ਬਾਗਬਾਨੀ ਵਿਭਾਗ ਜਿਮੀਦਾਰਾਂ ਦੀ ਆਮਦਨ ਵਧਾਉਣ ਲਈ ਕਰ ਰਿਹਾ ਹੈ ਨਿਵੇਕਲੇ ਉਪਰਾਲੇ

NEWS MAKHANI

ਛੋਟੇ ਅਤੇ ਸੀਮਾਂਤ ਜਿਮੀਦਾਰ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਅਧੀਨ ਆਪਣੇ ਖੇਤਾਂ ਵਿੱਚ ਹੀ ਬਣਵਾ ਸਕਦੇ ਹਨ ਛੋਟੇ ਕੋਲਡ ਰੂਮ- ਡਿਪਟੀ ਡਾਇਰੈਕਟਰ ਬਾਗਬਾਨੀ

ਵਿਭਾਗ ਵੱਲੋਂ ਛੋਟੇ ਕੋਲਡ ਰੂਮ ਬਣਾਉਣ ਤੇ 1.50 ਲੱਖ ਰੁਪਏ ਦੀ ਸਬਸਿਡੀ ਦਾ ਹੈ ਉੱਪਬੰਧ

 

ਫਾਜ਼ਿਲਕਾ 14 ਜੂਨ 2022 :-  ਬਾਗਬਾਨੀ ਵਿਭਾਗ, ਪੰਜਾਬ ਰਾਜ ਵਿੱਚ ਕਿਸਾਨਾਂ ਨੂੰ ਰਵਾਇਤੀ ਫਸਲਾਂ ਦੇ ਬਦਲ ਵਜੋਂ ਬਾਗਬਾਨੀ ਫਸਲਾਂ ਜਿਵੇਂ ਕਿ ਫਲ, ਸਬਜ਼ੀਆਂ ਤੇ ਫੁੱਲਾਂ ਆਦਿ ਦੀ ਕਾਸ਼ਤ ਨੂੰ ਵਧਾਉਣ ਲਈ ਜਿਮੀਦਾਰਾਂ ਦੀ ਭਲਾਈ ਵਾਸਤੇ ਕਈ ਸਕੀਮਾਂ ਲਾਗੂ ਕਰਕੇ ਉਤਸ਼ਾਹਿਤ ਕਰਦਾ ਆ ਰਿਹਾ ਹੈ ਤਾਂ ਕਿ ਰਾਜ ਵਿੱਚ ਖੇਤੀ ਵਿਿਭੰਨਤਾ ਅਧੀਨ ਨਾ ਸਿਰਫ ਕਿਸਾਨਾਂ ਦੀ ਆਮਦਨ ਵਧਾਈ ਜਾਵੇ, ਸਗੋਂ ਰਾਜ ਦੇ ਕੁਦਰਤੀ ਸੋਮਿਆਂ ਜਿਵੇਂ ਕਿ ਮਿੱਟੀ, ਪਾਣੀ ਆਦਿ ਦੀ ਸੰਭਾਲ ਵੀ ਕੀਤੀ ਜਾ ਸਕੇ।

ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਬਾਗਬਾਨੀ ਜਗਤਾਰ ਸਿੰਘ ਨੇ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਫਸਲਾਂ ਦੀ ਤੁੜਾਈ ਉਪਰੰਤ ਸਾਂਭ-ਸੰਭਾਲ ਲਈ ਖਾਸ ਤੌਰ ਤੇ ਛੋਟੇ ਅਤੇ ਸੀਮਾਂਤ ਜਿਮੀਦਾਰਾਂ ਲਈ ਉਨ੍ਹਾਂ ਦੇ ਖੇਤਾਂ ਵਿੱਚ ਹੀ ਛੋਟੇ ਕੋਲਡ ਰੂਮ (ਆਨ ਫਾਰਮ ਕੋਲਡ ਰੂਮ) ਸਕੀਮ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਅਧੀਨ ਪਾਸ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਕੋਲਡ ਰੂਮ ਦੀ ਸਮਰੱਥਾ ਲਗਭਗ 3 ਮੀਟਰਕ ਟਨ ਹੈ, ਜਿਸ ਵਿੱਚ ਲਗਭਗ ਸਾਰੀਆਂ ਹੀ ਬਾਗਬਾਨੀ ਫਸਲਾਂ ਵੱਖ-ਵੱਖ ਤਾਮਪਾਨ ਅਤੇ ਨਮੀ ਤੇ ਸਟੋਰ ਕੀਤੀਆਂ ਜਾ ਸਕਦੀਆਂ ਹਨ। ਇਨ੍ਹਾਂ ਕੋਲਡ ਰੂਮਾਂ ਦੀ ਸਹਾਇਤਾ ਨਾਲ ਕਿਸਾਨ ਆਪਣੀਆਂ ਫਸਲਾਂ ਨੂੰ ਤੁੜਾਈ ਉਪਰੰਤ ਲੋੜ ਅਨੁਸਾਰ ਮੰਡੀਕਰਨ ਲਈ ਲੈ ਕੇ ਜਾ ਸਕਦਾ ਹੈ, ਜਿਸ ਕਰਕੇ ਮਾਰਕੀਟ ਵਿੱਚ ਕਿਸਾਨ ਆਪਣੀ ਫਸਲ ਦਾ ਚੰਗਾ ਮੁੱਲ ਪਾ ਸਕਦਾ ਹੈ ਅਤੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਆਨ ਫਾਰਮ ਕੋਲਡ ਰੂਮ ਬਣਾਉਣ ਤੇ 1.50 ਲੱਖ ਰੁਪਏ ਦੀ ਸਬਸਿਡੀ ਦਾ ਉਪਬੰਧ ਹੈ।  ਉਨ੍ਹਾਂ ਸਮੂਹ ਜਿਮੀਦਾਰਾਂ ਨੂੰ ਅਪੀਲ ਕੀਤੀ ਕਿ ਇਸ ਸਕੀਮ ਦਾ ਲਾਭ ਲੈਣ ਲਈ ਆਪਣੇ ਨਜਦੀਕੀ ਬਾਗਬਾਨੀ ਵਿਕਾਸ ਅਫਸਰ ਜਾਂ ਨਵੀਂ ਦਾਣਾ ਮੰਡੀ ਅਬੋਹਰ ਵਿਖੇ ਬਾਗਬਾਨੀ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।

ਹੋਰ ਪੜ੍ਹੋ :- ਡੇਰਾਬਸੀ ਵਿਖੇ 1 ਕਰੋੜ ਦੀ ਲੁੱਟ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ: ਵਿਵੇਕ ਸ਼ੀਲ ਸੋਨੀ