ਸਰਕਾਰੀ ਸਕੂਲਾਂ ਨੇ ਸਾਈਬਰ ਸੁਰੱਖਿਆ ਜਾਗਰੂਕਤਾ ਦਿਵਸ ਮਨਾਇਆ
ਰੂਪਨਗਰ , 3 ਅਗਸਤ: ਅੱਜ ਜ਼ਿਲ੍ਹਾ ਰੂਪਨਗਰ ਦੇ ਸਰਕਾਰੀ ਸਕੂਲਾਂ ਵਿੱਚ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਸਾਇਬਰ ਸਕਿਉਰਿਟੀ ਜਾਗਰੂਕਤਾ ਦਿਵਸ ਤਹਿਤ ਸਵੇਰ ਦੀ ਸਭਾ ਵਿੱਚ ਇੰਟਰਨੈੱਟ ਦੀ ਸੁਰੱਖਿਅਤ ਵਰਤੋਂ ਅਤੇ ਆਨ ਲਾਇਨ ਧੌਖਾ-ਧੜੀ ਬਾਰੇ ਦੱਸਿਆ ਗਿਆ। ਇਸਦੇ ਨਾਲ ਹੀ ਵਿਸ਼ੇ ਨਾਲ ਸਬੰਧਤ ਪੋਸਟਰ ਮੇਕਿੰਗ, ਭਾਸ਼ਣ ਅਤੇ ਲੇਖ ਲਿਖਣ ਮੁਕਾਬਲੇ ਕਰਵਾਏ ਗਏ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਮੈਂਟਰ ਕੰਪਿਊਟਰ ਸਾਇੰਸ ਦਿਸ਼ਾਂਤ ਮਹਿਤਾ ਨੇ ਦੱਸਿਆ ਕਿ ਅਜੋਕੇ ਸਮੇਂ ਦੌਰਾਨ ਹਰ ਚੀਜ਼ ਅਤੇ ਸਾਧਨ ਦਾ ਕੰਪਿਊਟਰੀਕਰਨ ਹੋ ਰਿਹਾ ਹੈ। ਇਕ ਪਾਸੇ ਇਸ ਨਾਲ ਜਿੱਥੇ ਲੋਕਾਂ ਦਾ ਕੰਮ ਬੇਹੱਦ ਸੁਖਾਵਾਂ ਹੋ ਗਿਆ ਹੈ ਉਥੇ ਹੀ ਦੂਜੇ ਪਾਸੇ ਸਾਇਬਰ ਸਕਿਉਰਿਟੀ ਨਾਲ ਜੁੜੇ ਕਈ ਗੰਭੀਰ ਮਸਲੇ ਸਾਹਮਣੇ ਆ ਰਹੇ ਹਨ। ਇਸ ਕੰਪਿਉਟਰ ਯੁੱਗ ਦੌਰਾਨ ਤੇਜ਼ੀ ਨਾਲ ਵਧ ਰਹੇ ਸਾਇਬਰ ਕਰਾਇਮ ਨੂੰ ਠੱਲ੍ਹ ਪਾਉਣ ਲਈ ਇੱਕਮਾਤਰ ਉਪਾਅ, ਇਸ ਸਬੰਧੀ ਜਾਗਰੂਕਤਾ ਹੈ ਜਿਨ੍ਹਾਂ ਉੱਪਰ ਸਾਨੂੰ ਤਵੱਜੋ ਦੇਣ ਦੀ ਜ਼ਰੂਰਤ ਹੈ। ਨਾਗਰਿਕਾਂ ਵਿਚ ਸਾਇਬਰ ਸਕਿਉਰਿਟੀ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ, ਭਾਰਤ ਸਰਕਾਰ ਵੱਲੋਂ “ਸਾਈਬਰ ਸੁਰੱਖਿਆ ਜਾਗਰੂਕਤਾ ਦਿਵਸ” ਮੁਹਿੰਮ ਤਹਿਤ ,ਸਕੂਲ ਸਿੱਖਿਆ ਵਿਭਾਗ ਵੱਲੋਂ ਇਸ ਸਬੰਧੀ ਸਮੂਹ ਵਿਦਿਆਰਥੀਆਂ ਨੂੰ ਸਾਈਬਰ ਸੁਰੱਖਿਆ ਦੇ ਵੱਖ -ਵੱਖ ਪਹਿਲੂਆਂ ਨਾਲ ਜਾਣੂ ਕਰਵਇਆ ਜਾ ਰਿਹਾ ਹੈ।
ਦਿਸ਼ਾਂਤ ਮਹਿਤਾ ਨੇ ਦੱਸਿਆ ਕਿ ਜ਼ਿਲ੍ਹਾ ਸਿਖਿਆ ਅਫਸਰ (ਸ) ਸ੍ਰੀ ਜਰਨੈਲ ਸਿੰਘ ਅਤੇ ਉਪ ਜ਼ਿਲ੍ਹਾ ਸਿਖਿਆ ਅਫਸਰ (ਸ) ਸ੍ਰੀ ਸੁਰਿੰਦਰਪਾਲ ਸਿੰਘ ਦੀ ਅਗਵਾਈ ਵਿਚ ਇਸੇ ਲੜੀ ਤਹਿਤ 3 ਅਗਸਤ 2022 ਨੂੰ 6ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਾਈਬਰ ਸੁਰੱਖਿਆ ਦੇ ਵਿਸ਼ੇ ਤੇ ਪੋਸਟਰ ਮੇਕਿੰਗ, ਭਾਸ਼ਣ ਅਤੇ ਲੇਖ ਲਿਖਣ ਮੁਕਾਬਲੇ, ਸਾਰੇ ਸਕੂਲਾਂ ਵਿੱਚ ਭਾਰੀ ਉਤਸ਼ਾਹ ਨਾਲ ਕਰਵਾਏ ਗਏ। ਜਿਸ ਵਿੱਚ ਬੱਚਿਆ ਵੱਲੋ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ। ਇਸ ਮੁਹਿੰਮ ਸਦਕਾ ਵਿਦਿਆਰਥੀਆਂ ਅੰਦਰ ਇਸ ਬੇਹੱਦ ਅਹਿਮ ਵਿਸ਼ੇ ਸਬੰਧੀ ਜਾਗਰੂਕਤਾ ਉਤਪੰਨ ਹੋਈ। ਇਨ੍ਹਾਂ ਕੈਂਪਾਂ ਅਤੇ ਮੁਕਾਬਲਿਆਂ ਵਿਚ ਸਮੂਹ ਸਕੂਲ ਮੁਖੀਆਂ, ਕੰਪਿਊਟਰ ਅਧਿਆਪਕਾਂ ਅਤੇ ਬਲਾਕ ਮੈਂਟਰ ਹਰਦੀਪ ਸਿੰਘ, ਨਰਿੰਦਰ ਸਿੰਘ, ਜਗਪਾਲ ਸਿੰਘ, ਲਲਿਤ ਵਰਮਾ, ਜਗਮੋਹਨ ਸਿੰਘ, ਅਮਰੀਕ ਸਿੰਘ, ਗੁਰਪ੍ਰੀਤ ਸਿੰਘ, ਜਸਮੇਲ ਸਿੰਘ, ਸੰਦੀਪ ਜਿੰਦਲ ਅਤੇ ਤਲਵਿੰਦਰ ਸਿੰਘ ਵੱਲੋਂ ਅਹਿਮ ਯੋਗਦਾਨ ਪਾਇਆ ਗਿਆ।

English






