ਜ਼ਿਲ੍ਹਾ ਬਰਨਾਲਾ ਦੀਆਂ ਸਨਅਤਾਂ ’ਚ ਰੋਜ਼ਗਾਰ ਦਿਵਾਉਣ ਲਈ ਨੌਜਵਾਨਾਂ ਨੂੰ ਬਣਾਇਆ ਜਾਵੇਗਾ ਹੁਨਰਮੰਦ: ਡਿਪਟੀ ਕਮਿਸ਼ਨਰ

—ਡਿਪਟੀ ਕਮਿਸ਼ਨਰ ਵੱਲੋਂ ਸਨਅਤੀ ਇਕਾਈਆਂ ਦੇ ਨੁਮਾਇੰਦਿਆਂ ਨਾਲ ਅਹਿਮ ਮੀਟਿੰਗ
—- ਜ਼ਿਲ੍ਹਾ ਉਦਯੋਗ ਕੇਂਦਰ ਦਫਤਰ ਬਰਨਾਲਾ ਵਿਖੇ ਸਥਾਪਿਤ

ਬਰਨਾਲਾ, 13 ਦਸੰਬਰ :- 
ਜ਼ਿਲ੍ਹੇ ਵਿੱਚ ਸਨਅਤੀ ਮੌਕਿਆਂ ਨੂੰ ਹੋਰ ਹੁਲਾਰਾ ਦੇਣ ਅਤੇ ਨੌਜਵਾਨਾਂ ਨੂੰ ਸਨਅਤਾਂ ਦੀ ਜ਼ਰੂਰਤ ਅਨੁਸਾਰ ਹੁਨਰਮੰਦ ਕਰਨ ਲਈ ਆਉਂਦੇ ਦਿਨੀਂ ਸਿਰਤੋੜ ਉਪਰਾਲੇ ਕੀਤੇ ਜਾਣਗੇ ਤਾਂ ਜੋ ਨੌਜਵਾਨਾਂ ਨੂੰ ਜ਼ਿਲ੍ਹੇ ਅੰਦਰ ਹੀ ਰੋਜ਼ਗਾਰ ਮਿਲ ਸਕੇ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਵੱਲੋਂ ਅੱਜ ਇੱਥੇ ਜ਼ਿਲ੍ਹ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹ੍ਹਾ ਬਰਨਾਲਾ ਦੇ ਸਨਅਤਕਾਰਾਂ ਨਾਲ ਮੀਟਿੰਗ ਦੌਰਾਨ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਜ਼ਿਲ੍ਹੇ ’ਚ ਉਦਯੋਗ ਨੂੰ ਹੁਲਾਰਾ ਦੇਣ ਲਈ ਪੂਰਨ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਆਈਟੀਆਈ ਦੇ ਨੌਜਵਾਨਾਂ ਦੀ ਉਦਯੋਗਿਕ ਇਕਾਈਆਂ ’ਚ ਟ੍ਰੇਨਿੰਗ ਲਗਾਉਣ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਨੌਜਵਾਨ ਸਨਅਤਾਂ ਦੀਆਂ ਜ਼ਰੂਰਤਾਂ ਅਨੁੁਸਾਰ ਹੁਨਰਮੰਦ ਬਣ ਕੇ ਰੋਜ਼ਗਾਰ ਹਾਸਲ ਕਰ ਸਕਣ। ਉਨ੍ਹਾਂ ਕਿਹਾ ਕਿ ਹੁਣ ਜ਼ਿਲ੍ਹਾ ਉਦਯੋਗ ਕੇਂਦਰ ਬਰਨਾਲਾ ਵਿਖੇ ਸਥਾਪਿਤ ਹੋਣ ਨਾਲ ਸਨਅਤੀ ਮੁਸ਼ਕਲਾਂ ਹੱਲ ਕਰਨਾ ਹੋਰ ਆਸਾਨ ਹੋ ਜਾਵੇਗਾ, ਕਿਉਂਕਿ ਪਹਿਲਾਂ ਇਹ ਸੇਵਾਵਾਂ ਮਾਲੇਰਕੋਟਲਾ ਤੋਂ ਹਾਸਲ ਕਰਨੀਆਂ ਪੈਂਦੀਆਂ ਸਨ। ਇਹ ਦਫਤਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰੈੱਡ ਕ੍ਰਾਸ ਭਵਨ ਵਿਖੇ ਸਥਾਪਿਤ ਹੈ।
ਇਸ ਮੌਕੇ ਜੀਐਮ ਇੰਡਸਟਰੀ ਸ. ਪ੍ਰੀਤ ਮਹਿੰਦਰ ਸਿੰਘ ਬਰਾੜ ਵੱਲੋਂ ਇਕ ਜ਼ਿਲ੍ਹ੍ਹਾ ਇਕ ਉਤਪਾਦ ਸਕੀਮ ਸਣੇ ਰਾਜ ਅਤੇ ਕੇਂਦਰ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਨਅਤਕਾਰਾਂ ਵੱਲੋਂ ਫੋਕਲ ਪੁਆਇੰਟ, ਫੂਡ ਪਾਰਕ ਤੇ ਹੁਨਰ ਵਿਕਾਸ ਕੇਂਦਰ ਬਰਨਾਲਾ ਵਿਖੇ ਸਥਾਪਿਤ ਕਰਨ ਦੀ ਮੰਗ ਰੱਖੀ ਗਈ। ਇਸ ਮੌਕੇ ਭੱਠਾ ਐਸੋਸੀਏਸ਼ਨ ਵੱਲੋਂ ਮਾਈਨਿੰਗ ਨਾਲ ਸਬੰਧਤ ਦਿੱਕਤਾਂ ਤੋਂ ਇਲਾਵਾ ਹੋਰਾਂ ਵੱਲੋਂ ਨਵੀਆਂ ਸਨਅਤਾਂ ਲਈ ਸੀਐਲਯੂ ਸਬੰਧੀ ਦਿੱਕਤਾਂ, ਰਾਈਸ ਸ਼ੈਲਰ ਐਸੋਸੀਏਸ਼ਨ ਵੱਲੋਂ ਬਿਜਲ ਸਪਲਾਈ ਸਬੰਧੀ, ਪ੍ਰੋਸੈਸਿੰਗ ਯੂਨਿਟ ਦੀ ਲੋੜ ਆਦਿ ਸਬੰਧੀ ਮੰਗਾਂ ਅਤੇ ਮੁਸ਼ਕਲਾਂ ਦੱਸੀਆਂ ਗਈਆਂ। ਡਿਪਟੀ ਕਮਿਸ਼ਨਰ ਵੱਲੋਂ ਮੁਸ਼ਕਲਾਂ ਦੇ ਹੱਲ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਡਿਸਟ੍ਰਿਕਟ ਇੰਡਸਟਰੀ ਚੈਂਬਰ ਬਰਨਾਲਾ ਦੇ ਪ੍ਰਧਾਨ ਸ੍ਰੀ ਵਿਜੈ ਗਰਗ, ਡਿਪਟੀ ਡਾਇਰੈਕਟਰ ਫੈਕਟਰੀਜ਼ ਵਿਸ਼ਾਲ ਸਿੰਗਲਾ, ਟ੍ਰਾਈਡੈਂਟ
ਤੋਂ ਇਲਾਵਾ ਭੱਠਾ ਐਸੋਸੀਏਸ਼ਨ,  ਰਾਈਸ ਮਿਲਰ ਐਸੋਸੀਏਸ਼ਨ, ਐਗਰੀਕਲਚਰ ਇੰਪਲੀਮੈਂਟਸ, ਪੋਲਟਰੀ ਕਾਰੋਬਾਰ ਨਾਲ ਸਬੰਧਤ ਨੁਮਾਇੰਦੇ ਹਾਜ਼ਰ ਸਨ।

ਹੋਰ ਪੜ੍ਹੋ :-  ਹਰਜੋਤ ਸਿੰਘ ਬੈਂਸ ਵੱਲੋਂ ਸਿੱਖਿਆ ਵਿਭਾਗ ਵਿੱਚ ਬਤੌਰ ਬੀ.ਐਮ./ ਡੀ.ਐਮ.  ਕੰਮ ਕਰਦੇ ਅਧਿਆਪਕਾਂ ਨੂੰ ਤੁਰੰਤ ਸਕੂਲਾਂ ਵਿੱਚ ਤੈਨਾਤ ਕਰਨ ਦੇ ਹੁਕਮ