ਪੰਜਾਬ ਵਿੱਚ ਕਾਂਗਰਸ ਦੇ ਰਾਜ ਦੌਰਾਨ ਔਰਤ ਵਰਗ ਅਸੁਰੱਖਿਅਤ
ਹੁਸ਼ਿਆਰਪੁਰ, 23 ਅਕਤੂਬਰ 2020
ਆਮ ਆਦਮ ਪਾਰਟੀ (ਆਪ) ਪੰਜਾਬ ਦੀ ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਟਾਂਡਾ ਕਸਬੇ ਨੇੜੇ ਪਿੰਡ ਜਲਾਲਪੁਰ ਵਿਖੇ 5 ਸਾਲ ਦੀ ਬੱਚੀ ਨਾਲ ਹੋਏ ਜਬਰ ਜ਼ਿਨਾਹ ਨੇ ਹਰ ਵਰਗ ਦੇ ਲੋਕਾਂ ਵਿਚ ਨਾਰਾਜ਼ਗੀ ਅਤੇ ਅਸੁਰੱਖਿਆ ਦੀ ਭਾਵਨਾ ਫੈਲਾ ਦਿੱਤੀ ਹੈ।
‘ਆਪ’ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਪੰਜਾਬ ਵਿੱਚ ਅਮਨ-ਕਾਨੂੰਨ ਦੀ ਵਿਗੜ ਰਹੀ ਸਥਿਤੀ ‘ਤੇ ਆਪਣੀ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਇੱਕ ਸਮਾਂ ਸੀ ਜਦੋਂ ਪੰਜਾਬ ਦੇ ਲੋਕ ਧੀਆਂ ਦੀ ਜਾਨ ਅਤੇ ਮਾਣ ਦੀ ਰਾਖੀ ਲਈ ਜਾਣੇ ਜਾਂਦੇ ਸਨ, ਪਰ ਰਾਜ ਦੇ ਹਾਲਾਤ ਇੱਕ ਅਰਸੇ ਦੌਰਾਨ ਇਸ ਹੱਦ ਤੱਕ ਅਤਿਅੰਤ ਬਦਲ ਗਏ ਹਨ ਕਿ ਸੂਬੇ ਦੀਆਂ ਧੀਆਂ ਆਪਣੇ ਪੰਜਾਬ ਵਿੱਚ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਸਾਲ 2018-2019 ਦੌਰਾਨ ਪੰਜਾਬ ਵਿੱਚ ਬਲਾਤਕਾਰ ਦੇ 5058 ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਸਿਰਫ਼ 30 ਪ੍ਰਤੀਸ਼ਤ ਕੇਸਾਂ ਦੀ ਸੁਣਵਾਈ ਕੀਤੀ ਗਈ ਹੈ, ਜਦੋਂ ਕਿ 70% ਪੀੜਤ ਅਜੇ ਵੀ ਇਨਸਾਫ਼ ਦੀ ਮੰਗ ਲਈ ਪੁਲਿਸ ਥਾਣਿਆਂ ਦੇ ਚੱਕਰ ਕੱਟਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਸਰਕਾਰ ਆਪਣੀ ਅਤੇ ਉਸ ਦੇ ਸਾਥੀਆਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਵਿੱਚ ਰੁੱਝੀ ਹੋਈ ਹੈ, ਪਰੰਤੂ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਸਭ ਤੋਂ ਮਾੜੀ ਹੈ ਅਤੇ ਸਮਾਜ ਦੇ ਹਰ ਵਰਗ ਨੇ ਮੌਜੂਦਾ ਸਰਕਾਰ ‘ਤੇ ਉਮੀਦ ਅਤੇ ਵਿਸ਼ਵਾਸ ਗੁਆ ਦਿੱਤਾ ਹੈ।

English






