ਲੋਕ ਖੇਤਰੀ ਪਾਰਟੀਆਂ ਨੂੰ ਮੁੜ ਸੱਤਾ ਵਿਚ ਲਿਆਉਣ: ਸੁਖਬੀਰ ਸਿੰਘ ਬਾਦਲ ਨੇ ਕੀਤੀ ਜ਼ੋਰਦਾਰ ਅਪੀਲ

ਕਿਹਾ ਕਿ ਸਿਰਫ ਖੇਤਰੀ ਪਾਰਟੀਆਂ ਹੀ ਕਿਸਾਨਾਂ ਤੇ ਗਰੀਬਾਂ ਦੀ ਭਲਾਈ ਯਕੀਨੀ ਬਣਾ ਸਕਦੀਆਂ ਨੇ
ਚੌਧਰੀ ਦੇਵੀ ਲਾਲ ਦੇ 112ਵੇਂ ਜਨਮ ਦਿਹਾੜੇ ’ਤੇ ਰੋਹਤਕ ਰੈਲੀ ਨੂੰ ਕੀਤਾ ਸੰਬੋਧਨ


ਰੋਹਤਕ/
ਚੰਡੀਗੜ੍ਹ 25 ਸਤੰਬਰ 2025

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਲੋਕਾਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਖੇਤਰੀ ਪਾਰਟੀਆਂ ਨੂੰ ਮੁੜ ਸੱਤਾ ਵਿਚ ਲਿਆਂਦਾ ਜਾਵੇ ਅਤੇ ਜ਼ੋਰ ਦੇ ਕੇ ਕਿਹਾ ਕਿ ਸਿਰਫ ਖੇਤਰੀ ਪਾਰਟੀਆਂ ਹੀ ਕਿਸਾਨਾਂ ਟਤੇ ਗਰੀਬਾਂ ਦੇ ਹਿੱਤਾਂ ਦੀ ਰਾਖੀ ਕਰਨ ਦੇ ਸਮਰਥ ਹਨ।

ਇਥੇ ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਦੇ 112ਵੇਂ ਜਨਮ ਦਿਹਾੜੇ ’ਤੇ ਹੋਏ ਵਿਸ਼ਾਲ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੌਮੀ ਪਾਰਟੀਆਂ ਕਿਸਾਨਾਂ ਅਤੇ ਗਰੀਬਾਂ ਦੀ ਭਲਾਈ ਬਾਰੇ ਨਹੀਂ ਸੋਚਦੀਆਂ। ਉਹਨਾਂ ਕਿਹਾ ਕਿ ਇਹ ਧਰਮ ਤੇ ਜਾਤ-ਪਾਤ ਦੇ ਨਾਂ ’ਤੇ ਲੋਕਾਂ ਵਿਚ ਵੰਡੀਆਂ ਪਾਉਂਦੀਆਂ ਹਨ। ਇਹ ਢੁਕਵਾਂ ਸਮਾਂ ਹੈ ਕਿ ਕਿਸਾਨ ਅਤੇ ਗਰੀਬ ਇਕਜੁੱਟ ਹੋਣ ਅਤੇ ਸਹੁੰ ਚੁੱਕਣ ਕਿ ਉਹ ਹਰਿਆਣਾ ਵਿਚ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੀ ਹਮਾਇਤ ਕਰਨਗੇ ਤ ਜੋ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ।

ਪੰਜਾਬ ਦੀ ਉਦਾਹਰਣ ਦਿੰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬੀਆਂ ਨੇ 2022 ਵਿਚ ਆਮ ਆਦਮੀ ਪਾਰਟੀ (ਆਪ) ਨਾਲ ਤਜ਼ਰਬਾ ਕਰਨ ਦਾ ਫੈਸਲਾ ਕੀਤਾ। ਉਹਨਾਂ ਕਿਹਾ ਕਿ ਅੱਜ ਨਤੀਜੇ ਸਭ ਦੇ ਸਾਹਮਣੇ ਹਨ। ਉਹਨਾਂ ਕਿਹਾ ਕਿ ਹਾਲ ਹੀ ਵਿਚ ਆਏ ਹੜ੍ਹਾਂ ਦੌਰਾਨ ਨਾ ਤਾਂ ਆਪ ਸਰਕਾਰ ਤੇ ਨਾ ਹੀ ਕੇਂਦਰ ਪੰਜਾਬੀਆਂ ਦੀ ਮਦਦ ਵਾਸਤੇ ਬਹੁੜੇ ਤੇ ਪੰਜਾਬੀਆਂ ਨੂੰ ਆਪਣੀ ਮਦਦ ਆਪ ਕਰਨੀ ਪਈ।

ਸਰਦਾਰ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੁਣ ਤਜ਼ਰਬੇ ਕਰਨੇ ਛੱਡ ਦੇਣ ਅਤੇ ਹੁਣ ਆਪਣਾ ਫਤਵਾ ਖੇਤਰੀ ਪਾਰਟੀਆਂ ਦੇ ਹੱਕ ਵਿਚ ਦੇਣ। ਉਹਨਾਂ ਕਿਹਾ ਕਿ ਅਸੀਂ ਦਿਹਾਤੀ ਇਲਾਕਿਆਂ ਦੇ ਵਿਕਾਸ ਵਾਸਤੇ ਦ੍ਰਿੜ੍ਹ ਸੰਕਲਪ ਹਾਂ ਪਰ ਕੌਮੀ ਪਾਰਟੀਆਂ ਸਿਰਫ ਉਦਯੋਗਪਤੀਆਂ ਦੀ ਭਲਾਈ ਵਿਚ ਦਿਲਚਸਪੀ ਰੱਖਦੀਆਂ ਹਨ ਅਤੇ ਕਦੇ ਵੀ ਮੁਸੀਬਤ ਮਾਰੇ ਕਿਸਾਨਾਂ ਦੀ ਸਹਾਇਤਾ ਵਾਸਤੇ ਨਹੀਂ ਨਿੱਤਰਦੀਆਂ।

ਸਰਦਾਰ ਬਾਦਲ ਨੇ ਕਿਹਾ ਕਿ ਇਨੈਲੋ ਦੇ ਪ੍ਰਧਾਨ ਸ੍ਰੀ ਅਭੈ ਸਿੰਘ ਚੌਟਾਲਾ ਹੀ ਕਿਸਾਨਾਂ ਤੇ ਗਰੀਬਾਂ ਦੀ ਅਸਲ ਆਵਾਜ਼ ਹਨ। ਉਹਨਾਂ ਕਿਹਾ ਕਿ ਉਹ ਹੀ ਚੌਧਰੀ ਦੇਵੀ ਲਾਲ ਦੀ ਵਿਰਾਸਤ ਦੇ ਸੱਚੇ ਉੱਤਰਾਧਿਕਾਰੀ ਹਨ। ਉਹਨਾਂ ਨੇ ਚੌਧਰੀ ਦੇਵੀ ਲਾਲ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਰਮਿਆਨ ਵਲੱਖਣ ਦੋਸਤੀ ਬਾਰੇ ਵੀ ਚਰਚਾ ਕੀਤੀ। ਉਹਨਾਂ ਕਿਹਾ ਕਿ ਦੋਵੇਂ ਅਸਲ ਭਰਾ ਸਨ। ਉਹਨਾਂ ਕਿਹਾ ਕਿ ਉਹਨਾਂ ਦੀ ਦੋਸਤੀ ਦੀ ਬਦੌਲਤ ਪੰਜਾਬੀਆਂ ਅਤੇ ਹਰਿਆਣਵੀ ਲੋਕਾਂ ਵਿਚਾਲੇ ਸੰਬੰਧ ਮਜ਼ਬੂਤ ਹੋਏ। ਉਹਨਾਂ ਕਿਹਾ ਆਓ ਆਉਂਦੇ ਦਿਨਾਂ ਵਿਚ ਇਹ ਸੰਬੰਧ ਹੋਰ ਮਜ਼ਬੂਤ ਕਰੀਏ।