ਕਿਹਾ:- ਗਾਂਧੀ ਪਰਿਵਾਰ ਨੇ ਦੇਸ਼ ਦੀਆਂ ਪਾਈਆਂ ਵੰਡੀਆਂ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕਰਵਾਏ ਹਮਲੇ, ਸਿੱਖ ਕਤਲੇਆਮ ਕਰਵਾਏ
ਪਟਿਆਲਾ, 21 ਜਨਵਰੀ: ( )
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਗਾਂਧੀ ਪਰਿਵਾਰ ਦੀ ਚਾਪਲੂਸੀ ਕਰਕੇ ਆਪਣੇ ਆਪ ਨੂੰ ਕਾਂਗਰਸ ਪਾਰਟੀ ਦਾ ਚਹੇਤਾ ਬਣਨ ਲਈ ਰਾਹੁਲ ਗਾਂਧੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਬਨਣ ਦੇ ਦਿੱਤੇ ਬਿਆਨ ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਦੇਸ਼ ਦੀ ਜਨਤਾ ਗਾਂਧੀ ਪਰਿਵਾਰ ਨੂੰ ਭਵਿੱਖ ਵਿੱਚ ਪ੍ਰਧਾਨ ਮੰਤਰੀ ਦੀ ਗੱਦੀ ਤੇ ਦੇਖਣਾ ਕਦੇ ਵੀ ਪਸੰਦ ਨਹੀਂ ਕਰੇਗੀ।
ਪ੍ਰੋ. ਬਡੂੰਗਰ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਪਰਿਵਾਰਕ ਮੈਂਬਰਾਂ ਜਿਨ੍ਹਾਂ ਵਿਚ ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ ਦੇਸ਼ ਨੂੰ ਵੰਡਕੇ ਦੋ ਫਾੜ ਕਰ ਕੇ ਰੱਖ ਦਿੱਤਾ ਅਤੇ ਭਾਰਤ ਤੇ ਪਾਕਿਸਤਾਨ ਵੱਖੋ-ਵੱਖਰੇ ਬਣਾ ਕੇ ਦੋਵਾਂ ਦੇਸ਼ਾਂ ਵਿਚ ਦੀਵਾਰਾਂ ਖੜ੍ਹੀਆਂ ਕਰ ਕੇ ਰੱਖ ਦਿੱਤੀਆਂ ਗਈਆਂ, ਜਿਸ ਕਾਰਨ ਸਾਡੇ ਗੁਰਧਾਮ ਸਾਡੇ ਤੋਂ ਵਿਛੜ ਗਏ।
ਉਨ੍ਹਾਂ ਕਿਹਾ ਕਿ ਇਸ ਉਪਰੰਤ ਰਾਹੁਲ ਗਾਂਧੀ ਦੇ ਦਾਦੀ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਪੰਜਾਬ ਨੂੰ ਵੰਡਕੇ ਤਿੰਨ ਟੁਕੜੇ ਕਰ ਦਿੱਤੇ ਗਏ, ਜਿਨ੍ਹਾਂ ਵਿੱਚੋਂ ਪੰਜਾਬ, ਹਰਿਆਣਾ ਅਤੇ ਹਿਮਾਚਲ ਬਣਾ ਦਿੱਤਾ ਗਿਆ ਤੇ ਪੰਜਾਬ ਨੂੰ ਉਸਦਾ ਬਣਦਾ ਹੱਕ ਵੀ ਨਹੀਂ ਦਿੱਤਾ ਗਿਆ। ਜਦ ਕਿ ਪੰਜਾਬ ਦੀ ਮੰਗ ਨੂੰ ਦਰਕਰਾਰ ਕਰਦੇ ਹੋਏ ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ ਦੀ ਹਾਈਕੋਰਟ ਤੇ ਚੰਡੀਗੜ੍ਹ ਪੰਜਾਬ ਨੂੰ ਦੇਣ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਅਧਿਕਾਰ ਪੰਜਾਬ ਨੂੰ ਦੇਣ ਦੀ ਬਜਾਏ ਸਿੱਧਾ ਕੇਂਦਰ ਸਰਕਾਰ ਕੋਲ ਰੱਖ ਲਿਆ ਗਿਆ । ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਇੰਦਰਾ ਗਾਂਧੀ ਵੱਲੋਂ 1984 ਵਿਚ ਸਿੱਖ ਕੌਮ ਦੇ ਸਰਵ ਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਉਤੇ ਟੈਂਕਾਂ ਅਤੇ ਤੋਪਾਂ ਨਾਲ ਹਮਲਾ ਕਰਵਾਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ-ਢੇਰੀ ਕਰਵਾਇਆ ਗਿਆ, ਤੇ ਇਸ ਹਮਲੇ ਵਿਚ ਅਨੇਕਾਂ ਸਿੰਘਾਂ ਸਿੰਘਣੀਆਂ ਸ਼ਹੀਦ ਹੋਏ।
ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਇਸ ਦੇ ਨਾਲ ਹੀ ਕਾਂਗਰਸ ਪਾਰਟੀ ਵੱਲੋਂ ਦੇਸ਼ ਦੀਆਂ ਵੱਖ ਵੱਖ ਥਾਵਾਂ ਤੇ ਦੰਗੇ ਕਰਵਾ ਕੇ ਸਿੱਖ ਨਸਲਕੁਸ਼ੀ ਕਰਵਾਈ ਗਈ ਅਤੇ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਸਾੜਿਆ ਗਿਆ ਹੈ ਤੇ ਸਾਡੀਆਂ ਧੀਆਂ-ਭੈਣਾਂ ਦੀ ਬੇਪੱਤੀ ਕਰਵਾਈ ਗਈ। ਉਨ੍ਹਾਂ ਕਿਹਾ ਕਿ ਇੱਥੇ ਹੀ ਬੱਸ ਨਹੀਂ ਰਾਹੁਲ ਗਾਂਧੀ ਦੇ ਪਿਤਾ ਰਾਜੀਵ ਗਾਂਧੀ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਦਿੱਲੀ, ਕਾਨਪੁਰ ਸਮੇਤ ਹੋਏ ਵੱਖ ਵੱਖ ਥਾਵਾਂ ਤੇ ਸਿੱਖ ਦੰਗਿਆਂ ਦੌਰਾਨ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਬਾਰੇ ਕਿਹਾ ਗਿਆ ਕਿ “ਜਬ ਬੜਾ ਪੇੜ ਗਿਰਤਾ ਹੈ, ਤੋਂ ਧਰਤੀ ਕਾਂਪਤੀ ਹੈ” ਵਰਗੇ ਬਿਆਨ ਦੇ ਕੇ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ। ਪ੍ਰੋ. ਬਡੂੰਗਰ ਨੇ ਕਿਹਾ ਕਿ ਗਾਂਧੀ ਪਰਿਵਾਰ ਨੂੰ ਸਿੱਖ ਕੌਮ ਹੀ ਨਹੀਂ ਪੂਰਾ ਦੇਸ਼ ਕਦੇ ਵੀ ਮੁਆਫ਼ ਨਹੀਂ ਕਰ ਸਕੇਗਾ ਕਿਉਂਕਿ ਦੇਸ਼ ਅਤੇ ਕੌਮ ਵਿੱਚ ਵੰਡੀਆਂ ਪਾਉਣ ਵਾਲੇ ਗਾਂਧੀ ਪਰਿਵਾਰ ਹਮੇਸ਼ਾਂ ਸਿੱਖ ਕੌਮ ਤੇ ਪੰਜਾਬ ਦਾ ਦੁਸ਼ਮਣ ਹੀ ਰਹੇਗਾ। ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਦੇਸ਼ ਵਿੱਚ ਭਾਰਤ ਜੋੜੋ ਜਾਤਰਾ ਕੱਢ ਕੇ ਵੀ ਰਾਹੁਲ ਗਾਂਧੀ ਕਾਂਗਰਸ ਦੀ ਡੁੱਬਦੀ ਬੇੜੀ ਨੂੰ ਬਚਾ ਨਹੀਂ ਕਰਵਾ ਸਕਣਗੇ। ਉਹਨਾਂ ਕਿਹਾ ਕਿ ਗਾਂਧੀ ਪ੍ਰਵਾਰ ਨੇ ਹੁਣ ਤੱਕ ਜੋ ਗੁਨਾਹ ਕੀਤੇ ਹਨ, ਉਸਦੀ ਰਾਹੁਲ ਗਾਂਧੀ ਨੂੰ ਮਾਫੀ ਮੰਗਣੀ ਚਾਹੀਦੀ ਹੈ

English






