ਸਕੂਲ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਚੋਣ ਅਧਿਕਾਰਾਂ ਬਾਰੇ ਜਾਣੂ ਕਰਵਾਉਣ ਲਈ ਸਕੂਲਾਂ ਵਿੱਚ ਇਲੈਕਟਰੋਲ ਲਿਟਰੇਸੀ ਕਲੱਬਾਂ ਦੇ ਗਠਨ ਦੇ ਨਿਰਦੇਸ਼

Punjab School education minister Mr. Vijay Inder Singla

ਚੰਡੀਗੜ੍ਹ, 25 ਅਕਤੂਬਰ

ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਨੂੰ ਚੋਣ ਅਧਿਕਾਰਾਂ ਬਾਰੇ ਸੰਵੇਦਨਸ਼ੀਲ ਬਨਾਉਣ ਅਤੇ ਚੋਣ ਪ੍ਰਕਿ੍ਰਰਿਆ ਤੋਂ ਜਾਣੂ ਕਰਵਾਉਣ ਲਈ ਸਕੂਲਾਂ ਵਿੱਚ ਇਲੈਕਟਰੋਲ ਲਿਟਰੇਸੀ ਕਲੱਬਾਂ (ਈ.ਐਲ.ਸੀਜ਼.) ਗਠਨ ਕਰਨ ਦੇ ਨਿਰਦੇਸ਼ ਦਿੱਤੇ ਹਨ।

ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਵਿਦਿਆਰਥੀਆਂ ਦਾ ਬੌਧਿਕ ਪੱਧਰ ਉੱਚਾ ਚੁੱਕਣ ਵਾਸਤੇ ਹਰੇਕ ਮੌਕੇ ਨੂੰ ਵਰਤੋਂ ਵਿੱਚ ਲਿਆਉਣ ’ਤੇ ਜ਼ੋਰ ਦੇਣ ਦਾ ਜ਼ਿਕਰ ਕਰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਕਲੱਬਾਂ ’ਚ ਗਤੀਵਿਧੀਆਂ ਦੇ ਰਾਹੀਂ ਵਿਦਿਆਰਥੀਆਂ ਨੂੰ ਆਪਣੇ ਚੋਣ ਅਧਿਕਾਰਾਂ, ਚੋਣ ਪ੍ਰਕਿਰਿਆ ਅਤੇ ਚੋਣਾਂ ਦੀ ਰਜਿਸਟ੍ਰੇਸ਼ਨ ਸਬੰਧੀ ਜਾਣੂ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਬਣਨ ਲਈ ਸਿੱਖਿਆ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੇ ਰਾਜਨੀਤਕ ਅਧਿਕਾਰਾਂ ਸਬੰਧੀ ਲੇਖ ਲਿਖਣ, ਪੋਸਟਰ ਬਨਾਉਣ, ਸਲੋਗਨ ਲੇਖਨ ਮੁਕਾਬਲੇ ਕਰਵਾਏ ਜਾਣਗੇ। ਇਹ ਕਲੱਬ ਨੌਵੀਂ ਤੋਂ ਬਾਹਰਵੀਂ ਤੱਕ ਦੇ ਵਿਦਿਆਰਥੀਆਂ ਦੇ ਆਧਾਰਤ ਬਣਾਈਆਂ ਜਾਣਗੀਆਂ। ਹਰ ਕਲੱਬ ਲਈ ਸਕੂਲ ਪੱਧਰ ’ਤੇ ਇੱਕ ਨੋਡਲ ਅਫਸਰ ਲਾਇਆ ਜਾਵੇਗਾ।

ਬੁਲਾਰੇ ਅਨੁਸਾਰ ਨੌਵੀਂ ਜਮਾਤ ਨੂੰ ਚੋਣਾਂ ਦੇ ਮਹੱਤਵ, ਭਾਰਤੀ ਚੋਣ ਪ੍ਰਣਾਲੀ, ਭਾਰਤੀ ਚੋਣ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ, ਚੋਣ ਕਮਿਸ਼ਨ, ਚੋਣ ਕਮਿਸ਼ਨ ਦੇ ਕੰਮਾਂ, ਚੋਣ ਪ੍ਰਕਿਰਿਆ, ਚੋਣਾਂ ਦੀਆਂ ਕਿਸਮਾਂ ਅਤੇ ਚੋਣਾਂ ਵਿੱਚ ਵਿਰੋਧੀ ਦਲਾਂ ਦੀ ਭੂਮਿਕਾ ਆਦਿ ਵਿਸ਼ਿਆਂ ਦੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ ਜਦਕਿ ਦਸਵੀਂ ਜਮਾਤ ਲਈ ਭਾਰਤੀ ਚੋਣ ਵਿਧੀ ਤੇ ਪ੍ਰਕਿਰਿਆ, ਚੋਣ ਕਮਿਸ਼ਨ ਦੀ ਬਣਤਰ, ਚੋਣ ਕਮਿਸ਼ਨ ਦੇ ਕੰਮ, ਲੋਕ ਮੱਤ ਅਤੇ ਵਿਰੋਧੀ ਦਲਾਂ ਦੀ ਭੂਮਿਕਾ ਦੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸੇ ਤਰ੍ਹਾਂ ਹੀ ਬਾਹਰਵੀਂ ਲਈ ਚੋਣ ਪ੍ਰਣਾਲੀ, ਚੋਣਾਂ ਦੇ ਢੰਗ, ਚੋਣ ਕਮਿਸ਼ਨ ਦੇ ਕਾਰਜਾਂ ਆਦਿ ਦੀਆਂ ਗਤੀ ਵਿਧੀਆਂ ਕਰਵਾਈਆਂ ਜਾਣਗੀਆਂ।