ਪੰਜਾਬ ਦਾ ਇੱਕ ਐਨ.ਐਸ.ਐਸ. ਅਫ਼ਸਰ ਅਤੇ ਦੋ ਵਲੰਟੀਅਰ ਨੈਸ਼ਨਲ ਐਵਾਰਡ ਨਾਲ ਸਨਮਾਨਤ

Punjab’s NSS officer and two volunteers get National NSS Awards

ਖੇਡਾਂ ਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਸੋਢੀ ਨੇ ਸੂਬੇ ਦਾ ਨਾਮ ਰੌਸ਼ਨ ਕਰਨ ਵਾਲੇ ਨੈਸ਼ਨਲ ਐਵਾਰਡੀਆਂ ਦੀ ਪਿੱਠ ਥਾਪੜੀ

ਚੰਡੀਗੜ, 24 ਸਤੰਬਰ:

ਮਨੁੱਖਤਾ ਦੀ ਸੇਵਾ ਦੀ ਪੰਜਾਬੀਆਂ ਦੀ ਭਾਵਨਾ ਦਾ ਸਨਮਾਨ ਕਰਦਿਆਂ ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੇ ਅੱਜ ਸਾਲ 2018-19 ਲਈ ਕੌਮੀ ਸੇਵਾ ਸਕੀਮ (ਐਨ.ਐਸ.ਐਸ.) ਅਧੀਨ ਤਿੰਨ ਨੈਸ਼ਨਲ ਐਵਾਰਡਾਂ ਨਾਲ ਸੂਬੇ ਦਾ ਸਨਮਾਨ ਕੀਤਾ। ਕੌਮੀ ਪੱਧਰ ਦੇ 10 ਐਨ.ਐਸ.ਐਸ. ਐਵਾਰਡਾਂ ਵਿੱਚੋਂ ਪ੍ਰੋਗਰਾਮ ਅਫ਼ਸਰ ਵਰਗ ਦਾ ਇਕ ਐਵਾਰਡ ਪੰਜਾਬ ਨੂੰ ਮਿਲਿਆ, ਜਦੋਂ ਕਿ ਸੂਬੇ ਦੇ ਦੋ ਵਲੰਟੀਅਰਾਂ ਨੂੰ ਐਨ.ਐਸ.ਐਸ. ਵਲੰਟੀਅਰ ਵਰਗ ਵਿੱਚ ਕੌਮੀ ਐਵਾਰਡ ਮਿਲੇ। ਇਸ ਵਰਗ ਵਿੱਚ ਕੁੱਲ 30 ਐਵਾਰਡ ਦੇਸ਼ ਭਰ ਵਿੱਚ ਦਿੱਤੇ ਗਏ।

ਇਨਾਂ ਨੈਸ਼ਨਲ ਐਵਾਰਡੀਆਂ ਦੇ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਪੰਜਾਬ ਦੇ ਖੇਡ ਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਇਹ ਐਵਾਰਡ ਵਿਗਿਆਨ ਭਵਨ, ਨਵੀਂ ਦਿੱਲੀ ਤੋਂ ਅੱਜ ਆਨਲਾਈਨ ਮਾਧਿਅਮ ਰਾਹੀਂ ਦਿੱਤੇ ਗਏ। ਉਨਾਂ ਦੱਸਿਆ ਕਿ ਮਾਤਾ ਸੁੰਦਰੀ ਗਰਲਜ਼ ਕਾਲਜ, ਢੱਡੇ, ਜ਼ਿਲਾ ਬਠਿੰਡਾ ਦੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਸ੍ਰੀ ਅੰਗਰੇਜ਼ ਸਿੰਘ ਨੂੰ ਐਨ.ਐਸ.ਐਸ. ਯੂਨਿਟਸ ਤੇ ਪ੍ਰੋਗਰਾਮ ਅਫ਼ਸਰ ਵਰਗ ਵਿੱਚ 70 ਹਜ਼ਾਰ ਦਾ ਨਕਦ ਇਨਾਮ, ਇਕ ਚਾਂਦੀ ਦਾ ਤਮਗ਼ਾ ਅਤੇ ਇਕ ਸਰਟੀਫ਼ਿਕੇਟ ਦਿੱਤਾ ਗਿਆ, ਜਦੋਂ ਕਿ ਮਾਤਾ ਸੁੰਦਰੀ ਗਰਲਜ਼ ਕਾਲਜ ਦੀ ਐਨ.ਐਸ.ਐਸ. ਇਕਾਈ ਨੂੰ ਐਨ.ਐਸ.ਐਸ. ਪ੍ਰੋਗਰਾਮ ਵਿਕਾਸ ਵਰਗ ਵਿੱਚ ਇਕ ਲੱਖ ਰੁਪਏ ਅਤੇ ਇਕ ਟਰਾਫ਼ੀ ਦਿੱਤੀ ਗਈ।

ਉਨਾਂ ਦੱਸਿਆ ਕਿ ਇਸੇ ਤਰਾਂ ਐਨ.ਐਸ.ਐਸ. ਵਲੰਟੀਅਰ ਵਰਗ ਵਿੱਚ ਮਾਤਾ ਸੁੰਦਰੀ ਗਰਲਜ਼ ਕਾਲਜ, ਢੱਡੇ (ਬਠਿੰਡਾ) ਦੀ ਸੁਖਦੀਪ ਕੌਰ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ (ਕਪੂਰਥਲਾ) ਦੇ ਗੌਰਵ ਸਿੰਘਲ ਨੂੰ ਵਲੰਟੀਅਰ ਵਰਗ ਵਿੱਚ 50-50 ਹਜ਼ਾਰ ਰੁਪਏ ਦਾ ਨਕਦ ਇਨਾਮ, ਚਾਂਦੀ ਦਾ ਤਮਗ਼ਾ ਅਤੇ ਸਰਟੀਫ਼ਿਕੇਟ ਦਿੱਤਾ ਗਿਆ।

ਰਾਣਾ ਸੋਢੀ ਨੇ ਕਿਹਾ ਕਿ ਇਹ ਪੰਜਾਬ ਲਈ ਵੱਡਾ ਮਾਅਰਕਾ ਹੈ ਕਿਉਂਕਿ ਇਸ ਦੇ ਐਨ.ਐਸ.ਐਸ. ਅਫ਼ਸਰ ਅਤੇ ਵਲੰਟੀਅਰ ਕੋਵਿਡ-19 ਦੇ ਮੁਸ਼ਕਲਾਂ ਭਰੇ ਦੌਰ ਦੌਰਾਨ ਮਨੁੱਖਤਾ ਦੀ ਅਣਥੱਕ ਸੇਵਾ ਕਰ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਲਈ ਨਾਮਣਾ ਖੱਟਣ ਵਾਲੇ ਇਹ ਅਫ਼ਸਰ ਤੇ ਵਲੰਟੀਅਰ ਹੋਰ ਸੰਸਥਾਵਾਂ ਦੇ ਸਟਾਫ਼ ਤੇ ਪੰਜਾਬ ਦੇ ਲੋਕਾਂ ਲਈ ਪ੍ਰੇਰਨਾ ਦੇ ਸਰੋਤ ਬਣਨਗੇ।