ਪਟਿਆਲਾ, 23 ਸਤੰਬਰ :-
ਪੰਜਾਬ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਵੱਡੇ ਪੱਧਰ ਉਤੇ ਵੱਖ ਵੱਖ ਗਤੀਵਿਧੀਆਂ ਰਾਹੀਂ ਮਨਾਉਣ ਦਾ ਫ਼ੈਸਲਾ ਕੀਤਾ ਗਿਆ, ਜਿਸ ਤਹਿਤ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀਆਂ ਹਦਾਇਤਾਂ ਉਤੇ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਜੋੜਨ ਲਈ ਅਤੇ ਰਾਸ਼ਟਰਵਾਦ ਦੀ ਭਾਵਨਾ ਦਾ ਵਿਕਾਸ ਕਰਨ ਲਈ ਬੱਚਿਆਂ ਦੇ ਪੋਸਟਰ ਬਣਾਉਣ ਅਤੇ ਸਲੋਗਨ ਲਿਖਣ ਦੇ ਮੁਕਾਬਲੇ ਕਰਵਾਏ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਮਨਵਿੰਦਰ ਕੌਰ ਭੁੱਲਰ ਨੇ ਦੱਸਿਆ ਕਿ ਇਹ ਮੁਕਾਬਲੇ ਸਕੂਲ ਪੱਧਰ ਉਤੇ ਕਰਵਾਏ ਗਏ, ਉਪਰੰਤ ਬਲਾਕ ਵਿੱਚ ਪਹਿਲੇ ਅਤੇ ਦੂਜੇ ਸਥਾਨ ਵਾਲੇ ਪੋਸਟਰ ਅਤੇ ਸਲੋਗਨ ਮੰਗਵਾਏ ਗਏ ਸਨ। ਇਸ ਤੋਂ ਬਾਅਦ ਪਹਿਲਾ ਅਤੇ ਦੂਜਾ ਸਥਾਨ ਨਿਰਧਾਰਿਤ ਕੀਤਾ ਗਿਆ। ਇਸੇ ਪ੍ਰਕਾਰ ਜ਼ਿਲ੍ਹਾ ਪੱਧਰ ਉਤੇ ਵੀ ਬੱਚਿਆਂ ਦੀਆਂ ਪੁਜ਼ੀਸ਼ਨਾਂ ਕੱਢੀਆਂ ਗਈਆਂ ਹਨ।
ਸਿੱਖਿਆ ਵਿਭਾਗ ਵੱਲੋਂ ਕਰਵਾਏ ਇਨ੍ਹਾਂ ਮੁਕਾਬਲਿਆਂ ਵਿੱਚ ਬੱਚਿਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ ਤੇ ਜੇਤੂ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਜ਼ਿਲ੍ਹਾ ਸਿੱਖਿਆ ਅਫ਼ਸਰ ਇੰਜ. ਅਮਰਜੀਤ ਸਿੰਘ ਨੇ ਦੱਸਿਆ ਕਿ ਇਹ ਪੰਜਾਬ ਸਰਕਾਰ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ, ਜਿਸ ਨਾਲ ਬੱਚੇ ਆਪਣੇ ਇਤਿਹਾਸ ਤੋ ਜਾਣੂ ਹੋ ਸਕਣਗੇ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਹੋਰ ਵੀ ਗਤੀਵਿਧੀਆਂ ਕਰਵਾਈਆਂ ਜਾਣਗੀਆਂ।

English






