ਮੁੱਖ ਮੰਤਰੀ ਵੱਲੋਂ ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਖੇਤੀਬਾੜੀ ਮੰਤਰੀ ਮੋਹਿੰਦਰ ਸਿੰਘ ਗਿੱਲ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ

CM Captain Amrinder Singh

ਵਿਛੜੀ ਸ਼ਖਸੀਅਤ ਦੇ ਸਤਿਕਾਰ ਵਿੱਚ ਅੱਜ ਦੇ ਬਾਕੀ ਰਹਿੰਦੇ ਸਮੇਂ ਲਈ ਛੁੱਟੀ ਦਾ ਐਲਾਨ
ਚੰਡੀਗੜ, 17 ਨਵੰਬਰ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੀਨੀਅਰ ਕਾਂਗਰਸੀ ਨੇਤਾ ਅਤੇ ਸੂਬੇ ਦੇ ਸਾਬਕਾ ਖੇਤੀਬਾੜੀ ਮੰਤਰੀ ਮੋਹਿੰਦਰ ਸਿੰਘ ਗਿੱਲ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹ 85 ਵਰਿਆਂ ਦੇ ਸਨ ਜੋ ਅੱਜ ਸਵੇਰੇ ਸੰਖੇਪ ਬੀਮਾਰੀ ਮਗਰੋਂ ਚੱਲ ਵਸੇ।
ਇਕ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਮੋਹਿੰਦਰ ਸਿੰਘ ਗਿੱਲ ਨੂੰ ਬਹੁਪੱਖੀ ਸ਼ਖਸੀਅਤ, ਭੱਦਰਪੁਰਸ਼ ਸਿਆਸਤਦਾਨ ਅਤੇ ਚੰਗੇ ਗੁਣਾਂ ਦੇ ਧਾਰਨੀ ਇਨਸਾਨ ਦੱਸਿਆ ਜਿਨਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਹੁੰਦਿਆਂ ਪਾਰਟੀ ਨੂੰ ਹੇਠਲੇ ਪੱਧਰ ’ਤੇ ਮਜ਼ਬੂਤ ਕਰਨ ਲਈ ਸਖਤ ਮਿਹਨਤ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਗਿੱਲ ਦੇ ਤੁਰ ਜਾਣ ਨਾਲ ਸਿਆਸੀ ਖੇਤਰ ਵਿੱਚ ਅਜਿਹਾ ਖਲਾਅ ਪੈਦਾ ਹੋਇਆ ਹੈ ਜਿਸ ਨੂੰ ਪੂਰਨਾ ਬਹੁਤ ਮੁਸ਼ਕਿਲ ਹੈ।
ਦੁਖੀ ਪਰਿਵਾਰ ਅਤੇ ਸਾਕ-ਸਬੰਧੀਆਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਅਕਾਲ ਪੁਰਖ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਦੁੱਖ ਦੀ ਇਸ ਘੜੀ ਵਿੱਚ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਲਈ ਅਰਦਾਸ ਕੀਤੀ।
ਜ਼ਿਕਰਯੋਗ ਹੈ ਕਿ ਸ੍ਰੀ ਗਿੱਲ ਸਾਲ 1971-77 ਤੱਕ ਲੋਕ ਸਭਾ ਦੇ ਮੈਂਬਰ ਜਦਕਿ 1976-79 ਤੱਕ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਰਹੇ ਹਨ। ਇਸੇ ਤਰਾਂ ਉਹ ਸਾਲ 1967 ਵਿੱਚ ਫਿਰੋਜ਼ਪੁਰ ਛਾਉਣੀ ਤੋਂ ਅਤੇ 1992 ਵਿੱਚ ਬਨੂੜ ਤੋਂ ਵਿਧਾਇਕ ਵੀ ਚੁਣੇ ਗਏ ਸਨ।
ਵਿਛੜੀ ਸ਼ਖਸੀਅਤ ਦੇ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸੂਬਾ ਸਰਕਾਰ ਨੇ ਅੱਜ ਦੇ ਬਾਕੀ ਰਹਿੰਦੇ ਸਮੇਂ ਲਈ ਸਾਰੇ ਸਰਕਾਰੀ ਦਫਤਰਾਂ/ਕਾਰਪੋਰੇਸ਼ਨਾਂ/ਬੋਰਡਾਂ/ਵਿਦਿਅਕ ਸੰਸਥਾਵਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ।