ਸਮਾਜ ਸੇਵੀ ਨਿਤਿਨ ਨੰਦਾ ਹੋਏ ਬਸਪਾ ‘ਚ ਸ਼ਾਮਲ, ਰੋਪੜ ਜ਼ਿਲ੍ਹੇ ਵਿੱਚ ਬਸਪਾ ਹੋਏਗੀ ਮਜ਼ਬੂਤ, ਜ਼ਿਲ੍ਹਾ ਉਪ ਪ੍ਰਧਾਨ ਕੀਤੇ ਨਿਯੁਕਤ

BSP
ਸਮਾਜ ਸੇਵੀ ਨਿਤਿਨ ਨੰਦਾ ਹੋਏ ਬਸਪਾ ‘ਚ ਸ਼ਾਮਲ, ਰੋਪੜ ਜ਼ਿਲ੍ਹੇ ਵਿੱਚ ਬਸਪਾ ਹੋਏਗੀ ਮਜ਼ਬੂਤ, ਜ਼ਿਲ੍ਹਾ ਉਪ ਪ੍ਰਧਾਨ ਕੀਤੇ ਨਿਯੁਕਤ
– ਨਿਰਮਲ ਸਿੰਘ ਨੂੰ ਯੂਥ ਵਿੰਗ ਦਾ ਜ਼ਿਲ੍ਹਾ ਰੋਪੜ ਦਾ ਇੰਚਾਰਜ ਕੀਤਾ ਨਿਯੁਕਤ
– ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਸਿਰੋਪਾਓ ਪਾ ਕੇ ਪਾਰਟੀ ਵਿੱਚ ਕੀਤਾ ਸਵਾਗਤ

ਜਲੰਧਰ/ਰੋਪੜ, 1 ਅਕਤੂਬਰ 2021

ਬਹੁਜਨ ਸਮਾਜ ਪਾਰਟੀ  ਪੰਜਾਬ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ ਉੱਘੇ ਸਮਾਜ ਸੇਵੀ ਨਿਤਿਨ ਨੰਦਾ ਨੇ ਬਸਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਨਿਤਿਨ ਨੰਦਾ ਦਾ ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਲ ਹੋਣ ਤੇ ਬਸਪਾ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਵੱਲੋਂ ਸਿਰੋਪਾਓ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਤੋਂ ਇਲਾਵਾ ਨੌਜਵਾਨ ਆਗੂ ਨਿਰਮਲ ਸਿੰਘ ਨੂੰ ਬਹੁਜਨ ਸਮਾਜ ਪਾਰਟੀ ਯੂਥ ਵਿੰਗ ਦਾ ਜ਼ਿਲ੍ਹਾ ਰੋਪੜ ਦਾ ਇੰਚਾਰਜ ਨਿਯੁਕਤ ਕੀਤਾ ਗਿਆ।

ਹੋਰ ਪੜ੍ਹੋ :-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਸਿੱਖਿਆਵਾਂ’ ਤੇ ਆਨਲਾਈਨ ਅੰਤਰ ਸਕੂਲ ਕਾਲਜ ਘੋਸ਼ਣਾ ਮੁਕਾਬਲੇ ਦਾ ਕੀਤਾ ਗਿਆ ਆਯੋਜਨ

ਇਸ ਮੌਕੇ ਬਸਪਾ ਪ੍ਰਧਾਨ ਗੜ੍ਹੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਨੂੰ ਜਿੱਥੇ ਸ੍ਰੀ ਨਿਤਿਨ ਨੰਦਾ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਜ਼ਬਰਦਸਤ ਫਾਇਦਾ ਮਿਲੇਗਾ ਉਥੇ ਹੀ ਰੋਪੜ ਜ਼ਿਲ੍ਹੇ ਵਿੱਚ ਵੀ ਬਹੁਜਨ ਸਮਾਜ ਪਾਰਟੀ ਹੋਰ ਮਜ਼ਬੂਤ ਹੋ ਕੇ ਉਭਰੇਗੀ ਅਤੇ ਇਸ ਮੌਕੇ ਨੰਦਾ ਜੀ ਨੂੰ ਬਸਪਾ ਜਿਲ੍ਹਾ ਰੂਪਨਗਰ ਦਾ ਉੱਪ ਪ੍ਰਧਾਨ ਨਿਯੁਕਤ ਕੀਤਾ।

ਸ. ਗੜ੍ਹੀ ਨੇ ਦਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਵੱਡਾ ਯੂਥ ਸੰਮੇਲਨ ਕਰਨ ਦੀ ਜ਼ਿੰਮੇਦਾਰੀ ਨਿਤਿਨ ਨੰਦਾ ਅਤੇ ਨਿਰਮਲ ਸਿੰਘ ਨੂੰ ਸੌਂਪੀ ਗਈ ਹੈ ਅਤੇ ਉਨ੍ਹਾਂ ਆਸ ਪ੍ਰਗਟਾਈ ਕਿ ਦੋਵੇਂ ਆਗੂਆਂ ਨੂੰ ਦਿੱਤੀ ਗਈ ਇਹ ਜ਼ਿੰਮੇਦਾਰੀ ਦੋਵਾਂ ਵੱਲੋਂ ਪੂਰੀ ਤੰਨਦੇਹੀ ਨਾਲ ਨਿਭਾਈ ਜਾਵੇਗੀ ਅਤੇ ਯੂਥ ਸੰਮੇਲਨ ਯਾਦਗਾਰੀ ਹੋਵੇਗਾ। ਜ਼ਿਕਰਯੋਗ ਹੈ ਕਿ ਸਮਾਜ ਸੇਵੀ ਨਿਤਿਨ ਨੰਦਾ ਨੇ ਸਾਲ 2017 ‘ਚ ਆਜ਼ਾਦ ਚੋਣ ਲੜੀ ਸੀ।

ਪਿੱਛੜੇ ਵਰਗ ਭਾਈਚਾਰੇ ਵਿਚੋਂ ਆਉਣ ਵਾਲੇ ਰਾਮਗੜ੍ਹੀਆ ਭਾਈਚਾਰੇ ਨਾਲ ਸਬੰਧਤ ਨਿਤਿਨ ਨੰਦਾ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਚੱਗਰ ਦੇ ਇਲਾਕੇ ਵਿੱਚ ਹਰ ਰੋਜ਼ ਪਾਣੀ ਦੇ ਟੈਂਕਰ, ਐਂਬੂਲੈਂਸ, ਦਵਾਈਆਂ, ਫਰੂਟ, ਸਬਜ਼ੀਆਂ ਆਦਿ ਦੀ ਨਿਰਵਿਘਨ ਸੇਵਾ ਪਿਛਲੇ ਕਈ ਸਾਲਾਂ ਤੋਂ ਕੀਤੀ ਜਾ ਰਹੀ ਹੈ ਜਿਸਦੇ ਚੱਲਦਿਆਂ ਇਲਾਕੇ ਦੇ ਲੋਕਾਂ ਵਿੱਚ ਨਿਤਿਨ ਨੰਦਾ ਦਾ ਕਾਫੀ ਪ੍ਰਭਾਵ ਹੈ। ਇਸ ਮੌਕੇ ਸਮਾਜ ਸੇਵੀ ਨਿਤਿਨ ਨੰਦਾ ਨੇ ਵੀ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਅਤੇ ਸਮੁੱਚੀ ਲੀਡਰਸ਼ਿਪ ਦਾ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬਾ ਜਨਰਲ ਸਕੱਤਰ ਅਜੀਤ ਸਿੰਘ ਭੈਣੀ, ਸੂਬਾ ਜਨਰਲ ਸਕੱਤਰ ਗੁਰਲਾਲ ਸੈਲਾ, ਜ਼ਿਲ੍ਹਾ ਪ੍ਰਧਾਨ ਮਾਸਟਰ ਰਾਮ ਪਾਲ ਲਭਿਆਣਾ, ਹਲਕਾ ਪ੍ਰਧਾਨ ਤਹਿਸੀਲਦਾਰ ਜੁਗਿੰਦਰ ਸਿੰਘ, ਭਾਗ ਸਿੰਘ ਕੀਰਤਪੁਰ, ਜਗਤਾਰ ਸਿੰਘ ਆਦਿ ਹਾਜ਼ਰ ਸਨ।

ਫੋਟੋ: ਸਮਾਜ ਸੇਵੀ ਨਿਤਿਨ ਨੰਦਾ ਦਾ ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਲ ਹੋਣ ਤੇ ਸਵਾਗਤ ਕਰਦੇ ਹੋਏ ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ।