21 ਤੇ 22 ਅਪਰੈਲ ਨੂੰ ਰੂਪਨਗਰ ਜ਼ਿਲ੍ਹਿਆਂ ਦੇ ਟਰਾਇਲ ਹੋਣਗੇ
- ਪੀ.ਆਈ.ਐਸ. ਦੇ ਰੈਜੀਡੈਸ਼ਲ ਖੇਡ ਵਿੰਗਾਂ ਲਈ ਲਏ ਜਾਣਗੇ ਟਰਾਇਲ
- ਚੁਣੇ ਜਾਣ ਵਾਲੇ ਖਿਡਾਰੀਆਂ ਨੂੰ ਕੋਚਿੰਗ, ਰਿਹਾਇਸ਼, ਡਾਇਟ, ਮੈਡੀਕਲ ਤੇ ਬੀਮਾ ਦੀਆਂ ਮੁਫ਼ਤ ਸਹੂਲਤਾਂ ਮਿਲਣਗੀਆਂ
ਰੂਪਨਗਰ, 29 ਮਾਰਚ : ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਦੇ ਰੈਜੀਡੈਂਸ਼ਲ ਖੇਡ ਵਿੰਗਾਂ ਲਈ ਖਿਡਾਰੀਆਂ ਦੀ ਚੋਣ ਵਾਸਤੇ ਟਰਾਇਲ 3 ਅਪਰੈਲ ਤੋਂ 25 ਅਪਰੈਲ ਤੱਕ ਲਏ ਜਾ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਰੋਇੰਗ ਖੇਡ ਲਈ ਲੜਕੇ ਤੇ ਲੜਕੀਆਂ ਅੰਡਰ 14, 17 ਅਤੇ 19 ਉਮਰ ਵਰਗ ਦੇ ਖਿਡਾਰੀਆਂ ਦੇ ਟਰਾਇਲ ਰੂਪਨਗਰ ਦੇ ਨਹਿਰੂ ਸਟੇਡੀਅਮ ਵਿਖੇ 3 ਤੇ 4 ਅਪਰੈਲ ਨੂੰ ਲਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਖੇਡ ਮੰਤਰੀ ਸ.ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਵਿੱਚ ਇਸ ਵਾਰ ਟਰਾਇਲਾਂ ਦਾ ਦਾਇਰਾ ਵਧਾਉਂਦਿਆਂ ਵੱਖ-ਵੱਖ ਖੇਡਾਂ ਦੇ ਟਰਾਇਲ 11 ਸਥਾਨਾਂ ਤੇ ਲਏ ਜਾਣਗੇ ਜਿਸ ਤੋਂ ਬਾਅਦ ਇਨ੍ਹਾਂ ਟਰਾਇਲਾਂ ਵਿੱਚੋਂ ਚੁਣੇ ਗਏ ਖਿਡਾਰੀਆਂ ਦੇ ਫਾਈਨਲ ਟਰਾਇਲ 24 ਅਪਰੈਲ ਤੋਂ ਸ਼ੁਰੂ ਹੋਣਗੇ ਜੋ ਕਿ 26 ਅਪਰੈਲ ਤੱਕ ਚੱਲਣਗੇ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪੰਜਾਬ ਨੂੰ ਖੇਡਾਂ ਵਿੱਚ ਮੁੜ ਮੋਹਰੀ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਵੱਲੋਂ ਨਿਰੰਤਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਿਛਲੇ ਸਾਲ ਪਹਿਲੀ ਵਾਰ ਕਰਵਾਈਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਨੂੰ ਵੱਡਾ ਹੁਲਾਰਾ ਮਿਲਿਆ। 3 ਲੱਖ ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ ਜਿਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਨਵੇ ਸੈਸ਼ਨ ਲਈ ਖੇਡ ਵਿੰਗਾਂ ਦੇ ਟਰਾਇਲਾਂ ਦਾ ਦਾਇਰਾ ਵਧਾਇਆ ਜਾਵੇ। ਵੱਖ-ਵੱਖ ਖੇਡਾਂ ਵਿੱਚ ਛੇ ਉਮਰ ਗਰੁੱਪਾਂ ਅੰਡਰ 10, ਅੰਡਰ 12, ਅੰਡਰ 14, ਅੰਡਰ 17, ਅੰਡਰ 19 ਤੇ ਅੰਡਰ 21 ਦੇ ਟਰਾਇਲ ਪਹਿਲਾਂ ਜ਼ਿਲ੍ਹਾ ਵਾਰ ਬਣਾਏ ਜ਼ੋਨਾਂ ਵਿੱਚ ਹੋਣਗੇ ਅਤੇ ਇਸ ਤੋਂ ਬਾਅਦ ਜ਼ਿਲ੍ਹਿਆਂ ਵਿੱਚੋਂ ਚੁਣੇ ਖਿਡਾਰੀਆਂ ਦੇ ਫਾਈਨਲ ਟਰਾਇਲ ਇਕ ਸਥਾਨ ਉਤੇ ਹੋਣਗੇ।
ਉਨ੍ਹਾਂ ਕਿਹਾ ਕਿ 21 ਤੇ 22 ਅਪਰੈਲ ਨੂੰ ਰੂਪਨਗਰ ਜ਼ਿਲ੍ਹੇ ਵਿਖੇ ਖਿਡਾਰੀਆਂ ਦੇ ਟਰਾਇਲ ਹੋਣਗੇ ਅਤੇ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਖੇਡ ਮੁਕਾਬਲਿਆਂ ਨਾਲ ਬਿਹਤਰੀਨ ਖਿਡਾਰੀ ਸਾਹਮਣੇ ਆਉਣਗੇ। ਟਰਾਇਲਾਂ ਵਾਲੇ ਸਥਾਨ ਵਾਲੇ ਜ਼ਿਲੇ ਵਿੱਚ ਸਬੰਧਤ ਜ਼ਿਲਾ ਖੇਡ ਅਫਸਰ ਨੂੰ ਇੰਚਾਰਜ ਲਗਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ 18 ਖੇਡਾਂ ਦੀਆਂ 1700 ਦੇ ਕਰੀਬ ਸੀਟਾਂ ਲਈ ਟਰਾਇਲ ਹੋਣਗੇ। ਇਸ ਵਾਰ 450 ਸੀਟਾਂ ਵਧਾਈਆਂ ਗਈਆਂ ਹਨ।ਇਹ ਖੇਡਾਂ ਅਥਲੈਟਿਕਸ, ਬਾਸਕਟਬਾਲ, ਮੁੱਕੇਬਾਜ਼ੀ, ਫੁਟਬਾਲ, ਹਾਕੀ, ਜਿਮਨਾਸਟਿਕ, ਜੂਡੋ, ਵਾਲੀਬਾਲ, ਵੇਟਲਿਫਟਿੰਗ, ਕੁਸ਼ਤੀ, ਹੈਂਡਬਾਲ, ਤੀਰਅੰਦਾਜ਼ੀ, ਸਾਈਕਲਿੰਗ, ਤੈਰਾਕੀ, ਟੇਬਲ ਟੈਨਿਸ, ਤਲਵਾਰਬਾਜ਼ੀ, ਨਿਸ਼ਾਨੇਬਾਜ਼ੀ ਅਤੇ ਰੋਇੰਗ ਹਨ। ਚੁਣੇ ਜਾਣ ਵਾਲੇ ਖਿਡਾਰੀਆਂ ਨੂੰ ਕੋਚਿੰਗ, ਰਿਹਾਇਸ਼, ਡਾਇਟ, ਮੈਡੀਕਲ ਤੇ ਬੀਮਾ ਦੀਆਂ ਮੁਫ਼ਤ ਸਹੂਲਤਾਂ ਮਿਲਣਗੀਆਂ।
ਉਨ੍ਹਾਂ ਦੱਸਿਆ ਕਿ ਇਨ੍ਹਾ ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਟਰਾਇਲ ਵਾਲੇ ਦਿਨ ਸਵੇਰੇ 8:30 ਵਜੇ ਰਿਪੋਰਟ ਕਰਨਗੇ। ਖਿਡਾਰੀ ਪੰਜਾਬ ਸੂਬੇ ਦਾ ਵਸਨੀਕ ਹੋਵੇ ਅਤੇ ਉਸ ਵੱਲੋਂ ਪਿਛਲੇ ਤਿੰਨ ਸਾਲਾਂ ਵਿੱਚ ਜਿਲ੍ਹਾ/ਸਟੇਟ/ਨੈਸ਼ਨਲ ਪੱਧਰ ਦੇ ਟੂਰਨਾਮੈਂਟਾਂ ਵਿੱਚ ਤਮਗ਼ਾ ਪ੍ਰਾਪਤ ਕੀਤਾ ਹੋਵੇ, ਜਿਨ੍ਹਾਂ ਖਿਡਾਰੀਆਂ ਦੇ ਮਾਤਾ/ਪਿਤਾ ਯੂ.ਟੀ. (ਚੰਡੀਗੜ੍ਹ) ਵਿਚ ਸਥਿਤ ਪੰਜਾਬ ਰਾਜ ਦੇ ਸਰਕਾਰੀ ਅਦਾਰਿਆਂ ਵਿੱਚ ਤਾਇਨਾਤ ਹਨ, ਦੇ ਬੱਚੇ ਵੀ ਟਰਾਇਲਾਂ ਵਿੱਚ ਭਾਗ ਲੈ ਸਕਦੇ ਹਨ। ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ। ਭਾਗ ਲੈਣ ਵਾਲੇ ਖਿਡਾਰੀ ਆਪਣੇ ਨਾਲ ਆਧਾਰ ਕਾਰਡ, ਜਨਮ ਸਰਟੀਫਿਕੇਟ ਅਤੇ 2 ਪਾਸਪੋਰਟ ਸਾਈਜ਼ ਦੀਆਂ ਫੋਟੋਆਂ ਨਾਲ ਲੈ ਕੇ ਆਉਣ। ਟਰਾਇਲਾਂ ਦੌਰਾਨ ਖਿਡਾਰੀਆਂ ਦੀ ਗਿਣਤੀ ਵੱਧ ਜਾਣ ਉਪਰੰਤ ਸਬੰਧਤ ਸਥਾਨ ਉਤੇ ਟਰਾਇਲਾਂ ਦੀ ਮਿਤੀ ਇੱਕ ਦਿਨ ਲਈ ਹੋਰ ਵਧਾਈ ਜਾਵੇਗੀ। ਵਧੇਰੇ ਤੇ ਵਿਸਥਾਰਤ ਜਾਣਕਾਰੀ ਵਿਭਾਗ ਦੀ ਵੈਬਸਾਈਟ www.pispunjab.org ਉਤੇ ਉਪਲੱਬਧ ਹੈ ਜਾਂ ਫਿਰ ਜ਼ਿਲ੍ਹਾ ਖੇਡ ਦਫਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।

English






