ਬੱਚੀਆਂ ਸਵੈ-ਰੱਖਿਆ ਲਈ ਗੱਤਕਾ ਨੂੰ ਅਪਨਾਉਣ
ਰੂਪਨਗਰ, 02 ਅਗਸਤ :-
ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਵੱਲੋਂ ਨੇੜਲੇ ਪਿੰਡ ਰੰਗੀਆਂ ਦੇ ਗੁਰਦੁਆਰਾ ਸਾਹਿਬ ਵਿਖੇ ਮੁਫ਼ਤ ਗੱਤਕਾ ਸਿਖਲਾਈ ਕੈਂਪ ਸ਼ੁਰੂ ਹੋ ਗਿਆ ਹੈ, ਜੋ ਕਿ 10 ਅਗਸਤ ਤੱਕ ਜਾਰੀ ਰਹੇਗਾ।
ਇਹ ਜਾਣਕਾਰੀ ਦਿੰਦੇ ਹੋਏ ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਦੀ ਕੋਆਰਡੀਨੇਟਰ ਬੀਬੀ ਜਸਵਿੰਦਰ ਕੌਰ ਨੇ ਦੱਸਿਆ ਕਿ ਬੀਤੀ ਸ਼ਾਮ ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਇਸ ਕੈਂਪ ਦੀ ਸ਼ੁਰੂਆਤ ਕੀਤੀ ਗਈ। ਇਸ ਸਿਖਲਾਈ ਕੈਂਪ ਵਿਚ ਦੋ ਦਰਜਨ ਤੋਂ ਵੱਧ ਬੱਚੇ ਬੱਚੀਆਂ ਭਾਗ ਲੈ ਰਹੀਆਂ ਹਨ। ਇਸ ਕੈਂਪ ਵਿੱਚ ਨੇੜੇ ਦੇ ਪਿੰਡਾਂ ਦੇ ਬੱਚੇ ਵੀ ਗੱਤਕੇ ਸਿੱਖ ਸਕਦੇ ਹਨ। ਜਿਨ੍ਹਾਂ ਨੂੰ ਗੱਤਕੇ ਦੀ ਸਿਖਲਾਈ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਕੋਚ ਵੱਲੋਂ ਦਿੱਤੀ ਜਾਵੇਗੀ।
ਇਸ ਕੈਂਪ ਸਬੰਧੀ ਅੱਗੇ ਹੋਰ ਜਾਣਕਾਰੀ ਦਿੰਦਿਆਂ ਹੋਇਆ ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਦੀ ਪ੍ਰਧਾਨ ਬੀਬੀ ਮਨਜੀਤ ਕੌਰ ਨੇ ਦੱਸਿਆ ਕਿ ਗੱਤਕਾ ਐਸੋਸੀਏਸ਼ਨ ਆਫ ਪੰਜਾਬ ਦੀ ਅਗਵਾਈ ਹੇਠ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਜ਼ਿਲ੍ਹਾ ਐਸੋਸੀਏਸ਼ਨ ਵੱਲੋਂ ਇਸ ਤੋਂ ਪਹਿਲਾਂ ਵੀ ਗੱਤਕਾ ਸਿਖਲਾਈ ਕੈਂਪ ਲਾਏ ਗਏ ਹਨ। ਇਸ ਕੈਂਪ ਵਿੱਚ ਭਾਗ ਲੈਣ ਲਈ ਕੋਈ ਫੀਸ ਨਹੀਂ ਰੱਖੀ ਗਈ ਹੈ। ਕੋਈ ਵੀ ਬੱਚਾ ਇਸ ਮੁਫ਼ਤ ਸਿਖਲਾਈ ਦਾ ਲਾਭ ਉਠਾ ਸਕਦਾ ਹੈ।
ਇਸ ਮੌਕੇ ਤੇ ਕੌਮਾਂਤਰੀ ਸਿੱਖ ਸ਼ਸ਼ਤਰ ਵਿੱਦਿਆ ਕੌਂਸਲ ਦੇ ਵਿੱਤ ਸਕੱਤਰ ਸ. ਬਲਜੀਤ ਸਿੰਘ ਸੈਣੀ, ਗੱਤਕਾ ਕੋਚ ਸ. ਸ਼ੈਰੀ ਸਿੰਘ ਭਾਂਬਰੀ ਅਤੇ ਭਾਗ ਲੈਣ ਵਾਲੇ ਬੱਚਿਆਂ ਦੇ ਮਾਤਾ ਪਿਤਾ ਵੀ ਹਾਜ਼ਰ ਸਨ।

English






