SAD demands Rs 20,000 per acre compensation for farmers affected by dwarfing disease

ਅਕਾਲੀ ਦਲ ਨੇ ਡਵਾਰਫਿੰਗ ਬਿਮਾਰੀ ਨਾਲ ਝੋਨੇ ਨੂੰ ਮਾਰ ਪੈਣ ’ਤੇ ਕਿਸਾਨਾਂ ਲਈ 20 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਮੰਗਿਆ

ਚੰਡੀਗੜ੍ਹ, 4 ਸਤੰਬਰ :  ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਜਿਹੜੇ ਕਿਸਾਨਾਂ ਦਾ ਡਵਾਰਫਿੰਗ ਬਿਮਾਰੀ ਨਾਲ ਝੋਨੇ ਦਾ ਨੁਕਸਾਨ ਹੋਇਆ ਹੈ, ਉਹਨਾਂ ਨੂੰ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਦੇ ਕਈ ਜ਼ਿਲਿ੍ਹਆਂ ਵਿਚ ਝੋਨੇ ਦੀ ਫਸਲ ਨੂੰ ਡਵਾਰਫਿੰਗ ਰੋਗ ਦੀ ਮਾਰ ਪੈ ਗਈ ਹੈ ਜਿਸ ਨਾਲ 20 ਤੋਂ 25 ਫੀਸਦੀ ਫਸਲ ਖਤਮ ਹੋ ਗਈ ਹੈ ਤੇ ਇਸ ਨਾਲ ਪ੍ਰਤੀ ਏਕੜ ਝਾੜ 10 ਕੁਇੰਟਲ ਘੱਟਣ ਦਾ ਖਦਸ਼ਾ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਤੁਰੰਤ ਦਖਲ ਦੇ ਕੇ ਕਿਸਾਨਾਂ ਨੂੰ ਇਸ ਨੁਕਸਾਨ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ।

ਹੋਰ ਵੇਰਵੇ ਸਾਂਠੇ ਕਰਦਿਆਂ ਡਾ. ਚੀਮਾ ਨੇ ਦੱਸਿਆ ਕਿ ਰੋਪੜ ਜ਼ਿਲ੍ਹੇ ਦੇ ਨੂਰਪੁਰ ਬੇਦੀ ਇਲਾਕੇ ਵਿਚ ਡਵਾਰਫਿੰਗ ਬਿਮਾਰੀ ਨਾਲ ਝੋਨੇ ਦੇ ਫਸਲ ਤਬਾਹ ਕਰ ਦਿੱਤੀ ਹੈ ਤੇ ਕਿਸਾਨ ਝੋਨੇ ਦੀ ਫਸਲ ਵਾਹੁਣ ਲੱਗ ਪਏ ਹਨ। ਉਹਨਾਂ ਕਿਹਾ ਕਿ ਇਸ ਬਿਮਾਰੀ ਦੇ ਨਾਲ ਵੱਡੇ ਘਾਟੇ ਕਿਸਾਨਾਂ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਉਣਗੇ ਜਦੋਂ ਕਿ ਕਿਸਾਨ ਪਹਿਲਾਂ ਹੀ ਇਸ ਸਾਲ ਮਾਰਚ ਮਹੀਨੇ ਵਿਚ ਗਰਮੀ ਪੈਣ ਕਾਰਨ ਕਣਕ ਦਾ ਝਾੜ ਘੱਟ ਨਿਕਲਣ ਦੇ ਸਦਮੇ ਵਿਚੋਂ ਹਾਲੇ ਉਭਰ ਨਹੀਂ ਸਕੇ ਤੇ ਫਿਰ ਉਹਨਾਂ ਨੂੰ ਮੂੰਗੀ ਦੀ ਫਸਲ ’ਤੇ ਘਾਟਾ ਪਿਆ ਕਿਉਂਕਿ ਮੁੱਖ ਮੰਤਰੀ ਨੇ ਵਾਅਦਾ ਕਰਨ ਦੇ ਬਾਵਜੂਦ ਐਮ ਐਸ ਪੀ ਅਨੁਸਾਰ ਮੂੰਗੀ ਦੀ ਖਰੀਦ ਨਹੀਂ ਕੀਤੀ।

ਡਾ. ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਆਏ ਅਨੇਕਾਂ ਕਿਸਾਨਾਂ ਲਈ ਬਹੁਤ ਮਾਰੂ ਸਾਬਤ ਹੋ ਸਕਦਾ ਹੈ। ਉਹਨਾਂ ਮੁੱਖ ਮੰਤਰੀ ਤੋਂ ਤੁਰੰਤ ਦਖਲ ਮੰਗਿਆ ਤੇ ਕਿਹਾ ਕਿ ਉਹ ਮੁੱਖ ਮੰਤਰੀ ਪ੍ਰਭਾਵਤ ਕਿਸਾਨਾਂ ਨੂੰ ਰਾਹਤ ਦੇਣ ਲਈ ਵਿਆਪਕ ਪੈਕੇਜ ਦਾ ਐਲਾਨ ਕਰਨ। ਉਹਨਾਂ ਕਿਹਾ ਕਿ ਸੂਬੇ ਵਿਚ ਗਿਰਾਦਵਰੀ ਹੋਣੀ ਚਾਹੀਦੀ ਹੈ ਤਾਂ ਜੋ ਇਸ ਮਾਰੂ ਬਿਮਾਰੀ ਨਾਲ ਝੋਨੇ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾ ਸਕੇ। ਉਹਨਾਂ ਕਿਹਾ ਕਿ ਪਟਿਆਲਾ, ਫਤਿਹਗੜ੍ਹ ਸਾਹਿਬ, ਰੋਪੜ, ਮੁਹਾਲੀ, ਹੁਸ਼ਿਆਰਪੁਰ, ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹੇ ਇਸ ਬਿਮਾਰੀ ਕਾਰਨ ਸਭ ਤੋਂ ਵੱਧ ਪ੍ਰਭਾਵਤ ਹਨ।

ਡਾ. ਚੀਮਾ ਨੇ ਕਿਹਾ ਕਿ ਆਪ ਸਰਕਾਰ ਇਸ ਮਾਮਲੇ ਵਿਚ ਆਪਣੇ ਪੈਰ ਪਿੱਛੇ ਨਾ ਖਿੱਚੇ ਜਿਵੇਂ ਕਿ ਇਸਨੇ ਪਹਿਲਾਂ ਕੀਤਾ ਸੀ ਜਦੋਂ ਕਿ ਡੇਅਰੀ ਕਿਸਾਨ ਨੇ ਪਹਿਲਾਂ ਹੀ ਲੰਪੀ ਚਮੜੀ ਰੋਗ ਕਾਰਨ ਬਹੁਤ ਦੁਧਾਰੂ ਪਸ਼ੂ ਗੁਆਏ ਹਨ ਤੇ ਵੱਡੇ ਘਾਟੇ ਝੱਲੇ ਹਨ ਪਰ ਸਰਕਾਰ ਨੇ ਇਹਨਾਂ ਡੇਅਰੀ ਕਿਸਾਨਾਂ ਦੀ ਬਾਂਹ ਨਹੀਂ ਫੜੀ। ਉਹਨਾਂ ਕਿਹਾ ਕਿ ਜੇਕਰ ਹੁਣ ਤੁਰੰਤ ਕਦਮ ਨਾ ਚੁੱਕਿਆ ਗਿਆ ਤਾਂ ਸੂਬੇ ਦੀ ਖੇਤੀ ਆਰਥਿਕਤਾ ਹੋਰ ਡੂੰਘੇ ਸੰਕਟ ਵਿਚ ਘਿਰ ਸਕਦੀ ਹੈ।