ਪੰਜਾਬ ਵਿਚ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲ ਰਹੀ ਤੇ ਕੇਜਰੀਵਾਲ ਸੂਬੇ ਦਾ ਪੈਸਾ ਪਾਰਟੀ ਦੇ ਪ੍ਰਚਾਰ ‘ਤੇ ਬਰਬਾਦ ਕਰ ਰਹੇ ਹਨ : ਮਨਜਿੰਦਰ ਸਿੰਘ ਸਿਰਸਾ
–ਦਿੱਲੀ ਦਾ ਫੇਲ੍ਹ ਮਾਡਲ ਝੂਠ ਬੋਲ ਕੇ ਦੇਸ਼ ਵਿਚ ਪ੍ਰਚਾਰ ਕਰ ਰਹੇ ਹਨ
ਚੰਡੀਗੜ੍ਹ, 7 ਸਤੰਬਰ :
ਭਾਜਪਾ ਦੇ ਸਿੱਖ ਆਗੂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਪੰਜਾਬ ਵਿਚ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਦੇਣ ਵਿਚ ਅਸਫਲ ਹੋ ਗਈ ਹੈ ਪਰ ਆਪ ਦੇ ਸੁਪਰੀਮ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਪੰਜਾਬ ਦਾ ਪੈਸਾ ਖਰਚ ਕਰ ਕੇ ਉਸ ਸੂਬੇ ਦੇ ਖਰਚੇ ‘ਤੇ ਹੈਲੀਕਾਪਟਰ ਲੈ ਕੇ ਕਦੇ ਗੁਜਰਾਤ, ਕਦੇ ਹਿਮਾਚਲ ਪ੍ਰਦੇਸ਼ ਤੇ ਕਦੇ ਕਿਹੜੇ ਰਾਜ ਵਿਚ ਪਾਰਟੀ ਦਾ ਚੋਣ ਪ੍ਰਚਾਰ ਕਰ ਰਹੇ ਹਨ।
ਉਹਨਾਂ ਕਿਹਾ ਕਿ ਅੱਜ 7 ਸਤੰਬਰ ਬੀਤਣ ਦੇ ਬਾਵਜੂਦ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲੀਆਂ। ਉਹਨਾਂ ਕਿਹਾ ਕਿ ਸ੍ਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰ ਕੇ ਆਪ ਸਰਕਾਰ ਬਣਵਾਈ ਤੇ ਦਿੱਲੀ ਮਾਡਲ ਦੇ ਸੁਫਨੇ ਵਿਖਾਏ ਪਰ ਅੱਜ ਦਿੱਲੀ ਮਾਡਲ ਦਾ ਇਹ ਨਤੀਜਾ ਹੈ ਕਿ ਭਗਵੰਤ ਮਾਨ ਸਰਕਾਰ ਨੇ ਪਿਛਲੇ 5 ਮਹੀਨਿਆਂ ਵਿਚ 9 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੁੱਕ ਲਿਆ ਪਰ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਦੇ ਸਕੀ।
ਉਹਨਾਂ ਕਿਹਾ ਕਿ ਮੰਦੇ ਭਾਗਾਂ ਨੂੰ ਚੁੱਕਿਆ ਗਿਆ 9 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਉਸ ਹੈਲੀਕਾਪਟਰ ਅਤੇ ਚੋਣ ਪ੍ਰਚਾਰ ‘ਤੇ ਖਰਚਿਆ ਜਾ ਰਿਹਾ ਹੈ ਜੋ ਸ੍ਰੀ ਅਰਵਿੰਦ ਕੇਜਰੀਵਾਲ ਸਾਰੇ ਦੇਸ਼ ਵਿਚ ਕਰ ਰਹੇ ਹਨ ਤੇ ਸਾਰੇ ਦੇਸ਼ ਦੇ ਲੋਕਾਂ ਨੂੰ ਫੇਲ੍ਹ ਦਿੱਲੀ ਮਾਡਲ ਦੇ ਸੁਫਨੇ ਵਿਖਾ ਰਹੇ ਹਨ। ਉਹਨਾਂ ਕਿਹਾ ਕਿ ਉਹ ਦੇਸ਼ ਦੇ ਲੋਕਾਂ ਨੂੰ ਚੌਕੰਨਾ ਕਰਨਾ ਚਾਹੁੰਦੇ ਹਨ ਕਿ ਜੋ ਹਾਲ ਸ੍ਰੀ ਕੇਜਰੀਵਾਲ ਨੇ ਪੰਜਾਬ ਦਾ ਕੀਤਾ ਹੈ, ਉਹ ਹਾਲ ਉਹਨਾਂ ਦੇ ਇਲਾਕਿਆਂ ਦਾ ਨਾ ਹੋਵੇ, ਇਸ ਲਈ ਸ੍ਰੀ ਕੇਜਰੀਵਾਲ ਤੋਂ ਸੁਚੇਤ ਰਹਿਣ।
ਉਹਨਾਂ ਕਿਹਾ ਕਿ ਸ੍ਰੀ ਕੇਜਰੀਵਾਲ ਭੋਲੇ ਭਾਲ ਬਣ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਮੁਹਿੰਮ ‘ਤੇ ਹਨ ਪਰ ਉਹਨਾਂ ਦੀ ਅਸਲੀਅਤ ਜੱਗ ਜਾਹਰ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਖਾਸ ਤੌਰ ‘ਤੇ ਸਰਕਾਰੀ ਮੁਲਾਜ਼ਮਾਂ ਤੇ ਨੌਜਵਾਨਾਂ ਦੀ ਹਾਲਤ ਦੇਸ਼ ਦੇ ਸਾਹਮਣੇ ਹੈ ਜਿਸ ਤੋਂ ਆਪ ਦੇ ਝੂਠ ਦਾ ਪਰਦਾਫਾਸ਼ ਹੋ ਚੁੱਕਾ ਹੈ।

English






