ਵਿਗਿਆਨ ਤਕਨਾਲੋਜੀ ਤੇ ਵਾਤਾਵਰਣ ਵਿਭਾਗ ਵੱਲੋਂ 14 ਦਸੰਬਰ ਨੂੰ ਕਰਵਾਈ ਜਾਵੇਗੀ ਖੇਤਰੀ ਕਾਨਫਰੰਸ

NEWS MAKHANI

    ਕਾਨਫਰੰਸ ਦੀ ਪ੍ਰਧਾਨਗੀ ਐਨ.ਜੀ.ਟੀ. ਦੇ ਚੇਅਰਪਰਸਨ ਜਸਟਿਸ ਆਦਰਸ਼ ਕੁਮਾਰ ਗੋਇਲ ਕਰਨਗੇ

੍ਹ        ਕਾਨਫਰੰਸ ‘ਸਮਾਂ ਨਹੀਂ ਰਿਹਾ, ਹੁਣ ਕਦਮ ਚੁੱਕੋ’ ਵਿਸ਼ੇ ‘ਤੇ ਕੇਂਦਰਤ ਹੋਵੇਗੀ

ਚੰਡੀਗੜ੍ਹ, 9 ਦਸੰਬਰ :

ਵਿਗਿਆਨ ਤਕਨਾਲੋਜੀ ਅਤੇ ਵਾਤਾਵਰਣ ਵਿਭਾਗ, ਪੰਜਾਬ ਵੱਲੋਂ 14 ਦਸੰਬਰ ਨੂੰ ਖੇਤਰੀ ਕਾਨਫਰੰਸ ਕਰਵਾਈ ਜਾਵੇਗੀ ਜਿਸ ਦੀ ਪ੍ਰਧਾਨਗੀ ਨੈਸ਼ਨਲ ਗਰੀਨ ਟ੍ਰਿਬਿਊਨਲ, ਨਵੀਂ ਦਿੱਲੀ ਦੇ ਚੇਅਰਪਰਸਨ ਜਸਟਿਸ ਆਦਰਸ਼ ਕੇ. ਗੋਇਲ ਕਰਨਗੇ।

ਇਸ ਬਾਰੇ ਅੱਜ ਇੱਥੇ ਜਾਣਕਾਰੀ ਦਿੰਦਿਆਂ ਵਿਗਿਆਨ ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਕੇਸ਼ ਵਰਮਾ ਨੇ ਕਿਹਾ ਕਿ ”ਸਮਾਂ ਨਹੀਂ ਰਿਹਾ, ਹੁਣ ਕਦਮ ਚੁੱਕੋ” ਦੇ ਵਿਸ਼ੇ ‘ਤੇ ਕਰਵਾਈ ਜਾਣ ਵਾਲੀ ਇਸ ਖੇਤਰੀ ਕਾਨਫਰੰਸ ਵਿੱਚ ਸਿਹਤਮੰਦ ਲੋਕਾਂ ਲਈ ਸਿਹਤਮੰਦ ਵਾਤਾਵਰਣ; ਸੂਬਾ ਕਾਰਜ ਯੋਜਨਾ, ਹੁਣ ਤੱਕ ਦਾ ਸਫ਼ਰ; ਵਾਤਾਵਰਣ ਦੀ ਸੰਭਾਲ ਅਤੇ ਪ੍ਰਬੰਧਨ ਲਈ ਉੱਤਮ ਗਤੀਵਿਧੀਆਂ ਅਤੇ ਵਾਤਾਵਰਣ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਖੋਜ, ਨਵੀਨਤਾ ਅਤੇ ਤਕਨਾਲੋਜੀ ਦੀ ਭੂਮਿਕਾ ਵਰਗੇ ਵੱਖ-ਵੱਖ ਮੁੱਦੇ ਸ਼ਾਮਲ ਕੀਤੇ ਜਾਣਗੇ ਤਾਂ ਜੋ ਵੱਖ-ਵੱਖ ਭਾਈਵਾਲਾਂ ਨਾਲ ਸਲਾਹ-ਮਸ਼ਵਰੇ  ਰਾਹੀਂ ਠੋਸ ਰਣਨੀਤੀ ਤਿਆਰ ਕੀਤੀ ਜਾ ਸਕੇ।

ਸ੍ਰੀ ਵਰਮਾ ਨੇ ਅੱਗੇ ਕਿਹਾ ਕਿ ਇਹ ਖੇਤਰੀ ਕੌਮੀ ਕਾਨਫਰੰਸ ਵੱਖ-ਵੱਖ ਭਾਈਵਾਲਾਂ ਅਤੇ ਵਿਭਾਗਾਂ ਦਰਮਿਆਨ ਜਾਗਰੂਕਤਾ ਪੈਦਾ ਕਰਨ ਲਈ ਕਰਵਾਈ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਵਾਤਾਵਰਣ ਦੀ ਸੰਭਾਲ ਸਬੰਧੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਜਾਣੂੰ ਕਰਵਾਇਆ ਜਾ ਸਕੇ। ਵੱਖ-ਵੱਖ ਵਿਭਾਗ, ਭਾਈਵਾਲ, ਵਾਤਾਵਰਣ ਪ੍ਰਦੂਸ਼ਣ ਅਤੇ ਇਸ ਦੀ ਰੋਕਥਾਮ ਦੇ ਖੇਤਰ ਵਿਚਲੇ ਉੱਘੇ ਮਾਹਿਰ, ਰਣਨੀਤੀਕਾਰ, ਰਾਸ਼ਟਰ ਪੱਧਰੀ ਖੋਜ ਸੰਸਥਾਵਾਂ, ਯੂਨੀਵਰਸਿਟੀਆਂ ਅਤੇ ਖੋਜ ਵਿਦਵਾਨ ਭਵਿੱਖੀ ਕਾਰਜ ਯੋਜਨਾ ਲਈ ਠੋਸ ਰਣਨੀਤੀ ਘੜਨ ਸਬੰਧੀ ਵਿਚਾਰ-ਚਰਚਾ ਕਰਨਗੇ। ਪ੍ਰਮੁੱਖ ਸਕੱਤਰ ਨੇ ਕਿਹਾ ਕਿ ਇਹ ਖੇਤਰੀ ਕਾਨਫਰੰਸ ਸੂਬੇ ਵਿੱਚ ਵਾਤਾਵਰਣ ਪ੍ਰਦੂਸ਼ਣ ਦੀ ਰੋਕਥਾਮ ਲਈ ਮਹੱਤਵਪੂਰਨ ਮੰਚ ਪ੍ਰਦਾਨ ਕਰੇਗੀ।