ਕਾਲਕਾ ਵੱਲੋਂ ਅਕਾਲੀ ਦਲ ਨੁੰ ਦਿੱਲੀ ਗੁਰਦੁਆਰਾ ਕਮੇਟੀ ਨਾਲੋਂ ਨਿਖੇੜਨਾ ਪੰਥ ਵਿਰੋਧੀ ਤਾਕਤਾਂ ਦੀ ਡੂੰਘੀ ਸਾਜ਼ਿਸ਼ : ਅਕਾਲੀ ਦਲ

SAD describes Kalka’s decision to disassociate DSGMC from the SAD as a deep rooted conspiracy by anti-panthic forces
SAD describes Kalka’s decision to disassociate DSGMC from the SAD as a deep rooted conspiracy by anti-panthic forces
ਹਰਮੀਤ ਸਿੰਘ ਕਾਲਕਾ ਨੁੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਕੀਤਾ ਬਰਖ਼ਾਸਤ, ਪਾਰਟੀ ਦੀ ਦਿੱਲੀ ਇਕਾਈ ਕੀਤੀ ਭੰਗ
ਕਿਹਾ ਕਿ ਅਵਤਾਰ ਸਿੰਘ ਹਿੱਤ ਦੀ ਅਗਵਾਈ ਹੇਠ ਪੰਜ ਮੈਂਬਰੀ ਕਮੇਟੀ ਬਣਾਈ ਜੋ ਦਿੱਲੀ ਗੁਰਦੁਆਰਾ ਕਮੇਟੀ ਮੈਂਬਰਾਂ ਦੀ ਮੀਟਿੰਗ ਸੱਦ ਕੇ ਮੈਂਬਰਾਂ ਨੂੰ ਪੰਥ ਨੁੰ ਕਮਜ਼ੋਰ ਕਰਨ ਦੀ ਸਾਜ਼ਿਸ਼ ਤੋਂ ਜਾਣੂ ਕਰਵਾਏਗੀ

ਚੰਡੀਗੜ੍ਹ, 16 ਮਾਰਚ 2022

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਦਿੱਲੀ ਗੁਰਦੁਆਰਾ ਕਮੇਟੀ ਤੋਂ ਅਕਾਲੀ ਦਲ ਨੁੰ ਨਿਖੇੜਨ ਦੇ ਫੈਸਲੇ ਮੀਰੀ ਪੀਰੀ ਦੇ ਸਿਧਾਤਾਂ ’ਤੇ ਸਿੱਧਾ ਹਮਲਾ ਦੱਸਦਿਆਂ ਇਸਨੁੰ ਪੰਥ ਨੁੰ ਕਮਜ਼ੋਰ ਕਰਨ ਦੀ ਡੂੰਘੀ ਸਾਜ਼ਿਸ਼ ਕਰਾਰ ਦਿੱਤਾ।

ਹੋਰ ਪੜ੍ਹੋ :-ਪ੍ਰਮੁੱਖ ਸਕੱਤਰ ਸਿਹਤ ਨੇ 12-14 ਸਾਲ ਉਮਰ ਵਰਗ ਲਈ ਕੋਵਿਡ ਟੀਕਾਕਰਨ ਮੁਹਿੰਮ ਦਾ ਕੀਤਾ ਉਦਘਾਟਨ

ਅਕਾਲੀ ਦਲ ਨੇ  ਹਰਮੀਤ ਸਿੰਘ ਕਾਲਕਾ ਨੁੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕਰਨ  ਅਤੇ ਪਾਰਟੀ ਦੀ ਦਿੱਲੀ ਇਕਾਈ ਭੰਗ ਕਰਨ ਦਾ ਐਲਾਨ ਕੀਤਾ। ਉਘੇ ਆਗੂ ਅਵਤਾਰ ਸਿੰਘ ਹਿੱਤ ਦੀ ਅਗਵਾਈ ਹੇਠ ਪੰਜ ਮੈਂਬਰੀ ਕਮੇਟੀ ਦਾ ਗਠਨ ਕਰਨ ਦਾ ਐਲਾਨ ਕੀਤਾ ਗਿਆ ਜਿਸ ਵਿਚ ਹਰਿੰਦਰ ਸਿੰਘ ਕੇ ਪੀ, ਭੁਪਿੰਦਰ ਸਿੰਘ ਆਨੰਦ, ਗੁਰਦੇਵ ਸਿੰਘ ਭੋਲਾ ਅਤੇ ਰਵਿੰਦਰ ਸਿੰਘ ਖੁਰਾਣਾ ਸ਼ਾਮਲ ਹਨ।

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ ਅਤੇ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਹਰਮੀਤ ਸਿੰਘ ਕਾਲਕਾ ਤੇ ਉਹਨਾਂ ਦੇ ਸਾਥੀਆਂ ਨੇ ਮੀਰੀ ਪੀਰੀ ਦੇ ਸਿਧਾਤਾਂ ਦੀ ਉਲੰਘਣਾ ਕਰ ਕੇ ਸ੍ਰੀ ਹਰਿਮੰਦਿਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਚਾਲੇ ਕੰਧ ਖੜ੍ਹੀ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਸਿੱਖ ਕੌਮ ਇਹ ਕਾਰਵਾਈ ਕਦੇ ਬਰਦਾਸ਼ਤ ਨਹੀਂ ਕਰੇਗੀ।

ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕਾਲਕਾ ਤੇ ਉਹਨਾਂ ਦੇ ਟੋਲੇ ਨੇ ਅੱਜ ਦੀ ਕਾਰਵਾਈ ਨਾਲ ਦਿੱਲੀ ਦੀ ਸੰਗਤ ਵੱਲੋਂ ਦਿੱਤੇ ਫਤਵੇ ਨਾਲ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਉਹ ਅਕਾਲੀ ਦਲ ਦੇ ਚੋਣ ਨਿਸ਼ਾਨ ‘ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਚੁਣੇ ਗਏ ਸਨ। ਉਹਨਾਂ ਲਈ ਫਤਵਾ ਦਿੱਲੀ ਗੁਰਦੁਆਰਾ ਕਮੇਟੀ ਐਕਟ 1971 ਮੁਤਾਬਕ ਕੌਮ ਦੀ ਸੇਵਾ ਕਰਨ ਲਈ ਸੀ। ਜੇਕਰ ਉਹ ਆਜ਼ਾਦ ਮੈਂਬਰ ਵਜੋਂ ਸੇਵਾ ਕਰਨੀ ਚਾਹੁੰਦੇ ਹਨ ਤਾਂ ਅਸਤੀਫਾ ਦੇ ਕੇ ਫਿਰ ਤੋਂ ਚੋਣ ਲੜਨ।

ਪ੍ਰੋ. ਚੰਦੂਮਾਜਰਾ ਨੇ ਜ਼ੋਰ ਦੇ ਕੇ ਕਿਹਾ ਕਿ ਐਡਹਾਕ ਕਮੇਟੀ ਦਿੱਲੀ ਦੇ ਸਿੱਖਾਂ ਦੀਆਂ ਭਾਵਨਾਵਾਂ  ਨੂੰ ਠਾਰਨ ਲਈ ਯਤਨ ਕਰੇਗੀ ਕਿਉਂਕਿ ਦਿੱਲੀ ਦੇ ਸਿੱਖ ਕਾਲਕਾ ਤੇ ਉਹਨਾਂ ਦੀ ਜੁੰਡਲੀ ਵੱਲੋਂ ਵਿਖਾਈ ਮੌਕਾਪ੍ਰਸਤੀ ਤੇ ਨੰਗੀ ਮੌਕਾਪ੍ਰਸਤੀ ਤੋਂ ਬਹੁਤ ਗੁੱਸੇ ਵਿਚ ਹਨ। ਉਹਨਾਂ ਕਿਹਾ ਕਿ ਕਮੇਟੀ ਦਿੱਲੀ ਗੁਰਦੁਆਰਾ ਕਮੇਟੀ ਦੀ ਮੀਟਿੰਗ ਸੱਦ ਕੇ ਮੈਂਬਰਾਂ ਨੁੰ ਸਿੱਖ ਕੌਮ ਦੇ ਖਿਲਾਫ ਰਚੀ ਜਾ ਰਹੀ ਸਾਜ਼ਿਸ਼ ਤੋਂ ਜਾਣੂ ਕਰਵਾਏਗੀ।

ਸੀਨੀਅਰ ਆਗੂ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨੁੰ ਵੀ ਅਪੀਲ ਕੀਤੀ ਕਿ ਉਹ ਪੰਥਕ ਰਵਾਇਤਾਂ ਦੀ ਹਮਾਇਤ ਕਰਨ ਅਤੇ ਉਹਨਾਂ ਨੁੰ ਠੁਕਰਾਉਣ ਜਿਹਨਾਂ ਨੇ ਪੰਥ ਦੇ ਖਿਲਾਫ ਕੰਮ ਕੀਤਾ ਹੈ।

ਇਸ ਦੌਰਾਨ ਸੀਨੀਅਰ ਆਗੂਆਂ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਅਕਾਲੀ ਦਲ ਦੇ ਨਿਰੰਤਰ ਸੰਘਰਸ਼ ਕਾਰਨ ਹੋਂਦ ਵਿਚ ਆਈ ਸੀ। ਉਹਨਾਂ ਕਿਹਾ ਕਿ ਸਿੱਖ ਜਥੇਬੰਦੀ ਲਈ ਚੋਣਾਂ ਐਕਟ ਦੀ ਵਿਵਸਥਾ ਅਨੁਸਾਰ ਹੁੰਦੀਆਂ ਹਨ ਤੇ ਜਿਹੜੇ ਵੀ ਆਪਣੀ ਵੱਖਰੀ ਜਥੇਬੰਦੀ ਬਣਾਉਣਾ ਚਾਹੁੰਦੇ ਹਨ, ਉਹਨਾਂ ਅਕਾਲੀ ਦਲ  ਅਤੇ ਹੋਰ ਧੜਿਆਂ ਦੇ ਚੋਣ ਨਿਸ਼ਾਨ ’ਤੇ ਚੋਣਾਂ ਲੜੀਆਂ ਸਨ।

ਦਿੱਲੀ ਦੇ ਸੀਨੀਅਰ ਆਗੂ ਅਵਤਾਰ ਸਿੰਘ ਹਿੱਤ ਨੇ ਕਿਹਾ ਕਿ ਦਿੱਲੀ ਦੀ ਸਿੱਖ ਸੰਗਤ ਅਕਾਲੀ ਦਲ ਦੇ ਨਾਲ ਹੈ। ਉਹਨਾਂ ਕਿਹਾ ਕਿ ਦਿੱਲੀ ਦੇ ਸਿੱਖਾਂ ਦਾ ਇਹ ਪੱਕਾ ਵਿਸ਼ਵਾਸ ਹੈ ਕਿ ਸਿਰਫ ਅਕਾਲੀ ਦਲ ਹੀ ਉਹਨਾਂ ਦੀ ਅਗਵਾਈ ਕਰ ਸਕਦਾ ਹੈ। ਉਹ ਉਹਨਾਂ ਸਾਰਿਆਂ ਨੁੰ ਠੁਕਰਾ ਦੇਣਗੇ ਜਿਹਨਾਂ ਨੇ ਕੌਮ ਦੇ ਹਿੱਤਾਂ ਖਿਲਾਫ ਸਟੈਂਡ ਲਿਆ ਹੈ।