ਇਸਤਰੀ ਅਕਾਲੀ ਦਲ ਲੜਕੀਆਂ ਨੂੰ ਵਿਸ਼ਵ ਪੱਧਰ ਦੀ ਕੋਚਿੰਗ ਦੇਣ ਦੇ ਮਨੋਰਥ ਨਾਲ ਸਪੋਰਟਸ ਅਕੈਡਮੀਆਂ ਦੀ ਸਥਾਪਨਾ ਦੀ ਪਹਿਲਕਦਮੀ ਕਰੇਗਾ : ਬੀਬੀ ਜਗੀਰ ਕੌਰ

The Istri Akali Dal Bibi Jagir kaur

ਚੰਡੀਗੜ੍ਹ, 24 ਅਗਸਤ : ਇਸਤਰੀ ਅਕਾਲੀ ਦਲ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਕਿਹਾ ਕਿ ਇਸਤਰੀ ਅਕਾਲੀ ਦਲ ਲੜਕੀਆਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਦੇ ਯੋਗ ਬਣਾਉਣ ਵਾਸਤੇ ਵਿਸ਼ਵ ਪੱਧਰ ਦੀ ਕੋਚਿੰਗ ਦੇਣ ਲਈ ਸਪੋਰਟਸ ਅਕੈਡਮੀਆਂ ਦੀ ਸਥਾਪਨਾ ਦੀ ਪਹਿਲਕਦਮੀ ਕਰਨ ਜਾ ਰਿਹਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਬੀਬੀ ਜਗੀਰ ਕੌਰ ਨੇ ਕਿਹਾ ਕਿ ਅਗਲੇ ਹਫਤੇ ਇਕ ਉਚ ਤਾਕਤੀ ਕਮੇਟੀ ਦਾ ਗਠਨ ਕੀਤਾ ਜਾਵੇਗਾ ਜਿਸ ਵਿਚ ਵੱਖ ਵੱਖ ਖੇਡਾਂ ਤੋਂ ਪ੍ਰਮੁੱਖ ਮਹਿਲਾ ਖਿਡਾਰੀ ਤੇ ਸਾਬਕਾ ਐਵਾਰਡੀ ਮਹਿਲਾਵਾਂ ਸ਼ਾਮਲ ਹੋਣਗੀਆਂ। ਉਹਨਾਂ ਕਿਹਾ ਕਿ ਸੂਬੇ ਨੂੰ ਜ਼ੋਨਾਂ ਵਿਚ ਵੰਡ ਕੇ ਸਪੋਰਟਸ ਐਕਡਮੀਆਂ ਦੀ ਸਥਾਪਨਾ ਕੀਤੀ ਜਾਵੇਗੀ ਜਿਥੇ ਸਕੂਲੀ ਸਿੱਖਿਆ ਤੋਂ ਇਲਾਵਾ ਉਹਨਾਂ ਦੀ ਖੁਰਾਕ ਅਤੇ ਚੁਣੇ ਗਈ ਖੇਡ ਵਿਚ ਵਿਸ਼ਵ ਪੱਧਰ ਦੀ ਕੋਚਿੰਗ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਖੇਡਾਂ ਵਿਚ ਪੰਜਾਬ ਦਾ ਗੌਰਵ ਅਜਿਹਾ ਪ੍ਰਾਜੈਕਟ ਹੈ ਜਿਸ ’ਤੇ ਇਸਤਰੀ ਅਕਾਲੀ ਦਲ ਪੂਰੀ ਲਗਨ ਤੇ ਮਿਹਨਤ ਨਾਲ ਪਹਿਰਾ ਦੇਵੇਗਾ ਤੇ ਸੂਬੇ ਦੇ ਵੱਖ ਵੱਖ ਜ਼ੋਨਾਂ ਵਿਚ ਟਰਾਇਲ ਲਏ ਜਾਣਗੇ। ਉਹਨਟਾਂ ਕਿਹਾ ਕਿ ਇਹ ਟ੍ਰਾਇਲਜ਼ ਪ੍ਰੋਫੈਸ਼ਨਲ ਕੋਚਾਂ ਦੀ ਨਿਗਰਾਨੀ ਹੇਠ ਹੋਣਗੇ ਅਤੇ ਚੁਣੀ ਗਈ ਲੜਕੀ ਨੂੰ ਮੁਫਤ ਸਿੱਖਿਆ, ਖੁਰਾਕ ਤੇ ਸਿਖਲਾਈ ਚੋਟੀ ਦੇ ਕੋਚਾਂ ਵੱਲੋਂ ਦਿੱਤੀ ਜਾਵੇਗੀ ਤਾਂ ਜੋ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਖੇਡਾਂ ਵਿਚ ਲੜਕੀਆਂ ਦੀ ਕਾਰਗੁਜ਼ਾਰੀ ਸੁਧਾਰੀ ਜਾ ਸਕੇ। ਉਹਨਾਂ ਕਿਹਾ ਕਿ ਅਸੀਂ ਹਾਕੀ ਦੇ ਮੋਢੀ ਹਾਂ ਪਰ ਮੰਦੇਪਾਗਾਂ ਨੂੰ ਕੌਮਾਂਤਰੀ ਪੱਧਰ ’ਤੇ ਮੁਕਾਬਲੇ ਵਾਸਤੇ ਸਹੀ ਹੁਨਰ ਤਿਆਰ ਨਹੀਂ ਕੀਤਾ ਜਾ ਸਕਿਆ।
ਬੀਬੀ ਜਗੀਰ ਕੌਰ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਅਜਿਹਾ ਨਹੀਂ ਹੈ ਕਿ ਹੁਨਰ ਹੈ ਹੀ ਨਹੀਂ ਬਲਕਿ ਸੂਬੇ ਦੀਆਂ ਲੜਕੀਆਂ ਨੂੰ ਖੇਡਾਂ ਵਿਚ ਚੰਗੀ ਕਾਰਗੁਜ਼ਾਰੀ ਵਿਖਾਉਣ ਲਈ ਲੋੜੀਂਦੀ ਸਹਾਇਤਾ ਹੀ ਪ੍ਰਦਾਨ ਨਹੀਂ ਕੀਤੀ ਜਾ ਰਹੀ।