ਸਤਿੰਦਰ ਜੈਨ ਨੇ ਮੋਹਾਲੀ ਅਤੇ ਖਰੜ ਦੇ ਵਪਾਰੀਆਂ ਕਾਰੋਬਾਰੀਆਂ ਨਾਲ ਕੀਤੀ ਮੁਲਾਕਾਤ

STYNDER
ਸਤਿੰਦਰ ਜੈਨ ਨੇ ਮੋਹਾਲੀ ਅਤੇ ਖਰੜ ਦੇ ਵਪਾਰੀਆਂ ਕਾਰੋਬਾਰੀਆਂ ਨਾਲ ਕੀਤੀ ਮੁਲਾਕਾਤ
-ਕਾਰੋਬਾਰੀ ਹੋਣਗੇ ‘ਆਪ’ ਦੀ ਸਰਕਾਰ ਦੇ ਭਾਈਵਾਲ, ਅਕਾਲੀਆਂ ਦੀ ਤਰਾਂ ‘ਆਪ’ ਆਗੂ ਨਹੀਂ ਮੰਗਣਗੇ ਕਾਰੋਬਾਰ ‘ਚ ਹਿੱਸਾ: ਸਤਿੰਦਰ ਜੈਨ
-ਕਿਹਾ, ਕਾਰੋਬਾਰੀਆਂ ਦੀ ਸਮੱਸਿਆਵਾਂ ਪਿਛਲੀਆਂ ਸਰਕਾਰਾਂ ਦੀ ਦੇਣ, ਸਰਕਾਰ ਕਰੇਗੀ ਰੁਜ਼ਗਾਰ ਪੈਦਾ ਕਰਨ ਵਿੱਚ ਮਦਦ

ਮੋਹਾਲੀ, 18 ਦਸੰਬਰ 2021

ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ‘ਆਪ’ ਵੱਲੋਂ ਕਰਵਾਏ ਗਏ ‘ਵਪਾਰੀਆਂ ਤੇ ਕਾਰੋਬਾਰੀਆਂ ਨਾਲ ਮੁਲਾਕਾਤ’ ਪ੍ਰੋਗਰਾਮ ਦੌਰਾਨ ਮੋਹਾਲੀ ਅਤੇ ਖਰੜ ਦੇ ਕਾਰੋਬਾਰੀਆਂ, ਵਪਾਰੀਆਂ ਅਤੇ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨਾਂ ਦੀਆਂ ਸਮੱਸਿਆਵਾਂ ਅਤੇ ਸੁਝਾਵਾਂ ਬਾਰੇ ਚਰਚਾ ਕੀਤੀ। ਉਨਾਂ ਕਾਰੋਬਾਰੀਆਂ ਅਤੇ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਵਿਧਾਇਕ ਅਤੇ ਅਧਿਕਾਰੀ ਵਪਾਰ ਵਿੱਚ ਕੋਈ ਵੀ ਅੜਿੱਕਾ ਪੈਦਾ ਨਹੀਂ ਕਰਨਗੇ ਅਤੇ ਕਾਰੋਬਾਰ ਵਿੱਚ ਹਿੱਸਾ ਪਾਉਣ ਦੀ ਕੋਈ ਗੱਲ ਨਹੀਂ ਕਰਨਗੇ।

ਹੋਰ ਪੜ੍ਹੋ :-ਡੀ.ਬੀ.ਈ.ਈ. ਲੁਧਿਆਣਾ ਨੇ ਰਾਜ ਪੱਧਰੀ ‘ਹਾਈ ਐਂਡ ਜੌਬ ਫੇਅਰ’ ‘ਚ ਹਾਸਲ ਕੀਤਾ ਤੀਜਾ ਸਥਾਨ

ਸਤਿੰਦਰ ਜੈਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੂਰੇ ਪੰਜਾਬ ਵਿੱਚ ਕਾਰੋਬਾਰੀਆਂ ਅਤੇ ਵਪਾਰੀਆਂ ਨੂੰ ਮਿਲਣ ਤੋਂ ਬਾਅਦ ਇਹ ਮੰਨਿਆਂ ਗਿਆ ਕਿ ਉਹ ਇੱਥੇ ਨਵਾਂ ਕਾਰੋਬਾਰ ਸ਼ੁਰੂ ਕਰਨ ਤੋਂ ਡਰਦੇ ਹਨ, ਕਿਉਂਕਿ ਇੱਥੇ ਰਾਜਨੀਤਿਕ ਭ੍ਰਿਸ਼ਟਾਚਾਰ ਬਹੁਤ ਭਾਰੂ ਹੈ ਅਤੇ ਰਾਜਨੀਤਿਕ ਲੋਕ ਕਾਰੋਬਾਰ ਵਿੱਚ ਜ਼ਬਰਦਸਤੀ ਹਿੱਸਾ ਮੰਗਦੇ ਹਨ। ਉਨਾਂ ਕਾਰੋਬਾਰੀਆਂ ਨੂੰ ਮੁੜ ਭਰੋਸਾ ਦਿੱਤਾ ਕਿ ‘ਆਪ’ ਦੀ ਸਰਕਾਰ ਅਰਵਿੰਦ ਕੇਜਰੀਵਾਲ ਵੱਲੋਂ ਕਾਰੋਬਾਰੀਆਂ ਨੂੰ ਦਿੱਤੀਆਂ ਗਰੰਟੀਆਂ ਨੂੰ ਜ਼ਰੂਰ ਪੂਰਾ ਕਰੇਗੀ। ਕੋਈ ਵਿਧਾਇਕ ਅਤੇ ਅਧਿਕਾਰੀ ਕਾਰੋਬਾਰੀਆਂ ਦੇ ਕਾਰੋਬਾਰ ਵਿੱਚ ਹਿੱਸੇ ਦੀ ਮੰਗ ਨਹੀਂ ਕਰੇਗਾ। ਸਗੋਂ ਪੰਜਾਬ ਦੇ ਕਾਰੋਬਾਰੀ, ਵਪਾਰੀ ਅਤੇ ਦੁਕਾਨਦਾਰ ‘ਆਪ’ ਸਰਕਾਰ ਦੇ ਭਾਈਵਾਲ ਹੋਣਗੇ। ਆਮ ਆਦਮੀ ਪਾਰਟੀ ਦੀ ਸਰਕਾਰ ਕਾਰੋਬਾਰੀ ਨੂੰ ਚੰਗਾ ਮਹੌਲ ਅਤੇ ਚੰਗੇ ਮੌਕੇ ਪ੍ਰਦਾਨ ਕਰੇਗੀ ਤਾਂ ਜੋ ਕਾਰੋਬਾਰੀ ਆਪਣੇ ਕਾਰੋਬਾਰ ਨੂੰ ਵਧਾ ਸਕਣ। ਇਸ ਤਰਾਂ ਕਰਨ ਨਾਲ ਸਰਕਾਰ ਰੁਜ਼ਗਾਰ ਦੇ ਮੌਕਿਆਂ ਵਿੱਚ ਵਾਧਾ ਕਰਨ ‘ਚ ਸਫ਼ਲ ਹੋਵੇਗੀ।

ਸਤਿੰਦਰ ਜੈਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਸ ਗੱਲ ‘ਤੇ ਦ੍ਰਿੜ ਸੰਕਲਪ ਹੈ ਕਿ ਮੁਫ਼ਤ ਅਤੇ ਚੰਗੀ ਸਿੱਖਿਆ, ਇਲਾਜ ਹਰੇਕ ਪੰਜਾਬ ਵਾਸੀ ਨੂੰ ਬਿਨਾਂ ਦੇ ਭੇਦਭਾਵ ਤੋਂ ਦਿੱਤਾ ਜਾਵੇਗਾ। ਚੰਗੀ ਸਿੱਖਿਆ ਅਤੇ ਚੰਗੇ ਇਲਾਜ ਦੀ ਗਰੰਟੀ ਪੰਜਾਬ ਵਾਸੀਆਂ ਨੂੰ ਅਰਵਿੰਦ ਕੇਜਰੀਵਾਲ ਨੇ ਵਿਸ਼ੇਸ਼ ਤੌਰ ‘ਤੇ ਦਿੱਤੀ ਹੈ, ਕਿਉਂਕਿ ਇਹ ਦੋਵੇਂ ਸਹੂਲਤਾਂ ਦੇਸ਼ ਦੇ ਹਰੇਕ ਨਾਗਰਿਕ ਲਈ ਜ਼ਰੂਰੀ ਹਨ। ਪੰਜਾਬ ਵਿੱਚ ਦਿੱਲੀ ਦੀ ਤਰਾਂ ਸਿੱਖਿਆ ਅਤੇ ਇਲਾਜ ਦੀ ਸਹੂਲਤ ਸਮੇਤ ਹੋਰ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ।

ਅਕਾਲੀ ਦਲ ਬਾਦਲ ਅਤੇ ਕਾਂਗਰਸ ਦੇ ਆਗੂਆਂ ਦੀ ਅਲੋਚਨਾ ਕਰਦਿਆਂ ਸਤਿੰਦਰ ਜੈਨ ਨੇ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ‘ਤੇ ਕੋਈ ਵੀ ਆਗੂ ਕਾਰੋਬਾਰੀਆਂ ਅਤੇ ਵਪਾਰੀਆਂ ਦੇ ਕਾਰੋਬਾਰ ਵਿੱਚ ਹਿੱਸੇਦਾਰ ਬਣਨ ਦੀ ਕੋਸ਼ਿਸ਼ ਵੀ ਨਹੀਂ ਕਰੇਗਾ। ਇਸ ਦੇ ਨਾਲ ਹੀ ਕਾਰੋਬਾਰ ਲਈ ਚੰਗਾ ਮਹੌਲ ਸਿਰਜਿਆ ਜਾਵੇਗਾ ਅਤੇ ਲਾਲ ਫ਼ੀਤਾ ਸ਼ਾਹੀ, ਇੰਸਪੈਕਟਰੀ ਰਾਜ ਅਤੇ ਗੁੰਡਾ ਟੈਕਸ ਆਦਿ ਸਭ ਬੰਦ ਕੀਤੇ ਜਾਣਗੇ। ਸਰਕਾਰੀ ਪੱਧਰ ਦੀਆਂ ਲੋੜੀਦੀਆਂ ਮਨਜ਼ੂਰੀਆਂ ਨੂੰ ਵੀ ਸਰਲ ਬਣਾਇਆ ਜਾਵੇਗਾ।

ਸਤਿੰਦਰ ਜੈਨ ਨੇ ਕਿਹਾ ਕਿ ਪੰਜਾਬ ਦੇ ਕਾਰੋਬਾਰੀਆਂ ਨੂੰ ਆਪਣਾ ਸਮਾਂ ਅਤੇ ਧਨ ਰਾਜਨੀਤਿਕ ਆਗੂਆਂ ਅਤੇ ਅਧਿਕਾਰੀਆਂ ਨਾਲ ਸੈਟਿੰਗ ਕਰਨ ਲਈ ਖਰਚ ਕਰਨਾ ਪੈਂਦਾ ਹੈ, ਜਦੋਂ ਕਿ ਦਿੱਲੀ ਵਿੱਚ ਹਰੇਕ ਕਾਰੋਬਾਰੀ ਆਪਣੀ ਦੁਕਾਨ ‘ਤੇ ਬੈਠ ਕੇ ਕੇਵਲ 50 ਰੁਪਏ ‘ਚ ਸਰਕਾਰੀ ਮਨਜ਼ੂਰੀਆਂ ਪ੍ਰਾਪਤ ਕਰ ਲੈਂਦਾ ਹੈ। ਅਜਿਹੀਆਂ ਸਹੂਲਤਾਂ ਪੰਜਾਬ ਦੇ ਕਾਰੋਬਾਰੀਆਂ ਨੂੰ ਪ੍ਰਦਾਨ ਕੀਤੀਆਂ ਜਾਣਗੀਆਂ।
ਸਮਾਗਮਾਂ ਦੌਰਾਨ ਖਰੜ ਤੋਂ ‘ਆਪ’ ਉਮੀਦਵਾਰ  ਅਨਮੋਲ ਗਗਨ ਮਾਨ, ਮਹਿੰਦਰ ਗੋਇਲ,  ਡਾ. ਸੰਨੀ ਆਹਲੂਵਾਲੀਆਂ, ਵਿਨੀਤ ਵਰਮਾ, ਪ੍ਰਭਜੋਤ ਕੌਰ, ਰਮਨ ਮਿੱਤਲ ਅਤੇ ਅਨਿਲ ਠਾਕੁਰ ਵੀ ਹਾਜ਼ਰ ਸਨ।