ਜ਼ਿਲ੍ਹਾ ਰੂਪਨਗਰ ਵਿੱਚ ਰੋਇੰਗ ਤੇ ਕੈਕਿੰਗ ਕੈਨੋਇੰਗ ਰਾਜ ਪੱਧਰੀ ਮੁਕਾਬਲੇ 19 ਤੋਂ 22 ਅਕਤੂਬਰ ਤੱਕ

ਸਤਲੁੱਜ ਦਰਿਆ ਪਾਣੀ ਦੀਆਂ ਖੇਡਾਂ ਲਈ ਭਾਰਤ ਵਿਚ ਸਭ ਤੋਂ ਬਿਹਤਰੀਨ ਸਥਾਨ 
ਰੂਪਨਗਰ, 14 ਅਕਤੂਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਪ੍ਰਤੀ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਬਲਾਕ ਪੱਧਰ ਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਤੋਂ ਬਾਅਦ ਹੁਣ ਖਿਡਾਰੀਆਂ ਦੇ ਰਾਜ ਪੱਧਰੀ ਮੁਕਾਬਲਿਆਂ ਤਹਿਤ 19 ਅਕਤੂਬਰ ਤੋਂ 22 ਅਕਤੂਬਰ ਤੱਕ ਰੂਪਨਗਰ ਵਿਖੇ ਮੁਕਬਾਲੇ ਕਰਵਾਏ ਜਾਣਗੇ। ਸਤਲੁੱਜ ਦਰਿਆ ਵਿਖੇ ਕਾਰਵਾਈਆਂ ਜਾ ਰਹੀਆਂ ਰੋਇੰਗ ਅਤੇ ਕੈਕਿੰਗ ਕੈਨੋਇੰਗ ਖੇਡਾਂ ਦੀ ਤਿਆਰੀ ਸਬੰਧੀ ਅੱਜ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਇਕ ਵਿਸ਼ੇਸ਼ ਮੀਟਿੰਗ ਕੀਤੀ।
ਇਸ ਬਾਬਤ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਸਤਲੁੱਜ ਦਰਿਆ ਪਾਣੀ ਦੀਆਂ ਖੇਡਾਂ ਲਈ ਭਾਰਤ ਦਾ ਸਭ ਤੋਂ ਬਿਹਤਰੀਨ ਸਥਾਨ ਹੈ ਜਿੱਥੇ ਅਭਿਆਸ ਕਰਕੇ ਰਾਸ਼ਟਰੀ ਅਤੇ ਏਸ਼ੀਆ ਪੱਧਰ ਦੇ ਖਿਡਾਰੀ ਬਣੇ ਹਨ।
ਜ਼ਿਲ੍ਹਾ ਰੂਪਨਗਰ ਵਿਖੇ “ਖੇਡਾਂ ਵਤਨ ਪੰਜਾਬ ਦੀਆਂ -2022” ਤਹਿਤ ਰਾਜ ਪੱਧਰੀ ਰੋਇੰਗ ਅਤੇ ਕੈਕਿੰਗ ਕੈਨੋਇੰਗ ਖੇਡਾਂ 19 ਅਕਤੂਬਰ ਤੋਂ 22 ਅਕਤੂਬਰ ਤੱਕ ਕਰਵਾਈਆ ਜਾਣਗੀਆਂ ਜਿਸ ਸਬੰਧ ਹਰ ਪੱਧਰ ਉੱਤੇ ਪੁੱਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਵਿੱਚ ਇਹ ਖੇਡਾਂ ਸਤਲੁਜ ਦਰਿਆ ਦੇ ਕੰਢੇ ਤੇ ਕਟਲੀ ਵੈਟਲੈਂਡ ‘ਤੇ ਕਰਵਾਈਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਹ ਹਦਾਇਤ ਕੀਤੀ ਕਿ ਖ਼ਿਡਾਰੀਆਂ ਦੇ ਰਹਿਣ ਲਈ ਰਿਹਾਇਸ਼ ਦਾ ਪ੍ਰਬੰਧ, ਖਾਣ-ਪੀਣ ਦਾ ਪ੍ਰਬੰਧ, ਸੁਰੱਖਿਆ, ਪੀਣ ਵਾਲੇ ਪਾਣੀ, ਪਖਾਨੇ, ਟਰਾਂਸਪੋਰਟ ਅਤੇ ਹੋਰ ਸਾਰੇ ਹੀ ਲੋੜੀਂਦੇ ਪ੍ਰਬੰਧ ਸਮੇਬਧ ਸੀਮਾ ਵਿਚ ਮੁਕੰਮਲ ਕੀਤੇ ਜਾਣ ਅਤੇ ਇਹਨਾਂ ਸਬੰਧੀ ਕਿਸੇ ਕਿਸਮ ਦੀ ਢਿੱਲ ਨਾ ਕੀਤੀ ਜਾਵੇ।
ਇਸ ਮੌਕੇ ਉਨਾਂ ਖੇਡ ਵਿਭਾਗ ਨੂੰ ਗੋਤਾ ਖੋਰਾਂ ਦੀ ਤਾਇਨਾਤੀ ਕਰਨ ਦੀ ਹਿਦਾਇਤ ਕੀਤੀ ਅਤੇ ਪੁਲਿਸ ਵਿਭਾਗ ਨੂੰ ਟਰੈਫਿਕ ਪ੍ਰਬੰਧ ਨੂੰ ਯਕੀਨੀ ਕਰਨ ਲਈ ਵੀ ਕਿਹਾ।
ਉਨ੍ਹਾਂ ਕਿਹਾ ਜੇਕਰ ਕੋਈ ਪ੍ਰਾਈਵੇਟ ਪੱਧਰ ਉੱਤੇ ਖਾਣ ਪੀਣ ਦੀ ਸਟਾਲ ਲਗਾਉਣਾ ਇਕਛੁਕ ਹੈ ਤਾਂ ਉਹ ਜਿਲਾ ਖੇਡ ਅਫ਼ਸਰ ਨਾਲ ਸੰਪਰਕ ਕਰ ਸਕਦਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਦਮਨਜੀਤ ਸਿੰਘ ਮਾਨ, ਵਧੀਕ ਕਮਿਸ਼ਨਰ ਸ਼ਿਕਾਇਤਾਂ ਦੀਪਾਂਕਰ ਗਰਗ, ਵਧੀਕ ਕਮਿਸ਼ਨਰ (ਜ) ਅਨਮਜੋਤ ਕੌਰ, ਪੀ ਸੀ ਐਸ ਹਰਜੋਤ ਕੌਰ, ਐਸ.ਡੀ.ਐਮ. ਰੂਪਨਗਰ ਸ. ਹਰਬੰਸ ਸਿੰਘ, ਜ਼ਿਲ੍ਹਾ ਖੇਡ ਅਫਸਰ ਸ਼੍ਰੀ ਰੁਪੇਸ਼ ਕੁਮਾਰ, ਡੀ ਐਸ ਪੀ ਗੁਰਮੀਤ ਸਿੰਘ, ਸਹਾਇਕ ਸਿਵਲ ਸਰਜਨ ਡਾ. ਅੰਜੂ, ਜ਼ਿਲ੍ਹਾ ਸਿਹਤ ਅਫ਼ਸਰ , ਡੀ ਐੱਮ ਸੀ ਡਾ. ਬਲਦੇਵ ਸਿੰਘ, ਸਰਕਾਰੀ ਕਾਲਜ ਪ੍ਰਿੰਸੀਪਲ ਜਤਿੰਦਰ ਗਿੱਲ, ਰੋਡਵੇਜ਼ ਜੀ ਐੱਮ ਪਰਮਵੀਰ ਸਿੰਘ, ਟਰੈਫਿਕ ਮੈਨੇਜਰ ਧੀਰਜ ਕੁਮਾਰ, ਤਹਿਸੀਲਦਾਰ ਜਸਪ੍ਰੀਤ ਸਿੰਘ, ਰੋਇੰਗ ਕੋਚ ਸ. ਜਗਜੀਵਨ ਸਿੰਘ ਅਤੇ ਗੁਰਜਿੰਦਰ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।