ਅਕਾਲੀ ਦਲ 27 ਜਨਵਰੀ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਤੇ ਇਸਦਾ ਹੱਲ ਵਿਸ਼ੇ ’ਤੇ ਸੈਮੀਨਾਰ ਕਰਵਾਏਗਾ

Prof Prem Singh Chandumajra
Prof Prem Singh Chandumajra
ਅਕਾਲੀ ਦਲ ਦੇ ਪ੍ਰਧਾਨ, ਬੁੱਧੀਜੀਵੀ ਤੇ ਹੋਰ ਵਿਦਵਾਨ ਹੋਣਗੇ ਸ਼ਾਮਲ
 
ਚੰਡੀਗੜ੍ਹ, 24 ਜਨਵਰੀ 2024
ਸ਼੍ਰੋਮਣੀ ਅਕਾਲੀ ਦਲ ਵੱਲੋਂ 27 ਜਨਵਰੀ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਚ ’ਪੰਜਾਬ ਨੁੰ ਦਰਪੇਸ਼ ਚੁਣੌਤੀਆਂ ਤੇ ਇਸਦਾ ਹੱਲ’ ਵਿਸ਼ੇ ’ਤੇ ਇਕ ਸੈਮੀਨਾਰ ਆਯੋਜਿਤ ਕੀਤਾ ਜਾਵੇਗਾ ਜਿਸ ਵਿਚ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ, ਸੀਨੀਅਰ ਲੀਡਰਸ਼ਿਪ ਅਤੇ ਪ੍ਰਮੁੱਖ ਬੁੱਧੀਜੀਵੀ ਤੇ ਵਿਦਵਾਨ ਸ਼ਾਮਲ ਹੋਣਗੇ।

ਇਸ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਇਸ ਸੈਮੀਨਾਰ ਵਿਚ ਚਰਚਾ ਕੀਤੀ ਜਾਵੇਗੀ ਕਿ ਪੰਜਾਬ ਦੀਆਂ ਵਾਜਬ ਮੰਗਾਂ ਕਿਉਂ ਨਹੀਂ ਮੰਨੀਆਂ ਜਾ ਰਹੀਆਂ ਹਨ ਤੇ ਕੇਂਦਰੀ ਤਾਕਤਾਂ ਵੱਲੋਂ ਇਕ ਡੂੰਘੀ ਸਾਜ਼ਿਸ਼ ਤਹਿਤ ਇਹ ਲੀਹੋਂ ਕਿਉਂ ਲਾਹੀਆਂ ਜਾ ਰਹੀਆਂ ਹਨ।
ਇਸ ਤੋਂ ਇਲਾਵਾ ਦਰਿਆਈ ਪਾਣੀਆਂ ਦਾ ਮਸਲਾ, ਪੰਜਾਬ ਨੂੰ ਰਾਜਧਾਨੀ ਦੇਣ ਤੋਂ ਇਨਕਾਰ ਕਰਨ ਸਮੇਤ ਸੈਮੀਨਾਰ ਵਿਚ ਸੰਘੀ ਢਾਂਚਾ ਕਮਜ਼ੋਰ ਕਰਨ ਅਤੇ ਕਿਵੇਂ ਖੇਤਰੀ ਪਾਰਟੀਆਂ ਹੀ ਸਿਰਫ ਸੰਘੀ ਢਾਂਚੇ ਦੀ ਮਜ਼ਬੂਤੀ ਲਈ ਕੰਮ ਕਰ ਸਕਦੀਆਂ ਹਨ, ਇਸ ’ਤੇ ਚਰਚਾ ਕੀਤੀ ਜਾਵੇਗੀ।

ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਅਸੀਂ ਅਸੀਂ ਬੁੱਧੀਜੀਵੀਆਂ ਦੇ ਨਾਲ-ਨਾਲ ਸੀਨੀਅਰ ਪੱਤਰਕਾਰਾਂ ਨੂੰ ਇਹਨਾਂ ਮੁੱਦਿਆਂ ਤੇ ਹੋਰ ਭੱਖਦੇ ਮਸਲੇ ਜਿਵੇਂ ਕੁਪ੍ਰਸ਼ਾਸਨ, ਕਾਨੂੰਨ ਵਿਵਸਥਾ ਢਹਿ ਢੇਰੀ ਹੋਣ, ਪੂੰਜੀ ਬਾਹਰ ਜਾਣ, ਬੇਰੋਜ਼ਗਾਰੀ ਤੇ ਸੂਬੇ ਦੀ ਖਰਾਬ ਆਰਥਿਕ ਹਾਲਤ ’ਤੇ ਵਿਚਾਰ ਰੱਖਣ ਲਈ ਬੁਲਾਇਆ ਹੈ। ਇਸਦੇ ਨਾਲ ਹੀ ਅਸੀਂ ਇਸ ਮੌਜੂਦਾ ਸੰਕਟ ਵਿਚੋਂ ਨਿਕਲ ਲਈ ਖਾਕਾ ਪੇਸ਼ ਕਰਾਂਗੇ ਤੇ ਸੂਬੇ ਨੂੰ ਮੁੜ ਸ਼ਾਂਤੀ ਤੇ ਵਿਕਾਸ ਦੇ ਰਾਹ ਪਾਇਆ ਜਾ ਸਕੇ।
ਅਕਾਲੀ ਆਗੂ ਨੇ ਕਿਹਾ ਕਿ ਪ੍ਰਮੁੱਖ ਬੁੱਧੀਜੀਵੀ ਸੈਮੀਨਾਰ ਵਿਚ ਸ਼ਾਮਲ ਹੋਣਗੇ ਤੇ ਆਪਣੀ ਰਾਇ ਦੇਣਗੇ ਉਹਨਾਂ ਵਿਚ ਪ੍ਰੋ. ਰਣਜੀਤ ਸਿੰਘ ਘੁੰਮਣ, ਪ੍ਰੋ. ਰੌਣਕੀ ਰਾਮ ਅਤੇ ਪ੍ਰੋ. ਕੁਲਦੀਪ ਸਿੰਘ ਤੋਂ ਇਲਾਵਾ ਸੀਨੀਅਰ ਪੱਤਰਕਾਰ ਸਤਨਾਮ ਮਾਣਕ ਤੇ ਹਮੀਰ ਸਿੰਘ ਵੀ ਸ਼ਾਮਲ ਹੋਣਗੇ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਮੌਕੇ ’ਤੇ ਕੂੰਜੀਵਤ ਭਾਸ਼ਣ ਦੇਣਗੇ।