ਸਰਕਾਰੀ ਸਕੂਲਾਂ ‘ਚ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਲਈ 6.43 ਕਰੋੜ ਰੁਪਏ ਮਨਜ਼ੂਰ: ਵਿਜੈ ਇੰਦਰ ਸਿੰਗਲਾ

VIJAYINDER SINGLA
ਪੰਜਾਬ ਸਰਕਾਰ ਨੇ ਸਰਹਿੰਦ-ਫਤਹਿਗੜ੍ਹ ਸਾਹਿਬ-ਬੇਲਾ ਸੜਕ ਦਾ ਨਾਮ ਮਾਤਾ ਗੁਜਰ ਕੌਰ ਜੀ ਦੇ ਨਾਂ ‘ਤੇ ਰੱਖਿਆ: ਵਿਜੈ ਇੰਦਰ ਸਿੰਗਲਾ

832 ਸਰਕਾਰੀ ਸਕੂਲਾਂ ਦੇ ਸਮਾਰਟ ਕਲਾਸਰੂਮਾਂ ‘ਚ ਪੇਂਟ ਅਤੇ ਹੋਰ ਨਵੀਨੀਕਰਨ ਕਾਰਜਾਂ ‘ਤੇ ਵੀ ਖ਼ਰਚੇ ਜਾਣਗੇ 73.38 ਲੱਖ ਰੁਪਏ: ਸਕੂਲ ਸਿੱਖਿਆ ਮੰਤਰੀ

ਚੰਡੀਗੜ੍ਹ, 15 ਜੁਲਾਈ:

 ਸਕੂਲ ਸਿੱਖਿਆ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਲਈ ਲਗਾਤਾਰ ਲੋੜੀਂਦੇ ਫੰਡਾਂ ਦੀ ਵਿਵਸਥਾ ਯਕੀਨੀ ਬਣਾਈ ਜਾ ਰਹੀ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਲਗਭਗ 13,000 ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਨ ਤੋਂ ਇਲਾਵਾ, ਸੂਬਾ ਸਰਕਾਰ ਨੇ ਸਿੱਖਿਆ ਖੇਤਰ ਦੀਆਂ ਪ੍ਰਭਾਵਸ਼ਾਲੀ ਗਤੀਵਿਧੀਆਂ ਲਈ ਹੋਰ ਸਹੂਲਤਾਂ ਦੇਣ ਅਤੇ ਸਕੂਲਾਂ ਦੀ ਦਿੱਖ ਨੂੰ ਆਕਰਸ਼ਕ ਬਣਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਮਾਰਟ ਸਕੂਲ ਪ੍ਰਾਜੈਕਟ ਤਹਿਤ ਸੂਬੇ ਭਰ ਦੇ ਸਰਬੋਤਮ ਸਕੂਲਾਂ ਵਿੱਚ ਗੇਟਾਂ ਦੀ ਉਸਾਰੀ ਤੇ ਨਵੀਨੀਕਰਨ ਅਤੇ ਰਿਸੈਪਸ਼ਨ ਏਰੀਏ ਦੀ ਉਸਾਰੀ ਲਈ 6.43 ਕਰੋੜ ਰੁਪਏ ਦੀ ਰਾਸ਼ੀ ਦੀ ਗਰਾਂਟ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਹਾਲ ਹੀ ਵਿੱਚ ਨਵੇਂ ਸਮਾਰਟ ਕਲਾਸਰੂਮਾਂ ਲਈ 117 ਕਰੋੜ ਰੁਪਏ ਦਾ ਬਜਟ ਪਹਿਲਾਂ ਹੀ ਮਨਜ਼ੂਰ ਕੀਤਾ ਜਾ ਚੁੱਕਾ ਹੈ ਤੇ ਹੁਣ ਸਿੱਖਿਆ ਵਿਭਾਗ ਵੱਲੋਂ 832 ਸਰਕਾਰੀ ਸਕੂਲਾਂ ਦੇ ਸਮਾਰਟ ਕਲਾਸਰੂਮਾਂ ਦੇ ਪੇਂਟ ਅਤੇ ਹੋਰ ਨਵੀਨੀਕਰਨ ਕਾਰਜਾਂ ਲਈ 73.38 ਲੱਖ ਰੁਪਏ ਦੀ ਵਾਧੂ ਗ੍ਰਾਂਟ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਹੋਰ 14,853 ਕਲਾਸਰੂਮਾਂ ਵਿੱਚ ਇਸੇ ਤਰ੍ਹਾਂ ਦੇ ਕੰਮਾਂ ਲਈ ਵੀ ਜਲਦ ਹੀ 4.46 ਲੱਖ ਦੀ ਗਰਾਂਟ ਜਾਰੀ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਗ੍ਰਾਂਟਾਂ ਦੀ ਉਚਿਤ ਵਰਤੋਂ ਲਈ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਪਹਿਲਾਂ ਹੀ ਜਾਰੀ ਕਰ ਦਿੱਤੀਆਂ ਗਈਆਂ ਹਨ। ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਮਾਰਟ ਕਲਾਸਰੂਮਾਂ ਦੇ ਦਰਵਾਜ਼ਿਆਂ ਅਤੇ ਖਿੜਕੀਆਂ ‘ਤੇ ਪੇਂਟ ਅਤੇ ਪ੍ਰਾਜੈਕਟਰਾਂ ਦੀ ਸੁਰੱਖਿਆ ਸਬੰਧੀ ਲੋੜੀਂਦੇ ਕਾਰਜਾਂ ਨੂੰ ਯਕੀਨੀ ਬਣਾਉਣ।

ਸ੍ਰੀ ਸਿੰਗਲਾ ਨੇ ਦੱਸਿਆ ਕਿ ਸੂਬੇ ਭਰ ਵਿੱਚੋਂ  ਸਭ ਤੋਂ ਵਧੀਆ 735 ਸਰਕਾਰੀ ਸਕੂਲਾਂ ਦੀ ਚੋਣ ਕੀਤੀ ਗਈ ਹੈ ਅਤੇ ਇਨ੍ਹਾਂ ਸਕੂਲਾਂ ਵਿੱਚ ਰਿਸੈਪਸ਼ਨ ਏਰੀਏ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਿਸੈਪਸ਼ਨ ਏਰੀਏ ਦੀ ਵਰਤੋਂ ਮਾਪਿਆਂ ਤੇ ਹੋਰਨਾਂ ਵਿਅਕਤੀਆਂ ਲਈ ਆਓ-ਭਗਤ ਤੇ ਮੀਟਿੰਗ ਰੂਮ ਵਜੋਂ ਕੀਤੀ ਜਾਵੇਗੀ ਤਾਂ ਜੋ ਕਲਾਸਾਂ ਨੂੰ ਪ੍ਰੇਸ਼ਾਨ ਕੀਤੇ ਬਿਨਾਂ ਉਨ੍ਹਾਂ ਨੂੰ ਸਕੂਲ ਵਿੱਚ ਉਪਲਬਧ ਸਹੂਲਤਾਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ।

—————