ਮੋਹਾਲੀ, 16 ਨਵੰਬਰ 2021
ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਨੇ ਸਕਾਈ ਰੌਕ ਹਾਊਸਿੰਗ ਸੁਸਾਇਟੀ ਦੇ ਮਾਲਕ ਨਵਜੀਤ ਸਿੰਘ ਨੂੰ ਮੋਹਾਲੀ ਵਾਸੀ ਨੂੰ ਪਲਾਟ ਦਾ ਕਬਜ਼ਾ ਨਾ ਦੇਣ ਕਾਰਨ 1 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ ਹਨ।
ਹੋਰ ਪੜ੍ਹੋ :-ਸ਼੍ਰੀ ਕਰਤਾਰਪੁਰ ਸਾਹਿਬ ਕਾਰਿਡੋਰ ਖੋਲ੍ਹਿਆ ਜਾਣਾ ਸਵਾਗਤ ਯੋਗ ਫ਼ੈਸਲਾ : ਕੁਲਤਾਰ ਸਿੰਘ ਸੰਧਵਾ
ਕਮਿਸ਼ਨ ਦੇ ਪ੍ਰਧਾਨ ਸੰਜੀਵ ਦੱਤ ਸ਼ਰਮਾ ਨੇ ਅੱਗੇ ਨਵਜੀਤ (ਵਿਰੋਧੀ ਧਿਰ), ਜੋ ਕਿ ਮੌਜੂਦਾ ਸਮੇਂ ਵਿੱਚ ਮੈਕਸੀਮਮ ਸਕਿਉਰਿਟੀ ਜੇਲ੍ਹ, ਨਾਭਾ ਵਿੱਚ ਬੰਦ ਹੈ, ਨੂੰ ਰਕਮ ਪ੍ਰਾਪਤ ਕਰਨ ਦੀ ਮਿਤੀ ਤੋਂ ਅਸਲ ਰਿਫੰਡ ਤੱਕ 12 ਫੀਸਦੀ ਵਿਆਜ ਸਮੇਤ 10.70 ਲੱਖ ਰੁਪਏ ਵਾਪਸ ਕਰਨ ਦੇ ਹੁਕਮ ਦਿੱਤੇ ਹਨ।
ਮੁਹਾਲੀ ਵਾਸੀ ਨਜ਼ਮਾ ਨੇ ਕਮਿਸ਼ਨ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਸ ਨੇ ਸਕਾਈ ਰੌਕ ਸਿਟੀ ਵੈਲਫੇਅਰ ਸੁਸਾਇਟੀ ਬਨੂੜ ਰੋਡ ਮੁਹਾਲੀ ਵਿੱਚ 200 ਵਰਗ ਗਜ਼ ਦਾ ਪਲਾਟ ਖਰੀਦਣ ਲਈ ਵਿਰੋਧੀ ਧਿਰ ਨਾਲ ਸੰਪਰਕ ਕੀਤਾ ਸੀ। ਉਸਨੇ ਇੱਕ ਪਲਾਟ ਬੁੱਕ ਕਰਨ ਲਈ ਪੇਸ਼ਗੀ ਰਕਮ ਵਜੋਂ 5,000 ਰੁਪਏ ਅਦਾ ਕੀਤੇ। ਪਲਾਟ ਦੀ ਕੀਮਤ 4,000 ਰੁਪਏ ਪ੍ਰਤੀ ਵਰਗ ਗਜ਼ ਦੇ ਹਿਸਾਬ ਨਾਲ ਤੈਅ ਕੀਤੀ ਗਈ ਸੀ, ਜੋ ਕਿ ਹੋਰ ਖਰਚਿਆਂ ਸਮੇਤ ਕੁੱਲ 8 ਲੱਖ ਬਣਦੀ ਹੈ। ਨਜਮਾ ਨੇ ਵੱਖ-ਵੱਖ ਤਰੀਕਾਂ ਨੂੰ ਵਿਰੋਧੀ ਧਿਰ ਨੂੰ 10.70 ਲੱਖ ਰੁਪਏ ਅਦਾ ਕੀਤੇ। ਉਸ ਨੂੰ ਜਲਦੀ ਹੀ ਪਲਾਟ ਦੇਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਵਿਰੋਧੀ ਧਿਰ ਵੱਲੋਂ ਇਸ ਸਬੰਧੀ ਕੁਝ ਨਹੀਂ ਕੀਤਾ ਗਿਆ।
ਨਜ਼ਮਾ ਨੂੰ ਉਸ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਨਵਜੀਤ ਨੂੰ ਮਿਲਣ ਨਹੀਂ ਦਿੱਤਾ ਗਿਆ ਕਿਉਂਕਿ ਉਹ ਆਪਣੀ ਰਕਮ ਵਾਪਸ ਚਾਹੁੰਦੀ ਸੀ। ਬਾਅਦ ਵਿਚ ਨਜ਼ਮਾ ਨੂੰ ਪਤਾ ਲੱਗਾ ਕਿ ਵਿਰੋਧੀ ਧਿਰ ਨੇ ਜਾਅਲੀ ਤਰੀਕੇ ਨਾਲ ਦਸਤਾਵੇਜਾਂ ‘ਤੇ ਉਸ ਦੇ ਦਸਤਖ਼ਤ ਕਰਵਾ ਕੇ ਉਸ ਨਾਲ ਠੱਗੀ ਮਾਰੀ ਹੈ।
ਵਿਰੋਧੀ ਧਿਰ ‘ਤੇ ਸੇਵਾਵਾਂ ‘ਚ ਕਮੀ ਦਾ ਦੋਸ਼ ਲਗਾਉਂਦੇ ਹੋਏ ਨਜ਼ਮਾ ਨੇ ਸੋਸ਼ਣ ਅਤੇ ਮਾਨਸਿਕ ਪ੍ਰੇਸ਼ਾਨੀ ਲਈ 50,000 ਰੁਪਏ ਮੁਆਵਜ਼ੇ ਅਤੇ ਵਿਆਜ ਸਮੇਤ 10.70 ਲੱਖ ਰੁਪਏ ਵਾਪਸ ਕਰਨ ਦੀ ਮੰਗ ਕੀਤੀ।
ਜਵਾਬ ਵਿੱਚ, ਵਿਰੋਧੀ ਧਿਰ ਨੇ ਕਿਹਾ ਕਿ ਸ਼ਿਕਾਇਤਕਰਤਾ ਮੌਜੂਦਾ ਸ਼ਿਕਾਇਤ ਦਰਜ ਕਰਨ ਲਈ ਉਪਭੋਗਤਾ ਅਨੁਸਾਰ ਆਪਣੀ ਥਾਂ ਬਣਾਉਣ ਵਿੱਚ ਅਸਫਲ ਰਹੀ ਹੈ। ਉਨ੍ਹਾਂ ਉਸ ਦੀ ਸ਼ਿਕਾਇਤ ਨੂੰ ਝੂਠਾ ਅਤੇ ਬੇਤੁਕਾ ਕਰਾਰ ਦਿੱਤਾ। ਹੈਰਾਨੀ ਦੀ ਗੱਲ ਹੈ ਕਿ ਜਵਾਬ ‘ਤੇ ਨਵਜੀਤ ਸਿੰਘ ਦੇ ਨਹੀਂ ਸਗੋਂ ਅਜੈ ਸਿੰਘ ਦੇ ਦਸਤਖ਼ਤ ਸਨ। ਇੱਥੋਂ ਤੱਕ ਕਿ ਜਵਾਬ ਦੇ ਸਮਰਥਨ ਵਿੱਚ ਪੇਸ਼ ਕੀਤੇ ਗਏ ਹਲਫ਼ਨਾਮੇ ‘ਤੇ ਵੀ ਨਾ ਤਾਂ ਨਵਜੀਤ ਦੇ ਹਸਤਾਖਰ ਸਨ ਅਤੇ ਨਾ ਹੀ ਇਸ ਨੂੰ ਕਿਸੇ ਵੱਲੋਂ ਤਸਦੀਕ ਕੀਤਾ ਗਿਆ ਸੀ।
ਕਮਿਸ਼ਨ ਨੇ ਪਾਇਆ ਕਿ ਬੜੀ ਚਲਾਕੀ ਨਾਲ ਜਵਾਬ ‘ਤੇ ਵਿਰੋਧੀ ਧਿਰ ਦੀ ਤਰਫੋਂ ਕਿਸੇ ਦੇ ਵੀ ਦਸਤਖਤ ਨਹੀਂ ਕੀਤੇ ਗਏ ਸਨ ਅਤੇ ਇੱਥੋਂ ਤੱਕ ਕਿ ਨਵਜੀਤ ਸਿੰਘ ਦੇ ਹਲਫਨਾਮੇ ‘ਤੇ ਵੀ ਕੋਈ ਦਸਤਖਤ ਨਹੀਂ ਸਨ ਅਤੇ ਨਾ ਹੀ ਕਿਸੇ ਵੱਲੋਂ ਤਸਦੀਕ ਕੀਤਾ ਗਿਆ ਸੀ। ਕਮਿਸ਼ਨ ਨੇ ਕਿਹਾ ਕਿ ਇਸ ਨਾਲ ਬਿਲਡਰ/ਵਿਰੋਧੀ ਧਿਰ ਦੇ ਮਾੜੇ ਇਰਾਦੇ ਦਾ ਪਤਾ ਲਗਦਾ ਹੈ।
ਨਵਜੀਤ ਸਿੰਘ ਵੱਖ-ਵੱਖ ਮਾਮਲਿਆਂ ਵਿੱਚ ਜੇਲ੍ਹ ਵਿੱਚ ਬੰਦ ਹੈ। ਇੱਕ ਵੀ ਕੇਸ ਅਜਿਹਾ ਨਹੀਂ ਹੈ ਜਿਸ ਵਿੱਚ ਉਸਨੇ ਰਕਮ ਵਾਪਸ ਕੀਤੀ ਹੋਵੇ। ਇਸ ਲਈ, ਉਸਨੂੰ ਖਪਤਕਾਰ ਕਮਿਸ਼ਨ ਨੇ ਦੋਸ਼ੀ ਠਹਿਰਾਇਆ ਅਤੇ ਕੈਦ ਦੀ ਸਜ਼ਾ ਸੁਣਾਈ।

English






