ਰੇਤ ਮਾਫ਼ੀਆ-ਰਾਜੇ ਦੇ ਨਾਲ-ਨਾਲ ਬਾਦਲਾਂ ਦਾ ਰਾਜ ਵੀ ਸੀਬੀਆਈ ਜਾਂਚ ਦੇ ਘੇਰੇ ਵਿਚ ਆਵੇ -ਭਗਵੰਤ ਮਾਨ

AAP MP Bhagwant mann on Farmer ordinance

ਚੰਡੀਗੜ, 16 ਅਗਸਤ 2020
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਰੇਤ ਮਾਫ਼ੀਆ ਵੱਲੋਂ ਗੁੰਡਾ ਟੈਕਸ ਉਗਰਾਹੀ ਲਈ ਸ਼ਰੇਆਮ ਲਾਏ ਜਾਂਦੇ ਨਜਾਇਜ਼ ਨਾਕਿਆਂ (ਬੇਰੀਅਰਜ਼) ਵਿਰੁੱਧ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸੀਬੀਆਈ ਨੂੰ ਮੁੱਢਲੀ ਜਾਂਚ ਸੌਂਪੇ ਜਾਣ ਦਾ ਜ਼ੋਰਦਾਰ ਸਵਾਗਤ ਕਰਦਿਆਂ ਕਿਹਾ ਹੈ ਕਿ ਜਾਂਚ ਘੱਟੋ-ਘੱਟ ਸਾਲ 2007 ਤੋਂ ਸ਼ੁਰੂ ਕਰਕੇ ਪੂਰੇ ਪੰਜਾਬ ਵਿਚ ਧੜੱਲੇ ਨਾਲ ਚੱਲਦੇ ਆ ਰਹੇ ਰੇਤ ਮਾਫ਼ੀਆ ਨੂੰ ਜਾਂਚ ਦੇ ਘੇਰੇ ਵਿਚ ਲਿਆਂਦਾ ਜਾਵੇ।
ਪਾਰਟੀ ਹੈਡਕੁਆਰਟਰ ਤੋਂ ਜਾਰੀ ਬਿਆਨ ਰਾਹੀ ਭਗਵੰਤ ਮਾਨ ਨੇ ਕਿਹਾ ਕਿ ਮਾਨਯੋਗ ਹਾਈ ਕੋਰਟ ਨੂੰ ਪਾਣੀ ਸਿਰਾਂ ਤੋਂ ਉੱਪਰ ਨਿਕਲਣ ਉਪਰੰਤ ਰੇਤ ਮਾਫ਼ੀਆ ਨੂੰ ਕੁਚਲਨ ਲਈ ਸਿੱਧਾ ਹੱਥ ਪਾਉਣਾ ਪਿਆ ਹੈ, ਕਿਉਂਕਿ ਪਿਛਲੀ ਬਾਦਲ ਸਰਕਾਰ ਵਾਂਗ ਮੌਜੂਦਾ ਅਮਰਿੰਦਰ ਸਿੰਘ ਸਰਕਾਰ ਨੇ ਰੇਤ ਮਾਫ਼ੀਆ ਸਮੇਤ ਸਾਰੇ ਮਾਫ਼ੀਆ ਦੀ ਕਮਾਨ ਪੂਰੀ ਤਰਾਂ ਆਪਣੇ ਹੱਥ ਲਈ ਹੋਈ ਹੈ। ਇਹੀ ਕਾਰਨ ਹੈ ਕਿ ਸ਼ਾਹੀ ਸਰਕਾਰ ਗੁੰਡਾ ਟੈਕਸ ਲਈ ਲਾਏ ਜਾ ਰਹੇ ਨਾਜਾਇਜ਼ ਨਾਕਿਆਂ ਬਾਰੇ ਅਦਾਲਤਾਂ ਕੋਲ ਵੀ ਲਿਖਤੀ ਰੂਪ ਵਿਚ ਝੂਠ ਬੋਲਦੀ ਰਹੀ ਹੈ, ਪਰੰਤੂ ਜ਼ਿਲਾ ਕਾਨੂੰਨੀ ਸਰਵਿਸ ਅਥਾਰਿਟੀ ਰੋਪੜ ਦੇ ਸੈਕਟਰੀ ਵੱਲੋਂ ਰੇਤ ਬਜਰੀ ਤੇ ਗੁੰਡਾ ਟੈਕਸ ਲਈ ਲੱਗਦੇ ਨਾਕਿਆਂ ਦੀ ਫ਼ੋਟੋਆਂ ਅਤੇ ਵੀਡੀਉਜ਼ ਰਾਹੀਂ ਦਿੱਤੀ ਰਿਪੋਰਟ ਨੇ ਨਾ ਸਿਰਫ਼ ਅਮਰਿੰਦਰ ਸਿੰਘ ਸਰਕਾਰ ਦੇ ਝੂਠ ਦੀ ਪੋਲ ਖੋਲੀ ਹੈ, ਸਗੋਂ ਆਮ ਆਦਮੀ ਪਾਰਟੀ (ਆਪ) ਵੱਲੋਂ ਸ਼ੁਰੂ ਤੋਂ ਹੀ ਰੇਤ ਮਾਫ਼ੀਆ ਬਾਰੇ ਬਾਦਲਾਂ ਅਤੇ ਰਾਜੇ ਦੀ ਸਿੱਧੀ ਸਰਪ੍ਰਸਤੀ ਬਾਰੇ ਲਗਾਏ ਜਾਂਦੇ ਦੋਸ਼ਾਂ ‘ਤੇ ਪੱਕੀ ਮੋਹਰ ਲੱਗਾ ਦਿੱਤੀ ਗਈ ਹੈ।
ਭਗਵੰਤ ਮਾਨ ਨੇ ਮੰਗ ਕੀਤੀ ਹੈ ਕਿ ਰੇਤ ਮਾਫ਼ੀਆ ਵਿਰੁੱਧ ਜਾਂਚ ਸਮਾਂਬੱਧ ਹੋਵੇ ਅਤੇ ਜਾਂਚ ਪਿਛਲੀ ਅਕਾਲੀ-ਭਾਜਪਾ ਸਰਕਾਰ ਤੋਂ ਲੈ ਕੇ ਹੁਣ ਤੱਕ ਪੂਰੀ ਬਾਰੀਕੀ ਅਤੇ ਵਿਸਥਾਰ ਨਾਲ ਕਰਵਾਈ ਜਾਵੇ ਅਤੇ ਨਾਲ ਹੀ ਸੀਬੀਆਈ ਦੀ ਜਾਂਚ ਮਾਨਯੋਗ ਅਦਾਲਤ ਇਸ ਦੀ ਖ਼ੁਦ ਨਿਗਰਾਨੀ ਕਰੇ। ਉਨਾਂ ਮੰਗ ਕੀਤੀ ਕਿ ਇਸ ਜਾਂਚ ‘ਚ ਸਾਰੇ ਅਕਾਲੀ-ਭਾਜਪਾ ਅਤੇ ਕਾਂਗਰਸੀ ਵਿਧਾਇਕਾਂ, ਮੰਤਰੀਆਂ, ਸਾਬਕਾ ਮੰਤਰੀਆਂ ਦੇ ਨਾਲ-ਨਾਲ ਮਾਫ਼ੀਆ ਪ੍ਰਭਾਵਿਤ ਸਾਰੇ ਜਿਲਿਆਂ ਦੇ ਜ਼ਿੰਮੇਵਾਰ ਅਫ਼ਸਰਾਂ ਨੂੰ ਵੀ ਜਾਂਚ ਦੇ ਘੇਰੇ ਵਿਚ ਲਿਆਂਦਾ ਜਾਵੇ।