ਵਧੀਕ ਡਿਪਟੀ ਕਮਿਸ਼ਨਰ ਨੇ ਸੀਨੀਅਰ ਸਿਟੀਜ਼ਨ ਦੀਆਂ ਮੁਸ਼ਕਲਾਂ ਹੱਲ ਕਰਨ ਦਾ ਭਰੋਸਾ ਦਿੱਤਾ

ਸਰਕਾਰੀ ਵਿਭਾਗਾਂ ਤੇ ਗੈਰ ਸਰਕਾਰੀ ਅਦਾਰਿਆਂ ‘ਚ ਸੀਨੀਅਰ ਸਿਟੀਜ਼ਨਜ਼ ਲਈ ਪੁੱਖਤਾ ਪ੍ਰਬੰਧ ਕਰਨ ਦੀ ਹਦਾਇਤ

  • ਬਜ਼ੁਰਗ ਮਾਤਾ-ਪਿਤਾ ਦੀ ਸੇਵਾ ਕਰਨਾ ਤੇ ਧਿਆਨ ਰੱਖਣਾ ਸਾਰੇ ਬੱਚਿਆਂ ਦਾ ਫਰਜ਼ ਤੇ ਨੈਤਿਕ ਜ਼ਿੰਮੇਵਾਰੀ ਵੀ
  • ਬਜ਼ੁਰਗਾਂ ਨਾਲ ਸਬੰਧਿਤ ਗੰਭੀਰ ਮਾਮਲੇ ਪਹਿਲ ਦੇ ਅਧਾਰ ‘ਤੇ ਹੱਲ ਕੀਤੇ ਜਾਣਗੇ

 

ਰੂਪਨਗਰ, 21 ਅਪ੍ਰੈਲ :-  ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਹਰਜੋਤ ਕੌਰ ਵਲੋਂ ਰੂਪਨਗਰ ਜ਼ਿਲ੍ਹੇ ਵਿੱਚ ਸੀਨੀਅਰ ਸਿਟੀਜ਼ਨਜ਼ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਸੀਨੀਅਰ ਸਿਟੀਜਨ ਵੈਲਫੇਅਰ ਕੌਂਸਲ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸੀਨੀਅਰ ਸਿਟੀਜ਼ਨ ਵੈਲਫੇਅਰ ਕੌਂਸਲ ਰੂਪਨਗਰ ਦੇ ਪ੍ਰਧਾਨ ਇੰਜ. ਕਰਨੈਲ ਸਿੰਘ ਨੇ ਬਜ਼ੁਰਗਾਂ ਨੂੰ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਵਿੱਚ ਆ ਰਹੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ।

ਇਸ ਮੀਟਿੰਗ ਵਿੱਚ ਸੀਨੀਅਰ ਸਿਟੀਜ਼ਨ ਵੈਲਫੇਅਰ ਕੌਂਸਲ ਨੇ ਵਧੀਕ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਉਨ੍ਹਾਂ ਵਲੋਂ ਸਿਵਲ ਹਸਪਤਾਲ ਰੂਪਨਗਰ ਵਿਖੇ ਸੀਨੀਅਰ ਸਿਟੀਜ਼ਨ ਲਈ ਵੱਖਰੇ ਤੌਰ ਤੇ ਕਾਊਂਟਰ ਦੀ ਤਜਵੀਜ਼ ਕੀਤੀ ਗਈ ਹੈ ਜੋ ਕਿ ਸਲਾਘਾਯੋਗ ਹੈ। ਇਸੇ ਤਰ੍ਹਾਂ ਹੀ ਜ਼ਿਲ੍ਹੇ ਦੇ ਬਾਕੀ ਸਿਹਤ ਅਦਾਰਿਆਂ ਵਿਚ ਵੀ ਵੱਖਰ ਕਾਊਂਟਰਾਂ ਦੀ ਤਜਵੀਜ਼ ਕੀਤੀ ਜਾਣੀ ਚਾਹੀਦੀ ਹੈ ਅਤੇ ਸਲਿੱਪ ਬਣਾਉਣ ਉਪਰੰਤ ਡਾਕਟਰ ਨੂੰ ਮਿਲਣ ਲਈ ਬਜ਼ੁਰਗਾਂ ਨੂੰ ਪਹਿਲ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਬਜ਼ੁਰਗਾਂ ਦੀ ਪਰਚੀ ‘ਤੇ ਵੀ ਵਿਸ਼ੇਸ਼ ਮੌਹਰ ਲਗਾਉਣ ਲਈ ਕਿਹਾ ਤਾਂ ਜੋ ਡਾਕਟਰਾਂ ਕੋਲ ਵੀ ਬਜ਼ੁਰਗਾਂ ਨੂੰ ਇਲਾਜ ਸੇਵਾਵਾਂ ਜਲਦੀ ਮਿਲ ਸਕਣ ਅਤੇ ਡਿਸਪੈਂਸਰੀ ਵਿਖੇ ਦਵਾਈਆਂ ਵੀ ਆਸਾਨੀ ਨਾਲ ਪ੍ਰਾਪਤ ਕੀਤੀਆਂ ਜਾ ਸਕਣ।

ਇਸ ਮਾਮਲੇ ਦਾ ਨੋਟਿਸ ਲੈਂਦਿਆਂ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਨੇ ਸਹਾਇਕ ਸਿਵਲ ਸਰਜਨ ਡਾ. ਅੰਜੂ ਅਤੇ ਲੀਡ ਬੈਂਕ ਮੈਨੇਜਰ ਸ਼੍ਰੀ ਮਨੀਸ਼ ਤ੍ਰਿਪਾਠੀ ਨੂੰ ਬਜ਼ੁਰਗਾਂ ਅਤੇ ਦਿਵਿਆਂਗਜਨਾਂ ਲਈ ਵੱਖਰੀ ਲਾਈਨਾਂ ਨੂੰ ਯਕੀਨੀ ਕਰਨ ਲਈ ਕਿਹਾ ਉਨ੍ਹਾਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ਼੍ਰੀਮਤੀ ਅੰਮ੍ਰਿਤ ਬਾਲਾ ਨੂੰ ਆਦੇਸ਼ ਦਿੱਤੇ ਕਿ ਸਾਰੇ ਸਰਕਾਰੀ ਵਿਭਾਗਾਂ ਨੂੰ ਬਜ਼ੁਰਗਾਂ ਲਈ ਪੁਖਤਾ ਪ੍ਰਬੰਧ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਜਾਣ ਜਿਸ ਦਾ ਨਿਰੀਖਣ ਕਰਨ ਲਈ ਉਹ ਖੁਦ ਨਿੱਜੀ ਤੌਰ ‘ਤੇ ਅਗਲੇ ਹਫਤੇ ਸਰਕਾਰੀ ਵਿਭਾਗਾਂ ਦੀ ਚੈਕਿੰਗ ਵੀ ਕਰਨਗੇ।

ਵਧੀਕ ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਕਿਹਾ ਕਿ ਸੀਨੀਅਰ ਸਿਟੀਜ਼ਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਬਿਨ੍ਹਾਂ ਕਿਸੇ ਦੇਰੀ ਤੋਂ ਹਰ 3 ਮਹੀਨੇ ਬਾਅਦ ਯਕੀਨੀ ਤੌਰ ‘ਤੇ ਕੀਤੀ ਜਾਵੇ ਤਾਂ ਜੋ ਬਜ਼ੁਰਗਾਂ ਨਾਲ ਸਬੰਧਤ ਸਾਰੇ ਮਾਮਲਿਆਂ ਨੂੰ ਵਿਚਾਰ ਕੇ ਸਮੇਂ ‘ਤੇ ਹੱਲ ਕੀਤਾ ਜਾਵੇ।

ਮੀਟਿੰਗ ਵਿੱਚ ਕੌਂਸਲ ਵਲੋਂ ਦੱਸਿਆ ਗਿਆ ਕਿ ਕਈ ਪਰਿਵਾਰਾਂ ਵਲੋਂ ਆਪਣੇ ਬਜ਼ੁਰਗ ਮਾਂ-ਬਾਪ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਜਾਂਦਾ ਅਤੇ ਕਈ ਮਾਮਲਿਆਂ ਵਿੱਚ ਬਿਮਾਰ ਬਜ਼ੁਰਗਾਂ ਨੂੰ ਇਲਾਜ ਤੱਕ ਵੀ ਮੁਹੱਈਆ ਨਹੀਂ ਕਰਵਾਇਆ ਜਾਂਦਾ ਜੋ ਕਿ ਅਤਿ ਗੰਭੀਰ ਮਾਮਲਾ ਹੈ। ਜਿਸ ਲਈ ਇਹ ਜਰੂਰੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਜ਼ੁਰਗਾਂ ਵਲੋਂ ਦਾਇਰ ਕੀਤੀਆਂ ਗਈਆਂ ਸ਼ਿਕਾਇਤਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਬਣਦੇ ਹੱਕ ਮੁਹੱਈਆ ਕਰਵਾਏ ਜਾਣ।

ਵਧੀਕ ਡਿਪਟੀ ਕਮਿਸ਼ਨਰ ਨੇ ਸੀਨੀਅਰ ਸਿਟੀਜ਼ਨ ਦੀ ਕਮੇਟੀ ਨੂੰ ਵਿਸ਼ਵਾਸ ਦਿਵਾਇਆ ਕਿ ਬਜ਼ੁਰਗਾਂ ‘ਤੇ ਕਿਸੇ ਵੀ ਤਰ੍ਹਾਂ ਦੇ ਹੋਏ ਅੱਤਿਆਚਾਰ ਅਤੇ ਵਧੀਕੀਆਂ ਅਸਹਿਣਯੋਗ ਹਨ ਅਤੇ ਇਨਸਾਨੀਅਤ ਦੇ ਖਿਲਾਫ ਵੀ। ਉਨ੍ਹਾਂ ਕਿਹਾ ਕਿ ਬਜ਼ੁਰਗ ਮਾਤਾ-ਪਿਤਾ ਦੀ ਸੇਵਾ ਕਰਨਾ ਅਤੇ ਧਿਆਨ ਰੱਖਣਾ ਸਾਰੇ ਬੱਚਿਆਂ ਦਾ ਫਰਜ਼ ਹੈ ਅਤੇ ਨੈਤਿਕ ਜ਼ਿੰਮੇਵਾਰੀ ਵੀ। ਉਨ੍ਹਾਂ ਕਿਹਾ ਜੇਕਰ ਬਜ਼ੁਰਗਾਂ ਨਾਲ ਕਿਸੇ ਵੀ ਪੱਧਰ ‘ਤੇ ਬੇਇਨਸਾਫੀ ਹੁੰਦੀ ਹੈ ਤਾਂ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਯਕੀਨੀ ਤੌਰ ‘ਤੇ ਕੀਤੀ ਜਾਵੇਗੀ।

ਇਸ ਮੀਟਿੰਗ ਵਿੱਚ ਜ਼ਿਲ੍ਹੇ ਦੀ ਸੀਨੀਅਰ ਸਿਟੀਜ਼ਨ ਕੌਂਸਲ ਦੇ ਮੈਂਬਰ ਇੰਜ. ਸੁਰਿੰਦਰ ਸਿੰਘ, ਡੀ.ਐਸ.ਪੀ. (ਹੈੱਡਕੁਆਟਰ) ਸ. ਗੁਰਮੀਤ ਸਿੰਘ, ਸੀਨੀਅਰ ਸਿਟੀਜ਼ਨ ਕੌਂਸਲ ਬਲਾਕ ਸ਼੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਕੈਪਟਨ ਹਰਪਾਲ ਸਿੰਘ, ਸੀਨੀਅਰ ਸਿਟੀਜ਼ਨ ਕੌਂਸਲ ਰੂਪਨਗਰ ਦੇ ਬਲਾਕ ਪ੍ਰਧਾਨ ਇੰਜ. ਅਮਰਜੀਤ ਸਿੰਘ, ਸੀਨੀਅਰ ਸਿਟੀਜ਼ਨ ਕੌਂਸਲ ਨੂਰਪੁਰ ਬੇਦੀ ਦੇ ਬਲਾਕ ਪ੍ਰਧਾਨ ਸ. ਅਮਰਜੀਤ ਸਿੰਘ, ਜ਼ਿਲ੍ਹਾ ਅਟਾਰਨੀ ਸ਼੍ਰੀ ਧਨੇਸ਼ ਕੁਮਾਰ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

 

ਹੋਰ ਪੜ੍ਹੋ :-
ਪੀਸ ਕਮੇਟੀ ਦੀ ਮੀਟਿੰਗ, ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ