ਪਿੰਡ ਬਿਧੀਪੁਰ ਵਿਖੇ ਕਿਸਾਨ ਜਾਗਰੂਕਤਾ ਕੈਂਪ ਲੱਗਾ-ਕੱਲ੍ਹ ਪਿੰਡ ਭਾਗੀਆਂ (ਕਾਦੀਆਂ) ਵਿਖੇ ਲੱਗੇਗਾ ਜਾਗਰੂਕਤਾ ਕੈਂਪ
ਗੁਰਦਾਸਪੁਰ, 15 ਮਈ :- ਡਿਪਟੀ ਕਮਿਸਨਰ ਜਨਾਬ ਮੁਹੰਮਦ ਇਸ਼ਫਾਕ ਨੇ ਖੇਤੀਬਾੜੀ ਵਿਭਾਗ ਤੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਧਾਰੀਵਾਲ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਸਬੰਧੀ ਫਸਲ ਬੀਜਣ ਦੀ ਪੂਰੀ ਪ੍ਰਕਿਰਿਆ ਅਤੇ ਨਦੀਨਾਂ ਦੀ ਰੋਕਥਾਮ ਸਬੰਧੀ ਵਿਸਥਾਰ ਵਿਚ ਜਾਗਰੂਕ ਕਰਨ ਲਈ ਪਿੰਡ ਪੱਧਰ ਤੇ ਵਿਸ਼ੇਸ ਤੌਰ ’ਤੇ ਜਾਗਰੂਕ ਕੀਤਾ ਜਾਵੇ ਤੇ ਸਮੁੱਚੀ ਜਾਣਕਾਰੀ ਭਰਪੂਰ ਪੈਂਫਲਿਟ ਵੰਡੇ ਜਾਣ। ਡਿਪਟੀ ਕਮਿਸ਼ਨਰ ਅੱਜ ਕਰੀਬ ਸਵੇਰੇ 7 ਵਜੇ ਧਾਰੀਵਾਲ ਬਲਾਕ ਦੇ ਪਿੰਡ ਬਿਧੀਪੁਰ ਵਿਖੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਲਗਾਏ ਗਏ ਜਾਗਰੂਕਤਾ ਕੈਂਪ ਵਿਚ ਵਿਸ਼ੇਸ ਤੋਰ ’ਤੇ ਪਹੁੰਚੇ ਸਨ। ਇਸ ਮੌਕੇ ਡਾ. ਰਣਧੀਰ ਠਾਕੁਰ ਖੇਤੀਬਾੜੀ ਅਫਸਰ, ਡਾ. ਗੁਰਦੇਵ ਸਿੰਘ, ਕਿਰਨਦੀਪ ਕੋਰ ਬੀਡੀਪੀਓ ਧਾਰੀਵਾਲ, ਮਨਪ੍ਰੀਤ ਸਿੰਘ, ਪਿੰਡ ਦੇ ਸਰਪੰਚ ਸ੍ਰੀਮਤੀ ਸੁਖਵੰਤਜੀਤ ਕੋਰ, ਕੋਮਲਪ੍ਰੀਤ ਕੋਰ ਸੀਡੀਪੀਓ ਸਮੇਤ ਪਿੰਡਵਾਸੀ ਮੋਜੂਦ ਸਨ। ਕੱਲ੍ਹ 16 ਮਈ ਨੂੰ ਪਿੰਡ ਭਾਗੀਆਂ, ਬਲਾਕ ਕਾਦੀਆਂ ਵਿਖੇ ਸਵੇਰੇ 7.30 ਵਜੇ ਜਾਗਰੂਕਤਾ ਕੈਂਪ ਲੱਗੇਗਾ।
ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿੰਡ ਵਾਸੀ ਝੋਨੇ ਦੀ ਸਿੱਧੀ ਬਿਜਾਈ ਕਰਨ ਸਬੰਧੀ ਉਨਾਂ ਦੇ ਮਨ ਵਿਚ ਕੀ ਸ਼ੰਕਾ ਹੈ, ਮੂੰਗੀ ਦੀ ਕਾਸ਼ਤ ਕਰਨ ਸਬੰਧੀ ਕੀ ਰਾਏ ਹੈ ਅਤੇ ਸਮਾਜਿਕ ਬੁਰਾਈ ਨਸ਼ਿਆਂ ਨੂੰ ਕਿਵੇਂ ਠੱਲ੍ਹ ਪਾਈ ਜਾ ਸਕੇ, ਸਬੰਧੀ ਆਪਣੇ ਖੁੱਲ੍ਹੇ ਕੇ ਵਿਚਾਰ ਦੱਸਣ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਪਿੰਡਾਂ ਵਿਚ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਸਬੰਧੀ ਵਿਸਥਾਰ ਵਿਚ ਬਿਜਾਈ ਸਬੰਧੀ ਪੂਰੀ ਪ੍ਰਕਿਰਿਆ ਦੀ ਆਡੀਓ ਤੇ ਵੀਡੀਓ ਤਿਆਰ ਕਰ ਦੇਣ, ਪੈਂਫਲਿਟ ਵੰਡਣ ਤਾਂ ਜੋ ਕਿਸਾਨ ਆਸਾਨੀ ਨਾਲ ਬਿਜਾਈ ਕਰ ਸਕਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰਤੀ ਏਕੜ 1500 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ, ਇਸ ਲਈ ਕਿਸਾਨ ਸਮੇਂ ਦੀ ਮੁੱਖ ਲੋੜ ਨੂੰ ਸਮਝਦੇ ਹੋਏ ਝੋਨੇ ਦੀ ਸਿੱਧੀ ਬਿਜਾਈ ਕਰਨ ਨੂੰ ਤਰਜੀਹ ਦੇਣ। ਮੂੰਗੀ ਦੀ ਫਸਲ ਦੀ ਕਾਸ਼ਤ ਦੀ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫਸਲੀ ਵਿਭਿੰਨਤਾ ਅੱਜ ਸਮੇਂ ਦੀ ਲੋੜ ਹੈ ਅਤੇ ਰਵਾਇਤੀ ਫਸਲਾਂ ਦੇ ਚੱਕਰ ਵਿਚੋਂ ਨਿਕਲਣਾ ਚਾਹੀਦਾ ਹੈ ਤੇ ਸਰਕਾਰ ਵਲੋਂ ਮੂੰਗੀ ਦੀ ਫਸਲ ਦੇ ਐਮਸੀਪੀ ਦਿੱਤੀ ਜਾਵੇਗੀ। ਨਸ਼ਿਆਂ ਵਿਰੁੱਧ ਲੋਕਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਸ਼ਾ ਇੱਕ ਬਿਮਾਰੀ ਹੈ, ਜਿਸਦਾ ਇਲਾਜ ਸੰਭਵ ਹੈ। ਕੋਈ ਵੀ ਨਸ਼ਾ ਪੀੜਤ 62391-39973 ਵਟਸਐਪ ਨੰਬਰ ’ਤੇ ਮੈਸੇਜ ਕਰਕੇ ਆਪਣਾ ਇਲਾਜ ਕਰਵਾ ਸਕਦਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਕਿਸਾਨ ਕਰੈਡਿਟ ਕਾਰਡ (ਕੇਸੀਸੀ) ਬਣਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਇਸ ਨਾਲ ਕਿਸਾਨ 1 ਲੱਖ 60000 ਰੁਪਏ ਕੇਵਲ 4 ਫੀਸਦ ਵਿਆਜ ’ਤੇ ਬੈਂਕ ਕੋਲੋਂ ਲੈ ਸਕਦੇ ਹਨ ਅਤੇ ਕਿਸਾਨਾਂ 1.60 ਹਜ਼ਾਰ ਰੁਪਏ ਨਿਸ਼ਚਿਤ ਸਮੇਂ ਅੰਦਰ ਵਾਪਸ ਕਰਦਾ ਹੈ ਤਾਂ ਬੈਂਕ ਉਸਨੂੰ 5 ਲੱਖ ਰੁਪਏ ਦਿੰਦਾ ਹੈ, ਜਿਸ ਨਾਲ ਕਿਸਾਨ ਆਪਣੇ ਰੋਜਮੱਰ੍ਹਾ ਦੇ ਕੰਮ ਆਸਾਨੀ ਨਾਲ ਕਰ ਸਕਦਾ ਹੈ।
ਇਸ ਮੌਕੇ ਪਿੰਡ ਦੇ ਅਗਾਹਵਧੂ ਕਿਸਾਨਾਂ ਨੇ ਦੱਸਿਆ ਕਿ ਉਹ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਹਨ ਪਰ ਉਨਾਂ ਨੂੰ ਡਰਿੱਲ ਵਾ੍ਰੀ ਮਸ਼ੀਨ ਸਮੇਤ ਸਪਰੇਅ ਕਰਨ ਵਾਲੀ ਮਸ਼ੀਨ ਮੁਹੱਈਆ ਕਰਵਾਈ ਜਾਵੇ। ਬਿਜਲੀ ਦੀ ਸਪਲਾਈ ਨਿਰਵਿਘਨ 8 ਘੰਟੇ ਦਿੱਤੀ ਜਾਵੇ। ਮੂੰਗੀ ਦੀ ਕਾਸ਼ਤ ਸਬੰਧੀ ਉਨਾਂ ਕਿਹਾ ਇਸ਼ ਲਈ ਬੀਜ ਸਮੇਂ ਸਿਰ ਮੁਹੱਈਆ ਹੋਣਾ ਚਾਹੀਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਨਾਂ ਦਾ ਪਿੰਡ ਨਾਮੁਰਾਦ ਬਿਮਾਰੀ ਨਸ਼ਿਆਂ ਤੋਂ ਬਚਿਆ ਹੈ ਅਤੇ ਉਹ ਨਸ਼ਿਆਂ ਦੇ ਖਾਤਮੇ ਲਈ ਪ੍ਰਸ਼ਾਸਨ ਦਾ ਪੂਰਨ ਸਹਿਯੋਗ ਕਰਨਗੇ।
ਇਸ ਮੌਕੇ ਡਾ. ਗੁਰਦੇਵ ਸਿੰਘ ਨੇ ਝੋਨੇ ਦੀ ਸਿੱਧੀ ਬਿਜਾਈ ਕਰਨ ਸਬੰਧੀ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਾਰੀਵਾਲ ਬਲਾਕ ਦੇ ਸਾਰੇ ਪਿੰਡ ਝੋਨੇ ਦੀ ਸਿੱਧੀ ਬਿਜਾਈ ਕਰਨ ਦੇ ਅਨੁਕੂਲ ਹਨ। ਬਿਜਾਈ ਡਰਿੱਲ ਨਾਲ ਕੀਤੀ ਜਾਵੇ ਤੇ ਬੀਜ ਸੋਧ ਕੇ ਵਰਤਿਆ ਜਾਵੇ। ਪਹਿਲਾ ਪਾਣੀ 21 ਦਿਨ ਬਾਅਦ ਲਾਓ, ਇਸ ਨਾਲ ਨਦੀਨ ਨਹੀਂ ਉੱਗਦਾ ਹੈ। ਜ਼ਮੀਨ ਦਾ ਲੈਜਰ ਲੈਵਲ ਜਰੂਰ ਕਰੋ। ਬੀਜ 8-10 ਕਿਲੋ ਪ੍ਰਤੀ ਏਕੜ ਪਾਓ। ਉਨਾਂ ਮੂੰਗੀ ਦੀ ਕਾਸ਼ਤ ਕਰਨ ਸਬੰਧੀ ਦੱਸਿਆ ਕਿ ਮਈ ਮਹੀਨੇ ਤੋਂ ਜੁਲਾਈ ਮਹੀਨੇ ਤਕ ਇਹ ਫਸਲ ਤਿਆਰ ਹੋ ਜਾਂਦੀ ਹੈ ਤੇ ਜੁਲਾਈ ਮਹੀਨੇ ਵਿਚ ਸਿੱਧਾ ਝੋਨਾ ਬੀਜਿਆ ਜਾ ਸਕਦਾ ਹੈ। ਕਿਸਾਨ ਸਾਲ ਵਿਚ ਤਿੰਨ ਫਸਲਾਂ ਸਰੋਂ, ਮੂੰਗੀ ਤੇ ਬਾਸਮਤੀ ਦੀ ਫਸਲ ਕਰਕੇ ਆਪਣੀ ਆਮਦਨ ਵਿਚ ਚੋਖਾ ਵਾਧਾ ਕਰ ਸਕਦੇ ਹਨ।
ਇਸ ਮੌਕੇ ਖੇਤੀਬਾੜੀ ਅਫਸਰ ਰਣਧੀਰ ਸਿੰਘ ਠਾਕੁਰ ਨੇ ਕਿਹਾ ਕਿ ਕਿਸਾਨ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੀਆਂ ਮਸ਼ੀਨਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਜੇਕਰ ਕਿਸਾਨਾਂ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨਾਲ ਸੰਪਰਕ ਕਰ ਸਕਦੇ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਤੇ ਕਿਹਾ ਕਿ ਲੋਕ ਆਪਣੀ ਕੋਈ ਵੀ ਮੁਸ਼ਕਿਲ ਵਟਸਐਪ ਨੰਬਰ 62393-01830 ’ਤੇ ਭੇਜ ਸਕਦੇ ਹਨ ਜਾਂ ਰੋਜਾਨਾ ਸਵੇਰੇ 11 ਵਜੇ ਆਪਣੇ ਘਰ ਤੋਂ ਹੀ ਡਿਪਟੀ ਕਮਿਸ਼ਨਰ ਨਾਲ ਜੂਮ ਮੀਟਿੰਗ ਕਰਕੇ ਆਪਣੀ ਮੁਸ਼ਕਿਲ ਦੱਸ ਸਕਦੇ ਹਨ। ਜੂਮ ਮੀਟਿੰਗ ਕਰਨ ਲਈ ਯੂਜਰ ਆਈ.ਡੀ 99154-33777 ਤੇ ਪਾਸਵਰਡ 0033 ਲਗਾ ਕੇ ਗੱਲ ਕਰ ਸਕਦੇ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਪਿੰਡ ਵਿਚ ਥਾਪਰ ਮਾਡਲ ਤਹਿਤ ਛੱਪੜ ਬਣਾਉਣ ਲਈ ਬੀਡੀਪੀਓ ਨੂੰ ਹਦਾਇਤ ਕੀਤੀ । ਇਸ ਤੋਂ ਇਲਾਵਾ ਬੁਢਾਪਾ ਪੈਨਸ਼ਨ ਤੇ ਕੱਚੇ ਕੋਠਿਆਂ ਆਦਿ ਮੁਸ਼ਕਿਲਾਂ ਸੁਣਕੇ ਸਬੰਧਤ ਵਿਭਾਗਾਂ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ।

English






