ਸੋਨੀ ਵੱਲੋਂ ਮੈਡੀਕਲ ਕਾਲਜਾਂ ਵਿੱਚ ਐਮਰਜੈਂਸੀ ਸੇਵਾਵਾਂ ਅਤੇ ਸਾਫ-ਸਫਾਈ ਨੂੰ ਹੋਰ ਬਿਹਤਰ ਬਣਾਉਣ ਸਬੰਧੀ ਹੁਕਮ

ਇੰਨਟਰਨਸ਼ਿਪ ਕਰ ਰਹੇ ਆਯੂਰਵੇਦਾ ਡਾਕਟਰਾਂ ਨੂੰ ਵੀ ਸਟਾਈਫਨ ਦੇਣ ਸਬੰਧੀ ਵਿਚਾਰ
ਐਮ.ਬੀ.ਬੀ.ਐਸ ਅਤੇ ਬੀ.ਡੀ.ਐਸ ਉਪਰੰਤ ਇੰਨਟਰਨਸ਼ਿਪ ਕਰਨ ਵਾਲੇ ਡਾਕਟਰਾਂ ਦੇ ਸਟਾਈਫਨ ਵਿੱਚ ਵਾਧੇ ਲਈ ਫਾਇਲ ਐਫ.ਡੀ. ਨੂੰ ਭੇਜੀ
ਚੰਡੀਗੜ•, 1 ਫਰਵਰੀ:
ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਵੱਲੋਂ ਅੱਜ ਇਥੇ ਪੰਜਾਬ ਰਾਜ ਦੇ ਸਰਕਾਰੀ ਮੈਡੀਕਲ ਕਾਲਜਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕੀਤਾ ਗਿਆ ਜਿਸ ਦੌਰਾਨ ਉਹਨਾਂ ਮੈਡੀਕਲ ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਮੈਡੀਕਲ ਸੁਪਰਡੈਂਟਾਂ ਨੂੰ ਹੁਕਮ ਦਿੱਤੇ ਕਿ ਉਹ ਮੈਡੀਕਲ ਕਾਲਜਾਂ ਵਿੱਚ ਐਮਰਜੈਂਸੀ ਸੇਵਾਵਾਂ ਅਤੇ ਸਾਫ-ਸਫਾਈ ਨੂੰ ਹੋਰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਤੇ ਖੋਜ ਸ੍ਰੀ ਵੀ.ਕੇ. ਤਿਵਾੜੀ, ਡੀ.ਐਮ.ਆਰ.ਈ ਸ੍ਰੀ ਅਵਨੀਸ਼ ਕੁਮਾਰ, ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਵੀਨਾ ਚਤਰੱਥ, ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ, ਮੈਡੀਕਲ ਕਾਲਜ ਮੋਹਾਲੀ ਦੇ ਪ੍ਰਿੰਸੀਪਲ ਡਾ. ਮੋਹੀ,  ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਮੈਡੀਕਲ ਸੁਪਰਡੈਂਟ ਡਾ. ਰਮਨ ਸ਼ਰਮਾ ਅਤੇ ਪਟਿਆਲਾ ਦੇ ਮੈਡੀਕਲ ਸੁਪਰਡੈਂਟ ਡਾ. ਪਾਂਡਵ ਵੀ ਹਾਜ਼ਰ ਸਨ।
ਇਸ ਮੌਕੇ ਮੀਟਿੰਗ ਵਿੱਚ ਹਾਜ਼ਰ ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਤੇ ਖੋਜ ਸ੍ਰੀ ਵੀ.ਕੇ. ਤਿਵਾੜੀ ਨੇ ਦੱਸਿਆ ਕਿ ਮੈਡੀਕਲ ਸਿੱਖਿਆ ਮੰਤਰੀ ਦੇ ਆਦੇਸ਼ਾਂ ਅਨੁਸਾਰ ਪੰਜਾਬ ਰਾਜ ਵਿੱਚ ਐਮ.ਬੀ.ਬੀ.ਐਸ ਅਤੇ ਬੀ.ਡੀ.ਐਸ ਉਪਰੰਤ ਇੰਨਟਰਨਸ਼ਿਪ ਕਰਨ ਵਾਲੇ ਡਾਕਟਰਾਂ ਦੇ ਸਟਾਈਫਨ ਵਿੱਚ ਵਾਧਾ ਕਰਨ ਸਬੰਧੀ ਫਾਇਲ ਐਫ.ਡੀ. ਨੂੰ ਭੇਜੀ ਗਈ ਹੈ ਜਿਸ ਰਾਹੀਂ ਇੰਨਟਰਨਸ਼ਿਪ ਸਟਾਈਫਨ ਵਿੱਚ ਘੱਟੋਂ ਘੱਟ ਪੰਜਾਬ ਰਾਜ ਦੇ ਗੁਆਂਢੀ ਰਾਜਾਂ ਦੇ ਬਰਾਬਰ ਕਰ ਦਿੱਤਾ ਜਾਵੇਗਾ।
ਉਹਨਾਂ ਇਹ ਵੀ ਦੱਸਿਆ ਕਿ ਆਯੂਰਵੇਦਾ ਵਿੱਚ ਡਾਕਟਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਇੰਨਟਰਨਸ਼ਿਪ ਦੌਰਾਨ ਸਟਾਈਫਨ ਦੇਣ ਸਬੰਧੀ ਫਾਇਲ ਵੀ ਤਿਆਰ ਕਰਵਾ ਕੇ ਐਫ.ਡੀ. ਨੂੰ ਭੇਜੀ ਗਈ ਹੈ।
ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਮੋਹਾਲੀ ਵਿਖੇ ਸਥਾਪਤ ਹੋਣ ਵਾਲੇ ਨਵੇਂ ਮੈਡੀਕਲ ਕਾਲਜ ਦੀ ਪ੍ਰਗਤੀ ਸਬੰਧੀ ਰਵਿਊ ਕਰਦਿਆਂ ਕਿਹਾ ਕਿ ਇਸ ਕਾਲਜ ਨੂੰ ਪੀ.ਜੀ.ਆਈ ਦੇ ਬਰਾਬਰ ਵਿਕਸਿਤ ਕੀਤਾ ਜਾਵੇਗਾ ਅਤੇ ਇਹ ਕਾਲਜ ਆਟੋਨੋਮਸ ਸੁਸਾਇਟੀ ਵੱਲੋਂ ਚਲਾਇਆ ਜਾਵੇਗਾ ਜਿਸ ਦੇ ਚੇਅਰਮੈਨ ਮੁੱਖ ਮੰਤਰੀ ਪੰਜਾਬ ਹੋਣਗੇ ਜਦਕਿ ਵਾਇਸ ਚੇਅਰਮੈਨ ਡਾਕਟਰੀ ਸਿੱਖਿਆ ਬਾਰੇ  ਮੰਤਰੀ ਹੋਣਗੇ। ਉਹਨਾਂ ਇਸ ਸੁਸਾਇਟੀ ਨੂੰ ਰਜਿਸਟਰ ਕਰਵਾਉਣ ਲਈ ਵੀ ਕੀਤੇ ਜਾ ਰਹੇ ਕਾਰਜਾਂ ਦਾ ਮੁਲਾਂਕਣ ਕੀਤਾ।
ਸ੍ਰੀ ਸੋਨੀ ਨੇ ਕਿਹਾ ਕਿ ਇਸ ਕਾਲਜ ਕੰਮ ਕਰਨ ਵਾਲੀ ਫੈਕਲਟੀ ਨੂੰ ਕੇਂਦਰ ਸਰਕਾਰ ਦੀ ਤਰਜ ‘ਤੇ ਤਨਖਾਹਾਂ ਤੇ ਹੋਰ ਭੱਤੇ ਮਿਲਣਗੇ। ਇਸ ਮੌਕੇ ਉਹਨਾਂ ਮੈਡੀਕਲ ਕਾਲਜ ਮੋਹਾਲੀ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਕਾਲਜ ਲਈ ਲੋੜੀਂਦਾ ਸਾਜੋ-ਸਮਾਨ ਖਰੀਦਣ ਸਬੰਧੀ ਸੂਚੀ ਜਲਦ ਤੋਂ ਜਲਦ ਵਿਭਾਗ ਨੂੰ ਸੌਂਪ ਦੇਣ।
ਇਸ ਤੋਂ ਇਲਾਵਾ ਸ੍ਰੀ ਸੋਨੀ ਨੇ ਹੁਸ਼ਿਆਰਪੁਰ ਅਤੇ ਕਪੂਰਥਲਾ ਵਿਖੇ ਸਥਾਪਤ ਹੋਣ ਵਾਲੇ ਮੈਡੀਕਲ ਕਾਲਜਾਂ ਸਬੰਧੀ ਵੀ ਅਧਿਕਾਰੀਆਂ ਨਾਲ ਵਿਚਾਰ ਕੀਤਾ ਅਤੇ ਇਸ ਲਈ ਲੋੜੀਂਦੇ ਕਾਰਜਾਂ  ਵਿੱਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ।