ਕਿਸਾਨੀ ਵਿਚ ਔਰਤਾਂ ਦੀ ਭੂਮਿਕਾ ਅਹਿਮ: ਡਾ. ਪ੍ਰੀਤੀ ਯਾਦਵ 

ਦੇਸ਼ ਭਰ ਵਿੱਚੋਂ ਪ੍ਰਾਪਤ ਲੇਖਾਂ ਉੱਤੇ ਅਧਾਰਤ ਕਿਸਾਨੀ ‘ਚ ਮਹਿਲਾਵਾਂ ਦੀ ਭੂਮਿਕਾ ਪੁਸਤਕ ਵਿਚ  ਸ਼੍ਰੀਮਤੀ ਰੇਖਾ ਸ਼ਰਮਾ ਦਾ ਲੇਖ ਹੋਇਆ ਦਰਜ
ਡਿਪਟੀ ਕਮਿਸ਼ਨਰ ਵੱਲੋਂ ਸ਼੍ਰੀਮਤੀ ਰੇਖਾ ਸ਼ਰਮਾ ਦੀ ਹੌਸਲਾ ਅਫਜ਼ਾਈ 
ਰੂਪਨਗਰ, 27 ਅਕਤੂਬਰ :- 
ਕਿਸਾਨੀ ਵਿੱਚ ਮਹਿਲਾਵਾਂ ਦੀ ਭੂਮਿਕਾ ਪੁਸਤਕ ਦੀ ਰਚਨਾ ਲਈ ਦੇਸ਼ ਭਰ ਵਿੱਚੋਂ ਪ੍ਰਾਪਤ ਲੇਖਾਂ ਵਿਚੋਂ ਗਿਣਤੀ ਦੇ ਲੇਖ ਚੁਣੇ ਗਏ, ਜਿਨ੍ਹਾਂ ਵਿੱਚੋਂ ਪੰਜਾਬ ਵਲੋਂ ਇੱਕ ਲੇਖ ਦੀ ਚੋਣ ਕਰਕੇ ਇਸਨੂੰ ਪੁਸਤਕ ਵਿੱਚ ਦਰਜ ਕੀਤਾ ਗਿਆ। ਇਹ ਮਾਣ ਵਾਲੀ ਗੱਲ ਹੈ ਕਿ ਚੁਣਿਆ ਗਿਆ ਲੇਖ ਜ਼ਿਲ੍ਹਾ ਰੂਪਨਗਰ ਵਿਖੇ ਪੀ.ਐਸ.ਆਰ.ਐਲ.ਐਮ ਅਜੀਵਿਕਾ ਸਕੀਮ ਅਧੀਨ ਬਲਾਕ ਨੂਰਪੁਰਬੇਦੀ ਵਿਖੇ ਬਤੌਰ ਬਲਾਕ ਪ੍ਰੋਗਰਾਮ ਮੈਨੇਜਰ ਕੰਮ ਕਰ ਰਹੀ ਸ਼੍ਰੀਮਤੀ ਰੇਖਾ ਸ਼ਰਮਾ ਪੁੱਤਰੀ ਸ਼੍ਰੀ ਰਾਕੇਸ਼ ਸ਼ਰਮਾ ਪਿੰਡ ਰਾਮਗੜ੍ਹ ਸ਼ੀਕਰੀ ਬਲਾਕ ਤਲਵਾੜਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਰਹਿਣ ਵਾਲੀ ਦੁਆਰਾ ਲਿਖਿਆ ਗਿਆ ਹੈ।
ਇਸ ਪ੍ਰਾਪਤੀ ਲਈ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵਲੋਂ ਪ੍ਰਬੰਧਕੀ ਕੰਪੈਲਕਸ ਵਿਖੇ ਵਧਾਈ ਦਿੱਤੀ ਗਈ ਅਤੇ ਹੌਸਲਾ ਅਫਜ਼ਾਈ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਜ ਹਰ ਖ਼ੇਤਰ ਵਿਚ ਔਰਤਾਂ ਵਿਲਖਣ ਪ੍ਰਾਪਤੀਆਂ ਕਰ ਰਹੀਆਂ ਹਨ ਤੇ ਕਿਸਾਨੀ ਦੇ ਖੇਤਰ ਵਿਚ ਵੀ ਔਰਤਾਂ ਦੀ ਭੂਮਿਕਾ ਅਹਿਮ ਹੈ ਤੇ ਔਰਤਾਂ ਕੁਦਰਤੀ ਖੇਤੀ ਤੇ ਰਿਵਾਇਤੀ ਫ਼ਸਲੀ ਚੱਕਰ ਨੂੰ ਬਦਲਣ ਵਿੱਚ ਵੀ ਅਹਿਮ ਰੋਲ ਅਦਾ ਕਰ ਸਕਦੀਆਂ ਹਨ।
ਇਸ ਮੁਲਾਕਾਤ ਦੌਰਾਨ ਸ਼੍ਰੀਮਤੀ ਰੇਖਾ ਸ਼ਰਮਾ ਨੇ ਆਪਣੇ ਨਿੱਜੀ ਜੀਵਨ ਬਾਰੇ ਵਿਚਾਰ ਚਰਚਾ ਕੀਤੀ ਕਿ ਕਿਸ ਤਰ੍ਹਾਂ ਉਨ੍ਹਾਂ ਦਾ ਝੁਕਾਅ ਕਿਸਾਨੀ ਵੱਲ ਪਿਆ। ਉਨ੍ਹਾਂ ਦੱਸਿਆ ਕਿ ਇਹ ਸੁਭਾਅ ਉਨ੍ਹਾਂ ਨੂੰ ਆਪਣੇ ਮਾਤਾ-ਪਿਤਾ ਦੀ ਸਮਾਜ ਸੇਵੀ ਅਤੇ ਲੋਕਾਂ ਦੀ ਮੱਦਦ ਕਰਨ ਵਾਲੀ ਸੋਚ ਕਰਕੇ ਪਰਾਪਤ ਹੋਇਆ ਜਿਸ ਕਰਕੇ ਉਨ੍ਹਾਂ ਦਾ ਝੁਕਾਅ ਵੀ ਲੋਕਾਂ ਨੂੰ ਆਤਮ ਨਿਰਭਰ ਬਣਾਉਣ ਵੱਲ ਹੋ ਗਿਆ।
ਸ਼੍ਰੀਮਤੀ ਰੇਖਾ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਕਹਿੰਦੇ ਸਨ ਕਿ ਆਪਣੇ ਲਈ ਤਾਂ ਹਰ ਕੋਈ ਜਿੰਦਗੀ ਜਿਉਂਦਾ ਹੈ ਜੋ ਇੱਕ ਵਾਰ ਮਿਲਦੀ ਹੈ, ਇਹ ਜਿੰਦਗੀ ਵਿੱਚ ਸਾਨੂੰ ਸਮਾਜ ਦਾ ਭਲਾ ਕਰਨਾ ਚਾਹੀਦਾ ਹੈ।
ਸਾਲ 2003 ਵਿੱਚ ਉਨ੍ਹਾਂ ਕੁਦਰਤੀ ਖੇਤੀ ਹਰੜ, ਬਹੇੜਾ, ਔਲਾ, ਗਲੋ, ਜੰਗਲੀ ਕਰੇਲਾ, ਕਰੋਦਾਂ ਅਤੇ ਹਲਦੀ ਦੀ ਖੇਤੀ ਕਰਨੀ ਸ਼ੁਰੂ ਕੀਤੀ। ਆਰਥਿਕ ਤੌਰ ਉੱਤੇ ਗਰੀਬ ਔਰਤਾਂ ਨੂੰ ਇਕੱਠੇ ਕਰਕੇ ਇੱਕ ਸੈਲਫ ਹੈਲਪ ਗਰੁੱਪ ਬਣਾਇਆ ਕਿਉਂਕਿ ਕੰਢੀ ਏਰੀਆ ਹੋਣ ਕਰਕੇ ਪਥਰੀਲੀ ਜਮੀਨ ਵਰਖਾ ਦੀ ਘਾਟ ਅਤੇ ਜੰਗਲੀ ਜੀਵਾਂ ਦੀ ਫਸਲ ਉਜਾੜਾ ਕਰਕੇ ਇਹ ਸਭ ਕਰਨਾ ਬਹੁਤ ਮੁਸ਼ਿਕਲ ਤੇ ਲੋਕਾਂ ਵਿੱਚ ਜਾਗਰੂਕਤਾ ਦੀ ਕਮੀ ਕਰਕੇ ਇੰਨਾ ਸੁਖਾਲਾ ਨਹੀਂ ਸੀ ਪਰ ਫਿਰ ਵੀ ਹਿੰਮਤ ਨਾ ਹਾਰਦੇ ਹੋਏ ਕੁਦਰਤੀ ਜੜੀ-ਬੂਟੀਆਂ ਤੇ ਔਸ਼ਧੀਯੁਕਤ ਚੀਜਾਂ ਨੂੰ ਪ੍ਰੋਸੈਸ ਕਰਕੇ ਐਸ.ਐਸ.ਐਮ.ਐਸ.ਐਚ.ਜੀ. ਰਾਹੀ ਪਿੰਡ ਪੱਧਰ ਤੋਂ ਲੈ ਕੇ ਪੰਜਾਬ ਰਾਜ ਤੇ ਨਾਲ ਲੱਗਦੇ ਸੂਬਿਆਂ ਵਿੱਚ ਕਿਸਾਨ ਮੇਲੇ, ਸਰਸ ਮੇਲੇ ਰਾਹੀ ਆਪਣੇ ਉਤਪਾਦਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਲੋਕਾਂ ਤੱਕ ਪੁੱਜਦੇ ਕੀਤਾ। ਇਸ  ਸਦਕਾ ਔਰਤਾਂ ਨੂੰ ਆਰਥਿਕ ਪੱਖੋਂ ਆਤਮ ਨਿਰਭਰਤਾ ਪ੍ਰਾਪਤ ਹੋਈ।
ਇਹਨਾਂ ਕਾਰਜਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਨੈਸ਼ਲਲ ਐਵਾਰਡ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਸਨਮਾਨ ਅਤੇ ਰਾਜ ਪੱਧਰੀ ਐਵਾਰਡ ਤੋਂ ਇਲਾਵਾ ਕਈ ਹੋਰ ਮਾਣ-ਸਨਮਾਨ ਵੀ ਪ੍ਰਾਪਤ ਹੋਏ।