।
ਸੰਧੂ ਨੇ ਕਿਹਾ ਕਿ ਮੁੱਖ ਮੰਤਰੀ ਖ਼ੁਦ ਤਰਨਤਾਰਨ ਗਏ ਸਨ ਅਤੇ ਉਥੇ ਸਾਰੇ ਆਗੂਆਂ ਨਾਲ ਮੁਲਾਕਾਤ ਕੀਤੀ ਸੀ। ਉਨਾਂ ਕਿਹਾ ਕਿ ਕਿ ਘਸੀਟਪੁਰ ਨੇ ਕਦੇ ਵੀ ਕਿਸੇ ਮੁਲਾਕਾਤ ਲਈ ਸਮਾਂ ਨਹੀਂ ਮੰਗਿਆ। ਸੰਧੂ ਨੇ ਅੱਗੇ ਕਿਹਾ ਕਿ ਘਸੀਟਪੁਰ ਆਪਣਾ ਖੁਦ ਦਾ ਫੈਸਲਾ ਲੈਣ ਲਈ ਸੁਤੰਤਰ ਹਨ ਪਰ ਵਿਰੋਧੀਆਂ ਦੇ ਇਸ਼ਾਰੇ ’ਤੇ ਆਪਣੇ ਸੌੜੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਬੇਬੁਨਿਆਦ ਦੋਸ਼ ਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਪੱਤਰ ਵਿੱਚ ਮਨਜੀਤ ਸਿੰਘ ਘਸੀਟਪੁਰ ਵੱਲੋਂ ਘੜੇ ਗਏ ਬੇਬੁਨਿਆਦ ਦੋਸ਼ਾਂ ’ਤੇ ਪ੍ਰਤਿਕਿਰਿਆ ਜ਼ਾਹਰ ਕਰਦਿਆਂ ਸੰਧੂ ਨੇ ਕਿਹਾ ਕਿ ਸੂਬਾ ਸਰਕਾਰ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਦੇ ਖਾਤਮੇ ਲਈ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਇਸ ਘਿਨਾਉਣੇ ਅਪਰਾਧ ਵਿਚ ਸ਼ਾਮਲ ਹਰੇਕ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ।
ਸੰਧੂ ਨੇ ਅੱਗੇ ਕਿਹਾ ਕਿ ਕਿਸੇ ਨੂੰ ਵੀ ਤੱਥਾਂ ਤੋਂ ਅਣਜਾਣ ਘਸੀਟਪੁਰ ਤੋਂ ਸਲਾਹ ਲੈਣ ਦੀ ਜ਼ਰੂਰਤ ਨਹੀਂ ਹੈ ਜਿਸਨੂੰ ਇਹ ਵੀ ਨਹੀਂ ਪਤਾ ਕਿ ਇਸ ਖਤਰੇ ਨੂੰ ਮਿਟਾਉਣ ਲਈ ਪੁਲੀਸ ਅਤੇ ਪ੍ਰਸ਼ਾਸਨ ਵੱਲੋਂ ਕੀ ਕਾਰਵਾਈਆਂ ਕੀਤੀਆਂ ਗਈਆਂ ਹਨ।

English






