ਪੰਜਾਬ ਦੇ ਮੁੱਖ ਮੰਤਰੀ ਨੇ ਮੁਹਾਲੀ ‘ਚ ਬਿਲਡਿੰਗ ਡਿੱਗਣ ਦੀ ਘਟਨਾ ਦੀ ਜਾਂਚ ਐਸ.ਏ.ਐਸ. ਨਗਰ ਦੇ ਵਧੀਕ ਜ਼ਿਲਾ ਮੈਜਿਸਟ੍ਰੇਟ ਨੂੰ ਸੌਂਪਦਿਆਂ 7 ਦਿਨਾਂ ‘ਚ ਰਿਪੋਰਟ ਮੰਗੀ

ਮਲਬੇ ਹੇਠ ਦੱਬੇ ਹੋਇਆਂ ਦੀ ਸੰਭਾਵਨਾ ਵਾਲਿਆਂ ਦੇ ਬਚਾਅ ਲਈ ਰਾਹਤ ਕਾਰਜ ਜੰਗੀ ਪੱਧਰ ‘ਤੇ ਜਾਰੀ

ਮੁਹਾਲੀ ਵਿੱਚ ਬਿਲਡਿੰਗ ਡਿੱਗਣ ਦੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਸ.ਏ.ਐਸ. ਨਗਰ ਦੇ ਵਧੀਕ ਜ਼ਿਲਾ ਮੈਜਿਸਟ੍ਰੇਟ ਨੂੰ ਇਸ ਘਟਨਾ ਦੀ ਪੂਰੀ ਤੈਅ ਤੱਕ ਜਾਂਚ ਕਰਨ ਅਤੇ ਇਸ ਦੀ ਰਿਪੋਰਟ ਇਕ ਹਫਤੇ ਦੇ ਅੰਦਰ ਸੌਂਪਣ ਲਈ ਕਿਹਾ ਹੈ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਨਾਲ ਹੀ ਜ਼ਿਲਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਹਨ ਕਿ ਰਾਹਤ ਕਾਰਜ ਜੰਗੀ ਪੱਧਰ ‘ਤੇ ਚਲਾਏ ਜਾਣ ਤਾਂ ਜੋ ਉਨ•ਾਂ ਪੀੜਤਾਂ ਨੂੰ ਬਚਾਇਆ ਜਾ ਸਕੇ ਜਿਨ•ਾਂ ਦੀ ਬਿਲਡਿੰਗ ਦੇ ਮਲਬੇ ਹੇਠ ਦੱਬੇ ਹੋਣ ਦੀ ਸ਼ੰਕਾ ਹੈ। ਐਸ.ਏ.ਐਸ. ਨਗਰ ਦੇ ਡਿਪਟੀ ਕਮਿਸ਼ਨਰ ਗਿਰਿਸ਼ ਦਿਆਲਨ ਵੱਲੋਂ ਮਿਲੀ ਸੂਚਨਾ ਅਨੁਸਾਰ ਹਾਲੇ ਦੋ ਜਾਂ ਤਿੰਨ ਜਣਿਆਂ ਦੇ ਮਲਬੇ ਹੇਠ ਦੱਬੇ ਹੋਣ ਦੀ ਸੰਭਾਵਨਾ ਹੈ ਜਿਨ•ਾਂ ਨੂੰ ਬਚਾਉਣ ਲਈ ਰਾਹਤ ਕਾਰਜ ਜੰਗੀ ਪੱਧਰ ਉਤੇ ਚੱਲ ਰਹੇ ਹਨ।
ਬੁਲਾਰੇ ਨੇ ਕਿਹਾ ਕਿ ਮੁੱਖ ਮੰਤਰੀ ਦੇ ਆਦੇਸ਼ਾਂ ‘ਤੇ ਸੂਬਾ ਸਰਕਾਰ ਵੱਲੋਂ ਜ਼ਖਮੀਆਂ ਦੇ ਇਲਾਜ ਦਾ ਸਾਰਾ ਖਰਚਾ ਸੂਬਾ ਸਰਕਾਰ ਵੱਲੋਂ ਚੁੱਕਿਆ ਜਾਵੇਗਾ। ਹੁਣ ਤੱਕ ਮਿਲੀਆਂ ਰਿਪੋਰਟਾਂ ਅਨੁਸਾਰ ਦੋ ਵਿਅਕਤੀਆਂ ਨੂੰ ਬਚਾਇਆ ਗਿਆ ਹੈ ਜਿਹੜੇ ਇਲਾਜ ਅਧੀਨ ਹਨ।
ਡਿਪਟੀ ਕਮਿਸ਼ਨਰ ਅਨੁਸਾਰ ਮੁੱਢਲੀ ਸੂਚਨਾ ਵਿੱਚ ਪਤਾ ਚੱਲਿਆ ਹੈ ਕਿ ਜਦੋਂ ਬਿਲਡਿੰਗ ਡਿੱਗੀ ਤਾਂ ਨਾਲ ਲੱਗਦੀ ਇਮਾਰਤ ਵਿੱਚ ਬੇਸਮੈਂਟ ਦੀ ਉਸਾਰੀ ਲਈ ਜੇ.ਸੀ.ਬੀ. ਕੰਮ ਕਰ ਰਹੀ ਸੀ। ਬੁਲਾਰੇ ਨੇ ਦੱਸਿਆ ਕਿ ਜਾਂਚ ਵਿੱਚ ਇਹ ਵੀ ਪਤਾ ਲੱਗੇਗਾ ਕਿ ਇਹ ਨਿਰਮਾਣ ਗੈਰ ਕਾਨੂੰਨੀ ਸੀ ਜਾਂ ਨਹੀਂ।
ਐਸ.ਡੀ.ਐਮ. ਅਤੇ ਏ.ਡੀ.ਸੀ ਦੀ ਅਗਵਾਈ ਵਿੱਚ ਜ਼ਿਲ•ਾ ਪ੍ਰਸ਼ਾਸਨ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ ਅਤੇ ਐਮਰਜੈਂਸੀ ਸੇਵਾਵਾਂ ਸਮੇਤ ਫਾਇਰ ਟੈਂਡਰ ਤੇ ਮੈਡੀਕਲ ਟੀਮਾਂ ਨੂੰ ਵੀ ਬੁਲਾਇਆ ਗਿਆ। ਵਿਸ਼ੇਸ਼ ਸਾਜ਼ੋ-ਸਾਮਾਨ ਨਾਲ ਲੈਸ ਐਨ.ਡੀ.ਆਰ.ਐਫ. ਟੀਮਾਂ ਨੂੰ ਸੇਵਾ ਲਈ ਸ਼ਾਮਲ ਕੀਤਾ ਗਿਆ ਅਤੇ ਲੁਧਿਆਣਾ ਦੀ ਇੱਕ ਵਾਧੂ ਟੀਮ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ ਸੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਪੱਛਮੀ ਕਮਾਂਡ ਦੀ ਸੈਨਾ ਨਾਲ ਵੀ ਸੰਪਰਕ ਕੀਤਾ ਗਿਆ ਅਤੇ ਲੋੜ ਪੈਣ ‘ਤੇ ਉਨ•ਾਂ ਦੇ ਇੰਜੀਨੀਅਰਾਂ ਨੂੰ ਵੀ ਬਚਾਅ ਕਾਰਜਾਂ ਵਿੱਚ ਮਦਦ ਲਈ ਰੱਖਿਆ ਗਿਆ। ਬੁਲਾਰੇ ਨੇ ਕਿਹਾ ਕਿ ਮਲਬੇ ਨੂੰ ਹਟਾਉਣ ਲਈ ਐਲ ਐਂਡ ਟੀ ਦੀਆਂ ਹਾਈਡ੍ਰਾ ਕਰੇਨ ਵਰਗੀਆਂ ਕੁਝ ਮਸ਼ੀਨਾਂ ਦਾ ਸਥਾਨਕ ਤੌਰ ‘ਤੇ ਪ੍ਰਬੰਧ ਕੀਤਾ ਗਿਆ। ਉਨ•ਾਂ ਨੇ ਅੱਗੇ ਕਿਹਾ ਕਿ ਬਚਾਅ ਕਾਰਜ ਨੂੰ ਖਤਮ ਕਰਨ ਤੋਂ ਪਹਿਲਾਂ ਐਨ.ਡੀ.ਆਰ.ਐਫ. ਮਲਬੇ ਹੇਠ ਦੱਬੇ ਜਾਂ ਫਸੇ ਵਿਅਕਤੀਆਂ ਦਾ ਪਤਾ ਲਗਾਉਣ ਲਈ ਆਪਣੇ ਸੂਹੀ ਕੁੱਤਿਆਂ ਦੀ ਮਦਦ ਵੀ ਲਵੇਗੀ।