ਅਕਾਲੀ ਦਲ ਦੇ ਭਾਵੇਂ ਭਾਜਪਾ ਨਾਲ ਮਤਭੇਦ ਪਰ ਅਸੀਂ ਕਾਂਗਰਸ ਵੱਲੋਂ ਖੜ੍ਹੇ ਕੀਤੇ ਉਮੀਦਵਾਰ ਦੀ ਹਮਾਇਤ ਨਹੀਂ ਕਰ ਸਕਦੇ : ਸੁਖਬੀਰ ਸਿੰਘ ਬਾਦਲ
ਕਿਹਾ ਕਿ ਮੁਰਮੂ ਸਮਾਜ ਦੇ ਘੱਟ ਗਿਣਤੀਆਂ ਤੇ ਕਬਾਇਲੀ ਵਰਗਾਂ ਦੀ ਪ੍ਰਤੀਕ
ਚੰਡੀਗੜ੍ਹ, 1 ਜੁਲਾਈ :- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਵਿਚ ਦਰੋਪਦੀ ਮੁਰਮੂ ਦੀ ਹਮਾਇਤ ਲਈ ਅਪੀਲ ਸਵੀਕਾਰ ਕਰ ਲਈ ਕਿਉਂਕਿ ਉਹ ਘੱਟ ਗਿਣਤੀਆਂ, ਦਬੇ ਕੁਚਲੇ ਤੇ ਪਛੜੇ ਵਰਗਾਂ ਦੇ ਨਾਲ ਨਾਲ ਮਹਿਲਾਵਾਂ ਦੀ ਪ੍ਰਤੀਨਿਧਤਾ ਦੇ ਪ੍ਰਤੀਕ ਹਨ ਤੇ ਉਹ ਗਰੀਬ ਦੇ ਕਬਾਇਲੀ ਲੋਕਾਂ ਦੇ ਵੀ ਪ੍ਰਤੀਕ ਹਨ। ਇਹ ਪ੍ਰਗਟਾਵਾ ਪਾਰਟੀ ਦੀ ਕੋਰ ਕਮੇਟੀ ਦੀ 3 ਘੰਟੇ ਚੱਲੀ ਮੀਟਿੰਗ ਵਿਚ ਪਾਸ ਕੀਤੇ ਮਤੇ ਵਿਚ ਕੀਤਾ ਗਿਆ ਹੈ।
ਇਥੇ ਦੇ ਮੁੱਖ ਦਫਤਰ ਵਿਚ ਕੋਰ ਕਮੇਟੀ ਦੀ ਮੀਟਿੰਗ ਵਿਚ ਪਾਸ ਕੀਤੇ ਮਤੇ ਵਿਚ ਕਿਹਾ ਗਿਆ ਕਿ ਵੰਡ ਪਾਊ ਤੇ ਫਿਰਕਾਪ੍ਰਸਤ ਧਰੁਵੀਕਰਨ ਖਾਸ ਤੌਰ ’ਤੇ ਮੌਜੂਦਾ ਐਨ ਡੀ ਏ ਸਰਕਾਰ ਦੇ ਰਾਜ ਵਿਚ ਘੱਟ ਗਿਣਤੀਆਂ ਦੇ ਮਨਾਂ ਵਿਚ ਪੈਦਾ ਹੋਈ ਅਸੁਰੱਖਿਆ ਸਮੇਤ ਚਲ ਰਹੇ ਮਾਹੌਲ ਨੁੰ ਲੈ ਕੇ ਸਾਡੇ ਭਾਜਪਾ ਨਾਲ ਮਤਭੇਦ ਹਨ ਪਰ ਅਕਾਲੀ ਦਲ ਹਮੇਸ਼ਾ ਇਸਦੇ ਸਿਧਾਂਤਾਂ ’ਤੇ ਚੱਲਿਆ ਹੈ ਜਿਸ ਮੁਤਾਬਕ ਅਸੀਂ ਸ੍ਰੀਮਤੀ ਮੁਰਮੂ ਦੀ ਹਮਾਇਤ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਉਹ ਨਾ ਸਿਰਫ ਮਹਿਲਾਵਾਂ ਦੀ ਬਲਕਿ ਦਬੇ ਕੁਚਲੇ ਤੇ ਘੱਟ ਗਿਣਤੀਆਂ ਦੇ ਪ੍ਰਤੀਕ ਹਨ ਜਿਹਨਾ ਵਾਸਤੇ ਸਾਡੇ ਮਹਾਨ ਗੁਰੂਆ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ।
ਅਕਾਲੀ ਦਲ ਦੇ ਪ੍ਰਧਾਨ ਨੇ ਬਾਅਦ ਵਿਚ ਕੇਂਦਰ ਸ਼ਾਸਤ ਪ੍ਰਦੇਸ਼ ਦੇ ਗੈਸਟ ਹਾਊਸ ਵਿਚ ਸੀਨੀਅਰ ਆਗੂਆਂ ਨਾਲ ਮਿਲ ਕੇ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਤੇ ਸ੍ਰੀਮਤੀ ਮੁਰਮੂ ਨੂੰ ਦੱਸਿਆ ਪਾਰਟੀ ਦੀ ਕੋਰ ਕਮੇਟੀ ਨੇ ਸਰਬਸੰਮਤੀ ਨਾਲ ਉਹਨਾਂ ਦੀ ਹਮਾਇਤ ਦਾ ਫੈਸਲਾ ਕੀਤਾ ਹੈ।
ਸ੍ਰੀਮਤੀ ਮੁਰਮੂ ਨੇ ਹਮਾਇਤ ਲਈ ਅਕਾਲੀ ਦਲ ਦੇ ਪ੍ਰਧਾਨ ਦਾ ਧੰਨਵਾਦ ਕੀਤਾ।
ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਸੀਨੀਅਰ ਆਗੂ ਸਰਦਾਰ ਬਲਵਿੰਦਰ ਸਿੰਘ ਭੂੰਦੜ, ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਤੇ ਸਰਕਾਰ ਚਰਨਜੀਤ ਸਿੰਘ ਅਟਵਾਲ ਵੀ ਮੌਜੁਦ ਸਨ

English






