ਪੰਜਾਬ ਦੇ ਸਾਰੇ ਪਿੰਡਾਂ ਵਿਚ ਤਿੰਨ-ਤਿੰਨ ਛਿੜਕਾਅ ਕੀਤੇ ਜਾਣਗੇ’
ਪੰਚਾਇਤ ਮੰਤਰੀ ਵਲੋਂ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਅਪੀਲ
ਚੰਡੀਗੜ੍ਹ, 2 ਅਪ੍ਰੈਲ: ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਸੂਬੇ ਦੇ ਸਾਰੇ ਪਿੰਡਾਂ ਨੂੰ ਕਰੋਨਾ ਵਾਇਰਸ ਦੀ ਲਾਗ ਤੋਂ ਮੁਕਤ ਕਰਨ ਲਈ ਵਿੱਢੀ ਗਈ ਮੁਹਿੰਮ ਤਹਿਤ ਹੁਣ ਤੱਕ 11769 ਪਿੰਡਾਂ ਵਿਚ ਰੋਗਾਣੂ ਨਾਸ਼ਕ ਦਵਾਈ ਦਾ ਛਿੜਕਾਅ ਕੀਤਾ ਜਾ ਚੁੱਕਾ ਹੈ। ਇਸ ਮੁਹਿੰਮ ਤਹਿਤ ਸਿਹਤ ਵਿਭਾਗ ਦੀਆਂ ਹਿਦਾਇਤਾਂ ਉੱਤੇ ਸੂਬੇ ਦੇ ਸਾਰੇ ਪਿੰਡਾਂ ਵਿਚ ਸੋਡੀਅਮ ਹਾਈਪੋਕਲੋਰਾਈਟ ਦਵਾਈ ਦਾ ਛਿੜਕਾਅ ਕੀਤਾ ਜਾਣਾ ਹੈ ਤਾਂ ਕਿ ਕਰੋਨਾ ਵਾਇਰਸ ਦੀ ਲਾਗ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ।
ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਮੁਹਿੰਮ ਤਹਿਤ ਹੁਣ ਤੱਕ ਪੰਜਾਬ ਦੇ ਪਿੰਡਾਂ ਵਿਚ ਕੀਤੇ ਗਏ ਛਿੜਕਾਅ ਵਿਚ 295040 ਲਿਟਰ ਦਵਾਈ ਦੀ ਵਰਤੋਂ ਕੀਤੀ ਗਈ ਜੋ ਪੰਜਾਬ ਅਲਕਲੀਜ ਐਂਡ ਕੈਮੀਕਲਜ ਵਲੋਂ ਸਪਲਾਈ ਕੀਤੀ ਜਾ ਰਹੀ ਹੈ। ਉਹਨਾਂ ਦਸਿਆ ਕਿ ਛਿੜਕਾਅ ਦਾ ਕੰਮ ਵਿਭਾਗ ਦੇ ਅਧਿਕਾਰੀਆਂ ਵਲੋਂ ਪਿੰਡਾਂ ਦੇ ਲੋਕਾਂ ਨੂੰ ਪ੍ਰੇਰਨਾ ਦੇ ਕੇ ਬਿਨਾਂ ਕਿਸੇ ਖ਼ਰਚੇ ਤੋਂ ਕਰਵਾਇਆ ਜਾ ਰਿਹਾ ਹੈ।
ਪੰਚਾਇਤ ਮੰਤਰੀ ਨੇ ਦਸਿਆ ਕਿ ਇਸ ਮੁਹਿੰਮ ਤਹਿਤ ਹਾਲ ਦੀ ਘੜੀ ਹਰ ਪਿੰਡ ਵਿਚ ਤਿੰਨ-ਤਿੰਨ ਛਿਵਕਾਅ ਕਰਨ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ ਜੋ ਇੱਕ ਹਫ਼ਤੇ ਵਿਚ ਮੁਕੰਮਲ ਕਰ ਲਿਆ ਜਾਵੇਗਾ। ਉਹਨਾਂ ਦਸਿਆ ਕਿ ਪਹਿਲਾ ਛਿੜਕਾਅ ਤਕਰੀਬਨ ਸਾਰੇ ਪਿੰਡਾਂ ਵਿਚ ਹੋ ਚੁੱਕਿਆ ਹੈ ਅਤੇ ਜਿਹੜੇ ਪਿੰਡ ਰਹਿ ਗਏ ਹਨ ਉਹਨਾਂ ਵਿਚ ਇਹ ਛਿੜਕਾਅ ਕੱਲ ਤੱਕ ਮੁਕੰਮਲ ਕਰ ਲਿਆ ਜਾਵੇਗਾ। ਸ਼੍ਰੀ ਬਾਜਵਾ ਨੇ ਦਸਿਆ ਕਿ ਕਾਫ਼ੀ ਪਿੰਡਾਂ ਵਿਚ ਦੂਜਾ ਅਤੇ ਤੀਜਾ ਛਿੜਕਾਅ ਵੀ ਕਰ ਦਿੱਤਾ ਗਿਆ ਹੈ।
ਸ਼੍ਰੀ ਬਾਜਵਾ ਨੇ ਵਿਭਾਗ ਦੇ ਅਧਿਕਾਰੀਆਂ ਅਤੇ ਸੂਬੇ ਦੇ ਲੋਕਾਂ ਵਲੋਂ ਇਸ ਮੁਹਿੰਮ ਨੂੰ ਜੰਗੀ ਪੱਧਰ ਉੱਤੇ ਚਲਾਉਣ ਦੀ ਸਰਾਹਨਾ ਕਰਦਿਆਂ ਉਹਨਾਂ ਨੂੰ ਕਿਹਾ ਕਿ ਹਰ ਪਿੰਡ ਦੇ ਲੋਕ ਆਪਣੇ ਪਿੰਡ ਤੋਂ ਵਾਹ ਲੱਗਦੀ ਬਾਹਰ ਨਾ ਜਾਣ ਅਤੇ ਨਾ ਹੀ ਕਿਸੇ ਬਾਹਰਲੇ ਵਿਅਕਤੀ ਨੂੰ ਬਿਨਾਂ ਕਿਸੇ ਐਮਰਜੈਂਸੀ ਦੇ ਪਿੰਡ ਵਿਚ ਦਾਖ਼ਲ ਹੋਣ ਦੇਣ। ਉਹਨਾਂ ਕਿਹਾ ਕਿ ਅਗਲੇ ਪੰਦਰਾਂ ਦਿਨਾਂ ਵਿਚ ਅਸੀਂ ਜਿਨ੍ਹਾਂ ਆਪਣੇ ਆਪ ਨੂੰ ਘਰਾਂ ਤੱਕ ਸੀਮਤ ਕਰ ਕੇ ਰੱਖ ਲਵਾਂਗੇ ਉਨ੍ਹਾਂ ਹੀ ਇਸ ਰੋਗ ਤੋਂ ਬਚੇ ਰਹਾਂਗੇ।
ਪੰਚਾਇਤ ਮੰਤਰੀ ਨੇ ਸੂਬੇ ਦੀਆਂ ਸਮੂਹ ਪੰਚਾਇਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਵਲੋਂ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰਾਉਣ ਦਾ ਕਾਰਜ ਆਪਣੀ ਨਿਗਰਾਨੀ ਵਿਚ ਕਰਵਾਉਣ ਅਤੇ ਇਹ ਯਕੀਨੀ ਬਨਾਉਣ ਕਿ ਕੋਈ ਲੋੜਵੰਦ ਪਰਿਵਾਰ ਵਾਂਝਾ ਨਾ ਰਹਿ ਜਾਵੇ। ਸ਼੍ਰੀ ਬਾਜਵਾ ਨੇ ਇਹ ਵੀ ਕਿਹਾ ਕਿ ਇਸ ਕਾਰਜ ਲਈ ਪੰਚਾਇਤੀ ਫੰਡ ਵੀ ਬੜੀ ਸਮਝਦਾਰੀ ਨਾਲ ਵਰਤੇ ਜਾਣ। ਉਹਨਾਂ ਕਿਹਾ ਕਿ ਹਰ ਪਿੰਡ ਦੀ ਪੰਚਾਇਤ ਇਹ ਯਕੀਨੀ ਬਣਾਵੇ ਕਿ ਉਹਨਾਂ ਦੇ ਪਿੰਡ ਵਿਚ ਕੋਈ ਵਿਅਕਤੀ ਭੁੱਖਾ ਨਾ ਰਹੇ, ਕੋਈ ਇਨਸਾਨ ਦਵਾਈ ਤੋਂ ਬਿਨਾਂ ਦੁਖੀ ਨਾ ਹੋਵੇ ਅਤੇ ਕੋਈ ਪਸ਼ੂ ਚਾਰੇ ਤੋਂ ਬਿਨਾਂ ਨਾ ਮਰ ਜਾਵੇ।

English






