
ਕਿਹਾ, ਪੰਜਾਬ ਕਰਾਂਤੀਕਾਰੀ ਸੂਬਾ ਹੈ, ਲੋਕ ਹੁਣ ਫੇਰ ਕ੍ਰਾਂਤੀ ਲਿਆਉਣਗੇ ਅਤੇ ਭ੍ਰਿਸ਼ਟਾਚਾਰੀਆਂ ਨੂੰ ਭਜਾਉਣਗੇ
ਵਪਾਰੀਆਂ-ਕਾਰੋਬਾਰੀਆਂ ਦੇ ਰੂ-ਬ-ਰੂ ਹੋਏ ‘ਆਪ’ ਦੇ ਕੌਮੀ ਆਗੂ ਅਤੇ ਦਿੱਲੀ ਦੇ ਮੰਤਰੀ ਸਤਿੰਦਰ ਜੈਨ
ਡੇਰਾਾਬਸੀ (ਮੋਹਾਲੀ), 24 ਦਸੰਬਰ 2021
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਪੰਜਾਬ ਦਾ ਕਾਰੋਬਾਰੀ ਦੂਜੇ ਸੂਬਿਆਂ ਵਿੱਚ ਫੈਕਟਰੀਆਂ ਲਾ ਰਿਹਾ ਹੈ, ਪਰ ਪੰਜਾਬ ਵਿੱਚ ਹੀ ਫੈਕਟਰੀ ਲਾਉਣ ਤੋਂ ਡਰਦਾ ਹੈ ਕਿਉਂਕਿ ਇੱਥੋਂ ਸਿਆਸੀ ਆਗੂ ਕਾਰੋਬਾਰ ਵਿੱਚ ਹਿੱਸਾ ਪੱਤੀ ਮੰਗਦੇ ਹਨ।
ਹੋਰ ਪੜ੍ਹੋ :-ਉਪ ਮੁੱਖ ਮੰਤਰੀ ਓ. ਪੀ. ਸੋਨੀ ਨੇ ਸਿਵਲ ਹਸਪਤਾਲ, ਰੂਪਨਗਰ ਵਿਖੇ ਰੇਡਿਓ ਡਾਇਗਨੋਸਟਿਕ ਲੈਬਾਰੋਟਰੀ ਦਾ ਉਦਘਾਟਨ ਕੀਤਾ
ਸਤਿੰਦਰ ਜੈਨ ਸ਼ੁੱਕਰਵਾਰ ਨੂੰ ਵਿਧਾਨ ਸਭਾ ਹਲਕਾ ਡੇਰਾਬਸੀ ਵਿੱਚ ਵਪਾਰੀਆਂ, ਕਾਰੋਬਾਰੀਆਂ ਅਤੇ ਉਦਮੀਆਂ ਦੇ ਰੂ-ਬ-ਰੂ ਹੋਏ ਅਤੇ ਉਨਾਂ ਦੀਆਂ ਮੁਸ਼ਕਲਾਂ ਦੇ ਨਾਲ ਨਾਲ ਸਮੱਸਿਆਵਾਂ ਦੇ ਹੱਲ ਬਾਰੇ ਵਿਚਾਰ-ਚਰਚਾ ਕੀਤੀ। ਇਸ ਮੌਕੇ ਉਨਾਂ ਕਿਹਾ ਕਿ ਪੰਜਾਬ ਵਿੱਚ ਮਾਫੀਆ ਰਾਜ ਅਤੇ ਭ੍ਰਿਸ਼ਟਾਚਾਰ ਸਿਖਰਾਂ ‘ਤੇ ਹੈ, ਜਿਸ ਕਾਰਨ ਆਮ ਲੋਕ ਗਰੀਬ ਹੋ ਰਹੇ ਹਨ ਅਤੇ ਸਿਆਸੀ ਆਗੂ ਅਤੇ ਉਨਾਂ ਦੇ ਚੇਲੇ-ਚਪਟੇ ਦਿਨ ਪ੍ਰਤੀ ਦਿਨ ਅਮੀਰ ਹੋ ਰਹੇ ਹਨ। ਸਤਿੰਦਰ ਜੈਨ ਨੇ ਵਪਾਰੀਆਂ ਕਾਰੋਬਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਪੰਜਾਬ ਵਿੱਚੋਂ ਮਾਫੀਆ ਰਾਜ ਅਤੇ ਭ੍ਰਿਸ਼ਟਾਚਾਰ ਖ਼ਤਮ ਕੀਤਾ ਜਾਵੇਗਾ ਅਤੇ ਵਪਾਰ ਲਈ ਕਾਰਗਾਰ ਮਹੌਲ ਸਿਰਜਿਆ ਜਾਵੇਗਾ।
ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਸਤਿੰਦਰ ਜੈਨ ਨੇ ਕਿਹਾ ਕਿ ਪੰਜਾਬ ਦੇ ਵਪਾਰੀ ਵੋਟ ਦੇਣਾ ਅਤੇ ਟੈਕਸ ਦੇਣਾ ਜਾਣਦੇ ਹਨ। ਦੂਜੇ ਪਾਸੇ ਸਿਆਸੀ ਆਗੂ ਵੋਟ ਲੈਣਾ ਅਤੇ ਟੈਕਸ ਖਾਣਾ ਹੀ ਜਾਣਦੇ ਹਨ। ਪੰਜਾਬ ਦੀ ਸੱਤਾ ‘ਤੇ ਕਾਬਜ ਰਹੀਆਂ ਪਾਰਟੀਆਂ ਅਕਾਲੀ ਦਲ, ਕਾਂਗਰਸ , ਭਾਜਪਾ ਆਦਿ ਨੇ ਰਲਮਿਲ ਕੇ ਪੰਜਾਬ ਦੇ ਖ਼ਜਾਨੇ ਨੂੰ ਲੁੱਟਿਆ ਹੈ। ਪਰ ਪੰਜਾਬ ਦੇ ਕਾਰੋਬਾਰੀਆਂ ਵਪਾਰੀਆਂ ਨੂੰ ਚੋਰ ਕਹਿ ਕੇ ਨਿੰਦਿਆਂ ਜਾਂਦਾ ਹੈ, ਜਦੋਂ ਕਿ ਸਚਾਈ ਇਹ ਹੈ ਕਿ ਕਾਰੋਬਾਰੀ ਵਪਾਰੀ ਲੋਕਾਂ ਨੂੰ ਰੋਜ਼ਗਾਰ ਦਿੰਦੇ ਹਨ। ਉਨਾਂ ਕਿ ਪੰਜਾਬ ਦੇ ਨੋਜਵਾਨ ਵਿਦੇਸ਼ਾਂ ਨੂੰ ਜਾ ਰਹੇ ਹਨ। ਕੀ ਕਾਰਨ ਹੈ ਅੱਜ ਸਭ ਤੋਂ ਜਿਆਦਾ ਪੰਜਾਬੀ ਕਾਰੋਬਾਰੀ ਕੈਨੇਡਾ ਦੀ ਧਰਤੀ ‘ਤੇ ਕਾਮਯਾਬ ਹਨ। ਜੈਨ ਨੇ ਕਿਹਾ ਕੈਨੇਡਾ ਵਿੱਚ ਇੱਕ ਤਾਂ ਰਿਸ਼ਵਤਖੋਰੀ ਨਹੀਂ ਹੈ ਅਤੇ ਦੂਜਾ ਉਥੇ ਵਪਾਰ ਕਰਨਾ ਆਸਾਨ ਹੈ।
ਸਤਿੰਦਰ ਜੈਨ ਨੇ ਕਿਹਾ ਕਿ ਪੰਜਾਬ ਸਮੇਤ ਦੇਸ਼ ਵਿੱਚ ਵੱਡੀਆਂ ਕੰਪਨੀਆਂ ਵਪਾਰੀਆਂ ਅਤੇ ਲੋਕਾਂ ਨੂੰ ਲੁੱਟ ਰਹੀਆਂ ਹਨ ਅਤੇ ਇਨਾਂ ਕੰਪਨੀਆਂ ਨੂੰ ਸੁਰੱਖਿਆ ਅਤੇ ਲੁੱਟਣ ਦੀ ਖੁਲ ਦੇਸ਼ ਦੇ ਰਾਜ ਕਰਨ ਵਾਲੀਆਂ ਪਾਰਟੀਆਂ ਭਾਰਤੀ ਜਨਤਾ ਪਾਰਟੀ, ਕਾਂਗਰਸ ਅਤੇ ਅਕਾਲੀ ਦਲ ਵੱਲੋਂ ਦਿੱਤੀ ਗਈ ਹੈ। ਉਨਾਂ ਕਿਹਾ ਕਿ ਇੱਕ ਕਾਰੋਬਾਰੀ ਨੂੰ ਸਰਕਾਰੀ ਅਫ਼ਸਰ, ਸਿਆਸੀ ਆਗੂ ਅਤੇ ਵੰਡੀਆਂ ਕੰਪਨੀਆਂ ਲੁੱਟ ਰਹੀਆਂ ਹਨ। ਇਹੋ ਲੁੱਟ ਬੰਦ ਕਰਨੀ ਪੈਣੀ ਹੈ। ਜੈਨ ਨੇ ਕਿਹਾਕਿ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਕਾਰੋਬਾਰੀਆਂ ਦੀ ਲੁੱਟ ਬੰਦ ਕੀਤੀ ਹੈ ਅਤੇ ਕਾਰੋਬਾਰ ਕਰਨ ਲਈ ਜ਼ਰੂਰੀ ਦਫ਼ਤਰੀ ਕਾਰਵਾਈ ਵੀ ਸੁਖਾਲੀ ਕੀਤੀ ਹੋਈ ਹੈ ਅਤੇ ਗੈਰ ਜ਼ਰੂਰੀ ਕਾਰਵਾਈ ਖਤਮ ਕਰ ਦਿੱਤੀ ਹੈ।
ਸਤਿੰਦਰ ਜੈਨ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਸਰਕਾਰ ਬਣਨ ਤੋਂ ਦੂਜੇ ਦਿਨ ਹੀ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਬੰਦ ਕਰ ਦਿੱਤੀ ਜਾਵੇਗੀ ਕਿਉਂਕਿ ਆਮ ਅਦਾਮੀ ਪਾਰਟੀ ਨੂੰ ਭ੍ਰਿਸ਼ਟਾਚਾਰ ਖ਼ਤਮ ਕਰਨਾ ਆਉਂਦਾ ਹੈ। ਉਨਾਂ ਕਿਹਾ ਕਿ ਸਰਕਾਰ ਬਣਾ ਕੇ ਐਲਾਨ ਕੀਤਾ ਜਾਵੇਗਾ ਕਿ ਪੰਜਾਬ ਵਿੱਚ ਰਿਸ਼ਵਖੋਰੀ ਬੰਦ ਹੈ, ਪਰ ਫਿਰ ਵੀ ਜਿਹੜਾ ਅਫ਼ਸਰ ਰਿਸ਼ਵਤ ਲਵੇਗਾ, ਉਸ ‘ਤੇ ਡੰਡਾ ਚਲਾਵਾਂਗੇ। ਜੈਨ ਨੇ ਕਿਹਾ ਪੰਜਾਬ ਕਰਾਂਤੀਕਾਰੀ ਸੂਬਾ ਹੈ, ਜਿਸ ਦੀ ਕਰਾਂਤੀ ਕਾਰਨ ਹੀ ਅੰਗਰੇਜ਼ ਦੇਸ਼ ਛੱਡ ਕੇ ਭੱਜੇ ਹਨ। ਪੰਜਾਬ ਦੇ ਲੋਕ ਹੁਣ ਫਿਰ ਕਰਾਂਤੀ ਕਰਨਗੇ ਅਤੇ ਭ੍ਰਿਸ਼ਟਾਚਾਰੀਆਂ ਨੂੰ ਭਜਾਉਣਗੇ।
ਪੰਜਾਬ ਦੇ ਲੋਕਾਂ ਤੋਂ ਭਰਪੂਰ ਬਹੁਮਤ ਦੀ ਮੰਗ ਕਰਦਿਆਂ ਸਤਿੰਦਰ ਜੈਨ ਨੇ ਕਿਹਾ ਕਿ ਭਾਵੇਂ ਸਰਵਿਆਂ ਵਿੱਚ ਆਮ ਆਦਮੀ ਪਾਰਟੀ ਨੂੰ 60 ਦੇ ਕਰੀਬ ਸੀਟਾਂ ਦੇ ਕੇ ‘ਆਪ’ ਦੀ ਯਕੀਨਨ ਸਰਕਾਰ ਬਣਾ ਰਹੇ ਹਨ, ਪਰ ਉਹ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਹਨ ਕਿ ਘੱਟੋ ਤੋਂ ਘੱਟ 80 ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਉਣ ਤਾਂ ਜੋ ਵਾਰੀ ਬੰਨ ਰਾਜ ਕਰਨ ਵਾਲੀਆਂ ਪਾਰਟੀਆਂ ਨੂੰ ਸਬਕ ਸਿਖਾਇਆ ਜਾਵੇ। ਜੈਨ ਨੇ ਕਿਹਾ ਕਿ ਉਨਾਂ ਨੂੰ ਪੂਰਾ ਯਕੀਨ ਹੈ ਪਕ ਪੰਜਾਬ ਦੇ ਲੋਕ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਰੂਰ ਬਣਾਉਣਗੇ ਅਤੇ ਅਗਲੀ ਵਾਰ ਕੁੱਲ ਸੀਟਾਂ ਵਿਚੋਂ 90 ਫ਼ੀਸਦੀ ਸੀਟਾਂ ਪਾਰਟੀ ਦੀ ਝੋਲੀ ਵਿੰਚ ਪਾਇਆ ਕਰਨਗੇ।

English





