ਮੁੱਖ ਮੰਤਰੀ ਵੱਲੋਂ ਜਰਮਨੀ ਖਿਲਾਫ਼ ਸ਼ਾਨਦਾਰ ਜਿੱਤ ਹਾਸਲ ਕਰਨ ਲਈ ਭਾਰਤੀ ਪੁਰਸ਼ ਹਾਕੀ ਟੀਮ ਨੂੰ ਵਧਾਈ

ਚੰਡੀਗੜ੍ਹ, 5 ਅਗਸਤ

          ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਟੋਕੀਓ ਓਲੰਪਿਕ-2020 ਦੇ ਹਾਕੀ ਦੇ ਕਾਂਸੇ ਦੇ ਤਮਗੇ ਦੇ ਮੁਕਾਬਲੇ ਵਿਚ ਜਰਮਨੀ ਨੂੰ 5-4 ਨਾਲ ਹਰਾਉਣ ਲਈ ਭਾਰਤੀ ਪੁਰਸ਼ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ।

          ਇਸ ਮੌਕੇ ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ, “ਓਲੰਪਿਕ ਵਿਚ ਹੋਏ ਫਸਵੇਂ ਮੈਚ ਵਿਚ ਭਾਰਤ ਦੀ ਪੁਰਸ਼ ਹਾਕੀ ਟੀਮ ਨੇ ਜਰਮਨੀ ਨੂੰ ਹਰਾ ਕੇ ਕਾਂਸੇ ਦੇ ਤਮਗਾ ਜਿੱਤਿਆ ਹੈ ਜੋ ਸਮੁੱਚੇ ਮੁਲਕ ਲਈ ਗੌਰਵਮਈ ਅਤੇ ਇਤਿਹਾਸਕ ਪਲ ਹਨ। ਇਸ ਸ਼ਾਨਦਾਰ ਪ੍ਰਾਪਤੀ ਸਦਕਾ ਭਾਰਤੀ ਟੀਮ ਨੇ 41 ਵਰ੍ਹਿਆਂ ਬਾਅਦ ਜੇਤੂ ਮੰਚ ਉਤੇ ਮੁੜ ਕਦਮ ਰੱਖਿਆ ਹੈ ਜਿਸ ਕਰਕੇ ਹਾਕੀ ਵਿਚ ਕਾਂਸੇ ਦਾ ਤਮਗਾ ਹਾਸਲ ਕਰਨਾ ਸਾਡੇ ਲਈ ਸੋਨ ਤਮਗੇ ਜਿੰਨੀ ਅਹਿਮਤੀਅਤ ਰੱਖਦਾ ਹੈ। ਭਾਰਤੀ ਟੀਮ ਨੂੰ ਮੁਬਾਰਕਾਂ।”

          ਮੁੱਖ ਮੰਤਰੀ ਨੇ ਖੁਸ਼ੀ ਦੇ ਪਲ ਸਾਂਝੇ ਕਰਦਿਆਂ ਕਿਹਾ ਕਿ ਸਮੁੱਚੀ ਟੀਮ ਨੇ ਇਸ ਵੱਕਾਰੀ ਸਨਮਾਨ ਨਾਲ ਦੇਸ਼ ਵਾਸੀਆਂ ਅਤੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਉਮੀਦ ਜ਼ਾਹਰ ਕੀਤੀ ਕਿ ਉਹ ਦਿਨ ਹੁਣ ਦੂਰ ਨਹੀਂ, ਜਦੋਂ ਸਾਡੀ ਕੌਮੀ ਖੇਡ ਹਾਕੀ ਸਮੇਂ ਦੇ ਬੀਤਣ ਨਾਲ ਖੁੱਸੀ ਹੋਈ ਸ਼ਾਨ ਮੁੜ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿਚ ਸ਼ੁਰੂਆਤ ਹੋ ਚੁੱਕੀ ਹੈ।

          ਹਾਕੀ ਦੇ ਰੌਸ਼ਨ ਭਵਿੱਖ ਲਈ ਭਰੋਸਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਹਾਕੀ ਟੀਮ ਭੁਬਨੇਸ਼ਵਰ ਵਿਚ ਹੋਣ ਵਾਲੇ ਵਿਸ਼ਵ ਹਾਕੀ ਕੱਪ-2023 ਅਤੇ ਪੈਰਿਸ ਦੀਆਂ ਓਲੰਪਿਕ 2024 ਵਿਚ ਮੈਡਲ ਦਾ ਰੰਗ ਨਿਸ਼ਚਤ ਤੌਰ ਉਤੇ ਬਦਲੇਗੀ।

          ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਜਰਮਨੀ ਵਿਰੁੱਧ ਭਾਰਤ ਦੀ ਅਸਧਾਰਨ ਪ੍ਰਾਪਤੀ ਯਕੀਨੀ ਤੌਰ ਉਤੇ ਟੀਮ ਦੇ ਸਾਂਝੇ ਯਤਨਾਂ ਦਾ ਸਿੱਟਾ ਹੈ, ਹਾਲਾਂਕਿ, ਇਹ ਪੰਜਾਬ ਲਈ ਵੀ ਮਾਣਮੱਤੇ ਪਲ ਹਨ ਕਿਉਂਕਿ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ, ਉਪ ਕਪਤਾਨ ਹਰਮਨਪ੍ਰੀਤ ਸਿੰਘ ਤੋਂ ਇਲਾਵਾ ਰੁਪਿੰਦਰਪਾਲ ਸਿੰਘ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਸਮਸ਼ੇਰ ਸਿੰਘ, ਹਾਰਦਿਕ ਸਿੰਘ, ਸਿਰਮਨਜੀਤ ਸਿੰਘ, ਗੁਰਜੰਟ ਸਿੰਘ, ਵਰੁਣ ਕੁਮਾਰ ਅਤੇ ਕ੍ਰਿਸ਼ਨ ਪਾਠਕ ਸਮੇਤ 11 ਖਿਡਾਰੀ ਪੰਜਾਬ ਦੇ ਸਪੂਤ ਹਨ।

          ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਟੀਮ ਦੇ ਹੋਰ ਮੈਂਬਰਾਂ ਖਾਸ ਕਰਕੇ ਭਾਰਤੀ ਗੋਲਕੀਪਰ ਪੀ.ਆਰ. ਸ੍ਰੀਜੇਸ਼ ਨੇ ਮੁਲਕ ਲਈ ਕਾਂਸੇ ਦਾ ਤਮਗਾ ਜਿੱਤ ਕੇ ਲਿਆਉਣ ਵਿਚ ਗਜ਼ਬ ਦਾ ਪ੍ਰਦਰਸ਼ਨ ਕੀਤਾ ਹੈ।

          ਜ਼ਿਕਰਯੋਗ ਹੈ ਕਿ ਸਾਲ 1928 ਤੋਂ 1980 ਤੱਕ ਓਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਦਾ ਸੁਨਿਹਰਾ ਯੁੱਗ ਰਿਹਾ ਹੈ ਜਿਸ ਦੌਰਾਨ ਭਾਰਤ ਨੇ ਅੱਠ ਸੋਨ ਤਮਗੇ, ਇਕ ਚਾਂਦੀ ਅਤੇ ਦੋ ਕਾਂਸੇ ਦੇ ਤਮਗੇ ਹਾਸਲ ਕੀਤੇ ਸਨ। ਅੱਜ ਦੇ ਕਾਂਸੇ ਦੇ ਤਮਗੇ ਨਾਲ ਓਲੰਪਿਕ ਵਿਚ ਮੈਡਲਾਂ ਦੀ ਗਿਣਤੀ 12 ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ ਭਾਰਤੀ ਹਾਕੀ ਟੀਮ ਸਾਲ 1975, 1973 ਅਤੇ 1971 ਦੇ ਹਾਕੀ ਵਿਸ਼ਵ ਕੱਪ ਵਿਚ ਕ੍ਰਮਵਾਰ ਸੋਨ, ਚਾਂਦੀ ਅਤੇ ਕਾਂਸੇ ਦਾ ਤਮਗਾ ਵੀ ਜਿੱਤ ਚੁੱਕੀ ਹੈ।