ਸ਼ੂਗਰ ਦੇ ਮਰੀਜ਼ਾਂ ਵਿਚ ਗੁਰਦਿਆਂ ਦੀ ਬੀਮਾਰੀ ਦੀ ਸੰਭਾਵਨਾ ਵਧੇਰੇ ਹੰੁਦੀ ਹੈ : ਡਾ. ਛਮਿੰਦਰਜੀਤ ਸਿੰਘ
ਸਮੇਂ ਸਿਰ ਇਲਾਜ ਕਰਵਾ ਕੇ ਅੰਗ ਕੱਟਣ ਤੋਂ ਬਚਿਆ ਜਾ ਸਕਦਾ ਹੈ : ਡਾ. ਟੀ.ਪੀ. ਸਿੰਘ
ਭਾਰਤ ਵਿਚ ਡਾਇਬਟੀਜ਼ ਸਿਹਤ ਲਈ ਵੱਡੀ ਚਿੰਤਾ ਦਾ ਵਿਸ਼ਾ : ਡਾ. ਪੂਜਾ ਚੌਹਾਨ
ਮੋਹਾਲੀ, 17 ਨਵੰਬਰ ( )- ਗਰੇਸ਼ੀਅਨ ਸੁਪਰ ਸਪੈਸ਼ਲਿਟੀ ਹਸਪਤਾਲ ਮੋਹਾਲੀ ਵੱਲੋਂ ਵਿਸ਼ਵ ਡਾਇਬਟੀਜ਼ ਦਿਵਸ ਮੌਕੇ ਸੀਨੀਅਰ ਸਿਟੀਜਨਜ਼ ਨਾਲ ਇਕ ਕੈਂਪ ਅਤੇ ਸੈਮੀਨਾਰ ਲਗਾਇਆ ਗਿਆ, ਜਿਸ ਵਿਚ ਸ਼ੂਗਰ ਦੀ ਬੀਮਾਰੀ ਦੇ ਸ਼ਰੀਰ ਦੇ ਅਹਿਮ ਅੰਗਾਂ, ਖਾਸ ਕਰ ਕੇ ਗੁਰਦਿਆਂ ਉਪਰ ਪੈਣ ਵਾਲੇ ਮਾੜੇ ਪ੍ਰਭਾਵ ਉਪਰ ਚਰਚਾ ਕੀਤੀ ਗਈ। ਇਸ ਮੌਕੇ 100 ਦੇ ਕਰੀਬ ਪਹੁੰਚੇ ਬਜੁਰਗਾਂ ਨੂੰ ਹਸਪਤਾਲ ਦੇ ਕਿਡਨੀ ਦੀ ਬੀਮਾਰੀ ਦੇ ਮਾਹਿਰ ਅਤੇ ਸਲਾਹਕਾਰ ਡਾ. ਛਮਿੰਦਰਜੀਤ ਸਿੰਘ, ਜਨਰਲ ਮੈਡੀਸਨਨ ਦੇ ਕੰਸਲਟੈਂਟ ਡਾ. ਪੂਜਾ ਚੌਹਾਨ ਅਤੇ ਦਿਲ ਦੀ ਬੀਮਾਰੀਆਂ ਦੇ ਮਾਹਿਰ ਅਤੇ ਸਲਾਹਕਾਰ ਡਾ. ਟੀ.ਪੀ. ਸਿੰਘ ਨੇ ਸੰਬੋਧਨ ਕੀਤਾ।
ਡਾ. ਛਮਿੰਦਰਜੀਤ ਸਿੰਘ ਨੇ ਦੱਸਿਆ ਕਿ ਟਾਈਪ-1 ਸ਼ੂਗਰ ਵਾਲੇ ਮਰੀਜ਼ਾਂ ਵਿਚੋਂ 30 ਫੀਸਦੀ ਮਰੀਜ਼ਾਂ ਦੇ ਗੁਰਦੇ ਖਰਾਬ ਹੋਣ ਦੀ ਸੰਭਾਵਨਾ ਹੁੰਦੀ ਹੈ। ਉਨਾਂ ਦੱਸਿਆ ਕਿ ਛੋਟੇ ਬੱਚਿਆਂ ਅਤੇ ਕਿਸ਼ੋਰ ਉਪਰ ਦੇ ਨੌਜਵਾਨਾਂ ਨੂੰ ਡਾਇਬਟੀਜ਼ ਹੋਣ ਤੇ ਉਨਾਂ ਨੂੰ ਟਾਈਪ-1 ਸ਼ੂਗਰ ਦੇ ਮਰੀਜ਼ਾਂ ਵੱਜੋ ਜਾਣਿਆ ਜਾਂਦਾ ਹੈ, ਜਦਕਿ ਬਾਲਗਾਂ ਅਤੇ ਬਜੁਰਗਾਂ ਨੂੰ ਟਾਈਪ 2 ਡਾਇਬਟੀਜ਼ ਦੇ ਮਰੀਜ਼ ਤਸਲੀਮ ਕੀਤਾ ਜਾਂਦਾ ਹੈ। ਡਾ. ਛਮਿੰਦਰਜੀਤ ਸਿੰਘ, ਜੋ ਕਿ ਗਰੇਸ਼ੀਅਨ ਹਸਪਤਾਲ ਵਿਚ ਕਿਡਨੀ ਟਰਾਂਸਪਲਾਂਟ ਦੇ ਵੀ ਮਾਹਿਰ ਹਨ, ਨੇ ਦੱਸਿਆ ਕਿ ਡਾਇਬਟੀਜ਼ ਅਤੇ ਗੁਰਦਿਆਂ ਉਪਰ ਇਸ ਦੇ ਅਸਰ ਦਾ ਅਨੁਮਾਨ ਇਨਾਂ ਲੱਛਣਾਂ ਤੋਂ ਲਗਾਇਆ ਜਾ ਸਕਦਾ ਹੈ, ਜਿਸ ਵਿਚ ਪਿਸ਼ਾਬ ’ਚ ਅਲਬੁਮਿਨ/ਪ੍ਰੋਟੀਨ ਆਉਣਾ, ਉਚ ਰਕਤਚਾਪ, ਗਿੱਟਿਆਂ ਅਤੇ ਲੱਤਾਂ ’ਚ ਸੋਜਿਸ਼, ਲੱਤਾਂ ’ਚ ਕੁੱਛਲ ਪੈਣੇ, ਰਾਤ ਸਮੇਂ ਵਾਰ ਵਾਰ ਪਿਸ਼ਾਬ ਆਉਣਾ, ਖੂਨ ’ਚ ਯੂਰੀਆ ਅਤੇ ਕਰੈਂਟੇਨਿਨ ਦਾ ਪੱਧਰ ਵਧਣਾ ਸ਼ਾਮਲ ਹਨ। ਇਸ ਤੋਂ ਇਲਾਵਾ ਸਵੇਰੇ ਸਮੇਂ ਸਿਹਤ ਠੀਕ ਨਾ ਲੱਗਣਾ, ਜੀਅ ਮਿਤਲਾਉਣਾ, ਸ਼ਰੀਰ ਦਾ ਪੀਲਾ ਪੈਣਾ, ਕਮਜ਼ੋਰੀ ਮਹਿਸੂਸ ਕਰਨਾ ਅਤੇ ਖਾਰਿਸ਼ ਵੀ ਗੁਰਦਿਆਂ ਦੀ ਬੀਮਾਰੀ ਦੇ ਲੱਛਣ ਹਨ।
ਡਾ. ਛਮਿੰਦਰਜੀਤ ਸਿੰਘ ਨੇ ਦੱਸਿਆ ਕਿ ਟਾਈਪ-2 (ਬਾਲਗ ਅਤੇ ਬਜੁਰਗ ਮਰੀਜ਼ਾਂ) ਵਿਚ 10-40 ਫੀਸਦੀ ’ਚ ਗੁਰਦੇ ਖਰਾਬ ਹੋਣ ਦਾ ਅਨੁਮਾਨ ਹੈ। ਉਨਾਂ ਦੱਸਿਆ ਕਿ ਗੁਰਦਿਆਂ ਦੀ ਬੀਮਾਰੀ ਜਾਂ ਨੁਕਸ ਦਾ ਜਿੰਨੀ ਛੇਤੀ ਪਤਾ ਲੱਗ ਜਾਵੇ, ਉਨਾਂ ਹੀ ਸ਼ੂਗਰ ਦੇ ਮਰੀਜ਼ਾਂ ਲਈ ਚੰਗਾ ਹੈ, ਕਿਉਂਕਿ ਇਸ ਦਾ ਸਮੇਂ ਸਿਰ ਇਲਾਜ ਸ਼ੁਰੂ ਕਰ ਕੇ ਗੁਰਦਿਆਂ ਦੇ ਨੁਕਸਾਨ ਨੂੰ ਬਚਾਇਆ ਜਾ ਸਕਦਾ ਹੈ। ਇਸ ਨਾਲ ਜਿੱਥੇ ਮਰੀਜ਼ ਲੰਬੀ ਉਮਰ ਅਤੇ ਚੰਗੀ ਜੀਵਨ ਸ਼ੈਲੀ ਦੇ ਯੋਗ ਹੋ ਜਾਂਦੇ ਹਨ ਅਤੇ ਆਰਥਿਕ ਬੋਝ ਤੋਂ ਵੀ ਬਚ ਜਾਂਦੇ ਹਨ।
ਹੋਰ ਪੜ੍ਹੋ :-ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਪਲੇਸਮੈਂਟ ਕੈਂਪ ਦਾ ਆਯੋਜਨ
ਡਾ. ਪੂਜਾ ਚੌਹਾਨ ਨੇ ਸੀਨੀਅਰ ਸਿਟੀਜ਼ਨਜ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡਾਇਬਟਿਕ ਕਿਡਨੀ ਦੀ ਬੀਮਾਰੀ ਦੇ ਮੁੱਢਲੇ ਲੱਛਣਾਂ ਵਿਚ ਪਿਸ਼ਾਬ ਵਿਚ ਅਲਬੁਮਿਨ ਦੀ ਮਾਤਰਾ ਦਾ ਵਧਣਾ ਹੈ। ਉਨਾਂ ਕਿਹਾ ਕਿ ਇਹ ਟੈਸਟ ਹਰ ਸਾਲ ਕਰਵਾਉਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਭਾਰਤ ਵਿਚ ਡਾਇਬਟੀਜ਼ ਸਿਹਤ ਲਈ ਵੱਡੀ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ। ਦੇਸ਼ ਦੀ ਲੱਗਭਗ ਅੱਧੀ ਆਬਾਦੀ ਵਿਚ ਇਸ ਦਾ ਜੋਖਮ ਪੈਦਾ ਹੋ ਰਿਹਾ ਹੈ। ਭਾਰਤ ਵਿਚ 77 ਮਿਲੀਅਨ (7 ਕਰੋੜ 70 ਲੱਖ) ਲੋਕਾਂ ਨੂੰ ਡਾਇਬਟੀਜ਼ ਹੈ ਅਤੇ ਮਾਹਿਰਾਂ ਦਾ ਕਹਿਣਾ ਹੈ ਕਿ ਇਹ 2045 ਤੱਕ ਵੱਧ ਕੇ 13 ਕਰੋੜ 40 ਲੱਖ (134 ਮਿਲੀਅਨ) ਹੋ ਜਾਣਗੇ। ਮਾਹਿਰਾਂ ਨੇ ਦੱਸਿਆ ਕਿ ਡਾਇਬਟੀਜ਼ ਦੇ ਮੁੱਢਲੇ ਲੱਛਣਾਂ ਵਿਚ ਵਾਰ ਵਾਰ ਪਿਆਸ ਲਗਣਾ, ਥਕਾਵਟ, ਸੰੁਦਲਾ ਦਿਸਣਾ, ਹੱਥਾਂ ਪੈਰਾ ਵਿਚ ਸੁੰਨਪਨ ਜਾਂ ਖਾਰਿਸ਼, ਜਖ਼ਮ ਦਾ ਠੀਕ ਨਾ ਹੋਣਾ, ਵਾਰ ਵਾਰ ਪਿਸ਼ਾਬ ਆਉਣਾ, ਗਲਾ ਸੁੱਕਣਾ ਆਦਿ ਸ਼ਾਮਲ ਹਨ। ਸ਼ੂਗਰ ਕਾਰਨ ਗੁਰਦੇ ਫੇਲ ਹੋਣ ਤੋਂ ਇਲਾਵਾ ਦਿਲ ਦਾ ਦੌਰਾ, ਸਟਰੋਕ, ਪੈਰ ਖਰਾਬ ਅਤੇ ਤਣਾਅ ਜਿਹੀਆਂ ਸਮੱਸਿਆ ਪੈਦਾ ਹੋ ਸਕਦੀਆਂ ਹਨ।
ਸ਼ੂਗਰ ਕਾਰਨ ਪੈਰ ਖਰਾਬ ਹੋਣ ਦੀ ਬੀਮਾਰੀ ਬਾਰੇ ਜਾਗਰੂਕ ਕਰਦਿਆਂ ਦਿਲ ਦੇ ਮਾਹਿਰ ਡਾ. ਟੀ.ਪੀ. ਸਿੰਘ ਨੇ ਕਿਹਾ ਕਿ ਪੈਰੀਫੈਰਲ ਵਸਕੂਲਰ ਬੀਮਾਰੀ ਖੂਨ ਦੇ ਨਾੜੀਆਂ ਨਾਲ ਸਬੰਧਤ ਬੀਮਾਰੀ ਹੈ। ਉਨਾਂ ਦੱਸਿਆ ਕਿ ਪੈਰੀਫੈਰਲ ਵਸਕੁਲਰ ਬੀਮਾਰੀ ਪਹਿਲਾਂ ਲੱਤਾਂ-ਬਾਹਾਂ ਤੇ ਅਸਰ ਪਾਉਂਦੀ ਹੈ। ਇਸ ਨਾਲ ਤੁਰਨ ਸਮੇਂ ਤਕਲੀਫ ਹੁੰਦੀ ਹੈ ਅਤੇ ਕਈ ਵਾਰ ਲੇਟਣ ਸਮੇਂ ਵੀ ਦਰਦ ਰਹਿੰਦੀ ਹੈ ਤੇ ਫਿਰ ਫੋੜਾ ਬਣ ਜਾਂਦੇ ਹਨ, ਅਖਿਰ ਵਿਚ ਗੈਂਗਰੀਨ ਹੋ ਜਾਂਦੀ ਹੈ। ਉਨਾਂ ਦੱਸਿਆ ਕਿ ਇਸ ਬੀਮਾਰੀ ਕਾਰਨ 90 ਫੀਸਦੀ ਕੇਸਾਂ ਵਿਚ ਅੰਗ ਕਟਾਉਣ ਤੋਂ ਬਚਿਆ ਜਾ ਸਕਦਾ ਹੈ। ਇਸ ਲਈ ਪੂਰੀ ਜਾਣਕਾਰੀ ਅਤੇ ਸਮੇਂ ਸਿਰ ਇਲਾਜ ਦੀ ਜਰੂਰਤ ਹੈ। ਇਸ ਕੈਂਪ ਵਿਚ ਸ਼ਾਮਲ ਬਜੁਰਗਾਂ ਨੇ ਮਾਹਿਰ ਡਾਕਟਰਾਂ ਤੋਂ ਬਹੁਤ ਸਾਰੇ ਸੁਆਲ ਪੁੱਛੇ ਅਤੇ ਸ਼ੰਕਾਂ ਨਵਿਰਤੀ ਕੀਤੀ।

English






