ਜ਼ਿਲ੍ਹਾ ਮੈਜਿਸਟਰੇਟ ਨੇ ਐਕਸਟਰਾ ਮੋਡੀਫਿਕੇਸ਼ਨ ਕੀਤੇ ਵਾਹਨਾਂ ’ਤੇ ਪਾਬੰਦੀ ਲਗਾਈ

ਗੁਰਦਾਸਪੁਰ, 12 ਦਸਬੰਰ :- ਡਾ. ਹਿਮਾਂਸ਼ੂ ਅਗਰਵਾਲ, ਆਈ.ਏ.ਐੱਸ. ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਨੇ  ਫ਼ੌਜਦਾਰੀ ਜ਼ਾਬਤਾ-1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਵਿਚ ਐਕਸਟਰਾ ਮੋਡੀਫਿਕੇਸ਼ਨ ਕੀਤੇ ਵਾਹਨਾਂ ’ਤੇ ਪਾਬੰਦੀ ਲਗਾ ਦਿੱਤੀ ਹੈ।

ਜ਼ਿਲ੍ਹਾ ਮੈਜਿਸਟਰੇਟ ਨੇ ਮਾਨਹੀ ਦੇ ਇਹ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਦੇਖਣ ਵਿੱਚ ਆਇਆ ਹੈ ਕਿ ਐਕਸਟਰਾ ਮੋਡੀਫਿਕੇਸ਼ਨ ਕੀਤੇ ਵਾਹਨਾਂ ਨਾਲ ਜਿਥੇ ਸੜਕ ਬਲਾਕ ਹੁੰਦੀ ਹੈ ਓਥੇ ਕਈ ਵਾਹਨ ਓਵਰਲੋਡ ਵੀ ਹੁੰਦੇ ਹਨ। ਇਸ ਤੋਂ ਇਲਾਵਾ ਕਈ ਵਾਹਨ ਹੈੱਡ ਲਾਈਟ ਤੇ ਤੇਜ਼ ਲਾਈਟਾਂ ਲਗਾ ਕੇ ਚੱਲਦੇ ਹਨ ਅਤੇ ਕਈ ਵਾਹਨਾਂ ’ਤੇ ਰਿਫਲੈਕਟਰ ਨਾ ਲੱਗੇ ਹੋਣ ਕਾਰਨ ਸੜਕ ਹਾਦਸਿਆਂ ਨਾਲ ਜਾਨੀ-ਮਾਲੀ ਨੁਕਸਾਨ ਹੁੰਦਾ ਹੈ, ਜਿਸ ਨਾਲ ਅਮਨ ਅਤੇ ਕਾਨੂੰਨ ਦੀ ਸਥਿਤੀ ਵਿਗੜਨ ਦਾ ਡਰ ਵੀ ਰਹਿੰਦਾ ਹੈ। ਪਿਛਲੇ ਦਿਨੀਂ ਇੱਕ ਟ੍ਰੈਕਟਰ ਦੀਆਂ ਤਵੀਆਂ ਨਾਲ ਲੱਗੀ ਵਾਧੂ ਰਾਡ ਨਾਲ ਮੋਟਰਸਾਈਕਲ ਸਵਾਰ ਟਕਰਾਉਣ ਨਾਲ ਜ਼ਿਲ੍ਹੇ ਅੰਦਰ ਹੋਏ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਵੀ ਹੋਈ ਹੈ। ਇਸ ਲਈ ਅਜਿਹੇ ਵਹੀਕਲਾਂ ਨੂੰ ਸੜਕ ’ਤੇ ਚਲਾਏ ਜਾਣ ’ਤੇ ਰੋਕ ਲਗਾਉਣੀ ਜ਼ਰੂਰੀ ਹੈ।

ਜ਼ਿਲ੍ਹਾ ਮੈਜਿਸਟਰੇਟ ਨੇ ਐਕਸਟਰਾ ਮੋਡੀਫਿਕੇਸ਼ਨ ਕੀਤੇ ਵਾਹਨਾਂ ’ਤੇ ਪਾਬੰਦੀ ਲਗਾਉਂਦੇ ਹੋਏ ਕਿਹਾ ਹੈ ਕਿ ਜੇਕਰ ਕੋਈ ਅਜਿਹਾ ਵਾਹਨ ਸੜਕ ’ਤੇ ਪਾਇਆ ਗਿਆ ਤਾਂ ਉਨ੍ਹਾਂ ਵਾਹਨਾਂ ਨੂੰ ਜ਼ਬਤ ਕਰਨ ਦੇ ਨਾਲ-ਨਾਲ ਵਾਹਨ ਚਾਲਕ ’ਤੇ ਮੋਟਰ ਵਾਹਨ ਐਕਟ ਦੀਆਂ ਧਰਾਵਾਂ ਤਹਿਤ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਮਨਾਹੀ ਦਾ ਇਹ ਹੁਕਮ 12 ਦਸੰਬਰ 2022 ਤੋਂ 11 ਫਰਵਰੀ 2023 ਤੱਕ ਲਾਗੂ ਰਹੇਗਾ।

 

ਹੋਰ ਪੜ੍ਹੋ :- ਸ਼੍ਰੀ ਵਾਲਮੀਕਿ ਤੀਰਥ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਵਿਚ ਲਿਆਂਦੀ ਜਾਵੇਗੀ ਤੇਜ਼ੀ-ਈ.ਟੀ.ਓ