‘ਖੇਡਾਂ ਵਤਨ ਪੰਜਾਬ ਦੀਆਂ-2023‘ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲੇ ਅਮਿੱਟ ਯਾਦਾਂ ਛੱਡਦੇ ਹੋਏ ਸਮਾਪਤ

 ਖਿਡਾਰੀਆਂ ਨੇ ਬੜੇ ਉਤਸ਼ਾਹ ਤੇ ਜੋਸ਼ ਨਾਲ ਕੀਤਾ ਸ਼ਾਨਦਾਰ ਪ੍ਰਦਸ਼ਨ

ਫ਼ਿਰੋਜ਼ਪੁਰ 05, ਅਕਤੂਬਰ 2023:

ਪੰਜਾਬ ਸਰਕਾਰ, ਖੇਡ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ-2023 ਸੀਜ਼ਨ-2 ਤਹਿਤ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਅਮਿਟ ਯਾਦਾਂ ਛੱਡਦੇ ਹੋਏ ਅੱਜ ਸਮਾਪਤ ਹੋ ਗਏ। ਜ਼ਿਲ੍ਹਾ ਪੱਧਰੀ ਖੇਡਾਂ ਦੀ ਸਮਾਪਤੀ ਮੌਕੇ ਮੁੱਖ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਰੁਣ ਸ਼ਰਮਾ ਨੇ ਸ਼ਮੂਲੀਅਤ ਕੀਤੀ ਅਤੇ ਜੇਤੂ ਖਿਡਾਰੀਆਂ ਨੂੰ ਸਰਟੀਫਿਕੇਟ ਅਤੇ ਤਮਗਿਆਂ ਨਾਲ ਸਨਮਾਨਿਤ ਕੀਤਾ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਹੋਰ ਸਖ਼ਤ ਮਿਹਨਤ ਤੇ ਲਗਨ ਨਾਲ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਭਵਿੱਖ ਵਿੱਚ ਅੰਤਰਾਸ਼ਟਰੀ ਪੱਧਰ ਦੇ ਖਿਡਾਰੀ ਬਣ ਕੇ ਉੱਭਰਨ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ। ਉਨ੍ਹਾਂ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਵਿੱਚ ਹਿਸਾ ਲੈਣ ਵਾਲੇ ਜ਼ਿਲ੍ਹੇ ਦੇ ਸਾਰੇ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।

ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਵੱਖ-ਵੱਖ ਉਮਰ ਵਰਗ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਐਥਲੈਟਿਕਸ, ਵਾਲੀਬਾਲ(ਸਮੈਸ਼ਿੰਗ ਅਤੇ ਸ਼ੂਟਿੰਗ), ਫੁੱਟਬਾਲ, ਖੋਹ-ਖੋਹ, ਹੈਂਡਬਾਲ, ਕੁਸ਼ਤੀ, ਗੱਤਕਾ, ਬਾਸਕਟਬਾਲ ਅਤੇ ਸਾਫਟਬਾਲ ਦੇ ਮੁਕਾਬਲੇ ਕਰਵਾਏ ਗਏ, ਇੰਡੋਰ ਬੈਡਮਿੰਟਨ ਹਾਲ ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ ਵਿਖੇ ਬੈਡਮਿੰਟਨ ਅਤੇ ਟੇਬਲ ਟੈਨਿਸ ਦੇ ਮੁਕਾਬਲੇ ਕਰਵਾਏ ਗਏ। ਹਾਕੀ ਐਸਟ੍ਰੋਟਰਫ ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ ਵਿਖੇ ਹਾਕੀ, ਜ਼ਿਲ੍ਹਾ ਪ੍ਰੀਸ਼ਦ ਸਵੀਮਿੰਗ ਪੂਲ ਫਿਰੋਜ਼ਪੁਰ ਵਿਖੇ ਤੈਰਾਕੀ ਦੇ ਟੂਰਨਾਮੈਂਟ ਕਰਵਾਏ ਗਏ। ਇਸ ਤੋਂ ਇਲਾਵਾ ਸ਼ੂਟਿੰਗ ਅਤੇ ਚੈੱਸ ਦੇ ਮੁਕਾਬਲੇ ਦਾਸ ਐਂਡ ਬਰਾਊਂਨ ਵਰਲਡ ਸਕੂਲ ਫਿਰੋਜ਼ਪੁਰ ਵਿਖੇ ਕਰਵਾਏ ਗਏ। ਇਹ ਖੇਡਾਂ(ਮੈਨ/ਵੋਮੈਨ) ਅੰਡਰ 31-40, 41-55, 56-65 ਅਤੇ 65 ਸਾਲ ਤੋਂ ਉੱਪਰ ਗਰੁੱਪਾਂ ਵਿੱਚ ਆਖ਼ਰੀ ਦਿਨ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿੱਚ ਵੱਖ-ਵੱਖ ਪਿੰਡਾਂ/ਕਲੱਬਾਂ/ਅਕੈਡਮੀਆਂ/ਐਸੋਸੀਏਸ਼ਨਾਂ ਅਤੇ ਸਕੂਲਾਂ ਦੀਆਂ ਟੀਮਾਂ ਨੇ ਬੜੇ ਹੀ ਜੋਸ਼ ਤੇ ਉਤਸ਼ਾਹ ਨਾਲ ਟੂਰਨਾਮੈਂਟ ਵਿਚ ਭਾਗ ਲਿਆ। ਉਨ੍ਹਾਂ ਕਿਹਾ ਕਿ ਖੇਡ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ, ਐਸ.ਬੀ.ਐਸ. ਸਟੇਟ ਯੂਨੀਵਰਸਿਟੀ ਸਮੇਤ ਹੋਰ ਵਿਭਾਗਾਂ ਦੇ ਸਹਿਯੋਗ ਨਾਲ ਇਹ ਜ਼ਿਲ੍ਹਾ ਪੱਧਰੀ ਖੇਡਾਂ ਬਹੁਤ ਵਧੀਆ ਢੰਗ ਨਾਲ ਨੇਪਰੇ ਚੜ੍ਹ ਸਕੀਆਂ ਹਨ। ਉਨ੍ਹਾਂ ਵਿਭਾਗ ਵੱਲੋਂ ਸਮੂਹ ਵਿਭਾਗਾਂ ਅਤੇ ਖਿਡਾਰੀਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ।

ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਖਿਡਾਰੀਆਂ ਨੇ ਸ਼ਾਨਦਾਰ ਪ੍ਰਰਦਰਸ਼ਨ ਕਰਦਿਆਂ ਗੇਮ ਅਥਲੈਟਿਕਸ :ਈਵੈਂਟ ਜੈਵਲਿੰਨ ਉਮਰ ਵਰਗ 65 ਸਾਲ ਤੋਂ ਉਪਰ ਵਿੱਚ ਡਾ: ਜੀ. ਐਸ ਢਿੱਲੋਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਉਮਰ ਵਰਗ 31-40 ਵਿੱਚ ਰਾਜੇਸ਼ ਕੁਮਾਰ ਪਹਿਲਾ, ਵਰਿੰਦਰ ਸਿੰਘ ਦੂਸਰਾ ਅਤੇ ਸਿਮਰਨਜੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਔਰਤਾਂ ਦੇ ਜੈਵਲਿਨ ਮੁਕਾਬਲੇ ਵਿੱਚ 41-55 ਸਾਲ ਦੇ ਉਮਰ ਵਰਗ ਵਿੱਚ ਮਮਤਾ ਸ਼ਰਮਾ ਨੇ ਪਹਿਲਾ, ਜਸਬੀਰ ਕੌਰ ਨੇ ਦੂਸਰਾ ਅਤੇ ਗੁਰਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਬੈਡਮਿੰਟਨ ਵਿਚ 41-55 ਉਮਰ ਵਰਗ ਵਿੱਚ ਪਹਿਲਾ ਸਥਾਨ ਸੰਜੀਵ ਵਰਮਾਨੀ, ਦੂਸਰਾ ਸਥਾਨ ਅਨੂਪ ਮਿੱਤਲ ਅਤੇ ਤੀਸਰਾ ਸਥਾਨ ਹਨੀ ਜੈਨ ਨੇ ਪ੍ਰਾਪਤ ਕੀਤਾ। ਪੁਰਸ਼ ਡਬਲ ਉਮਰ ਵਰਗ 41-55 ਵਿੱਚ ਸੰਜੀਵ ਵਰਮਾਂਨੀ ਅਤੇ ਅਨੂਪ ਮਿੱਤਲ ਨੇ ਪਹਿਲਾ, ਨਵੀਨ ਸੇਠੀ ਅਤੇ ਸੰਦੀਪ ਕੁਮਾਰ ਨੇ ਦੂਸਰਾ ਅਤੇ ਹਰਪ੍ਰੀਤ ਸਿੰਘ ਅਤੇ ਕਿਰਨ ਕੁਮਾਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਖੇਡ ਵਿਭਾਗ ਵੱਲੋਂ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਮੈਰਿਟ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਟੀਚਰ, ਐਸੋਸੀਏਸ਼ਨਾਂ/ਅਕੈਡਮੀਆਂ ਦੇ ਅਹੁਦੇਦਾਰ ਅਤੇ ਖੇਡ ਵਿਭਾਗ ਦੇ ਕੋਚ ਅਤੇ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜ਼ਰ ਸਨ।