ਭਾਰੀ ਮੀਂਹ ਕਾਰਨ ਪੈਦਾ ਹੋਏ ਹਲਾਤਾਂ ਨਾਲ ਨਜਿਠਣ ਲਈ ਪ੍ਰਸ਼ਾਸਨ ਨੇ ਕੀਤਾ ਦਿਨ ਰਾਤ ਇਕ

-ਲੋਕ ਵੀ ਰਾਹਤ ਕਾਰਜਾਂ ਵਿਚ ਕਰ ਰਹੇ ਹਨ ਮਦਦ

ਫਾਜਿ਼ਲਕਾ, 16 ਜ਼ੁਲਾਈ  :-  

ਬੀਤੇ ਦੋ ਦਿਨ ਤੋਂ ਜਿ਼ਲ੍ਹੇ ਵਿਚ ਪੈ ਰਹੀ ਭਾਰੀ ਬਾਰਿਸ ਕਾਰਨ ਅਤੇ ਸੇਮ ਨਾਲਿਆਂ ਰਾਹੀਂ ਦੂਸਰੇ ਜਿ਼ਲ੍ਹਿਆਂ ਤੋਂ ਪਹੁੰਚੇ ਵਿੱਤੋਂ ਬਾਹਰ ਪਾਣੀ ਕਾਰਨ ਬਣੇ ਹਲਾਤਾਂ ਦੇ ਮੱਦੇਨਜਰ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਦਿਨ ਰਾਤ ਇਕ ਕਰਕੇ ਰਾਹਤ ਕਾਰਜਾਂ ਚਲਾਏ ਜਾ ਰਹੇ ਹਨ। ਬੀਤੀ ਸਾਰੀ ਰਾਤ ਵੀ ਮਾਲ ਮਹਿਕਮੇ ਤੋਂ ਇਲਾਵਾਂ ਸਿੰਚਾਈ, ਡ੍ਰੇਨਜ ਅਤੇ ਪੇਂਡੂ ਵਿਕਾਸ ਵਿਭਾਗ ਦੇ ਅਧਿਕਾਰੀ ਵੀ ਨਹਿਰਾਂ ਨਾਲਿਆਂ ਨੂੰ ਟੁੱਟਣ ਤੋਂ ਬਚਾਉਣ ਲਈ ਅਤੇ ਟੁੱਟੀਆਂ ਨਹਿਰਾਂ ਨੂੰ ਬੰਨਣ ਲਈ ਕੰਮ ਕਰਦੇ ਰਹੇ ਅਤੇ ਇਸ ਕਾਰਜ ਵਿਚ ਜਿ਼ਲ੍ਹੇ ਦੇ ਲੋਕ ਵੀ ਅੱਗੇ ਆ ਕੇ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਜ਼ੋੜ ਕੇ ਕੰਮ ਕਰ ਰਹੇ ਹਨ।
ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਖੁਦ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ ਅਤੇ ਰਾਹਤ ਕਾਰਜਾਂ ਵਿਚ ਲੱਗੇ ਅਧਿਕਾਰੀਆਂ ਕਰਮਚਾਰੀਆਂ ਅਤੇ ਹੋਰ ਲੋਕਾਂ ਦਾ ਹੌਂਸਲਾਂ ਵਧਾ ਰਹੇ ਹਨ। ਉਨ੍ਹਾਂ ਵੱਲੋਂ ਸਾਰੇ ਵਿਭਾਗਾਂ ਨੂੰ ਇਕ ਟੀਮ ਵਜੋਂ ਕੰਮ ਕਰਨ ਲਈ ਪੇ੍ਰਰਿਤ ਕੀਤਾ ਗਿਆ ਜਿਸ ਤੋਂ ਬਾਅਦ ਵਿਭਾਗਾਂ ਦੀ ਆਪਸੀ ਚੌਕਸੀ ਨਾਲ ਬੀਤੀ ਰਾਤ ਕਈ ਨਹਿਰਾਂ ਨੂੰ ਟੁੱਟਣ ਤੋਂ ਬਚਾਇਆ ਗਿਆ।
ਦੂਜ਼ੇ ਪਾਸੇ ਸਿਹਤ ਵਿਭਾਗ ਅਤੇ ਪਸੂ ਪਾਲਣ ਵਿਭਾਗ ਦੀਆਂ ਟੀਮਾਂ ਨੂੰ ਵੀ ਅੱਜ ਪ੍ਰਭਾਵਿਤ ਇਲਾਕਿਆਂ ਵਿਚ ਭੇਜਿਅ ਗਿਆ ਹੈ। ਪੇਂਡੂ ਵਿਕਾਸ ਵਿਭਾਗ ਵੱਲੋਂ ਉਨ੍ਹਾਂ ਪਿੰਡਾਂ ਵਿਚੋਂ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਜਿੱਥੇ ਛੱਪੜ ਨੱਕੋ ਨੱਕ ਭਰਕੇ ਉਛੱਲ ਰਹੇ ਹਨ। ਡੇ੍ਰਨਜ ਵਿਭਾਗ ਸੇਮ ਨਾਲਿਆਂ ਦੇ ਓਵਰਫਲੋਅ ਨੂੰ ਰੋਕਣ ਲਈ ਇੰਨ੍ਹਾਂ ਵਿਚ ਪਾਣੀ ਨੂੰ ਬਾਹਰ ਆਉਣ ਤੋਂ ਰੋਕਣ ਦਾ ਯਤਨ ਕਰ ਰਿਹਾ ਹੈ ਅਤੇ ਪੁਲਾਂ ਆਦਿ ਵਿਚ ਕੇਲੀ ਫਸਣ ਤੋਂ ਰੋਕਣ ਲਈ ਚੌਕਸੀ ਰੱਖੀ ਜਾ ਰਹੀ ਹੈ ਤਾਂ ਜ਼ੋ ਪਾਣੀ ਦਾ ਵਹਾਅ ਤੇਜੀ ਨਾਲ ਹੋ ਸਕੇ।
ਸਿੰਚਾਈ ਵਿਭਾਗ ਵੱਲੋਂ ਜਿਹੜੀਆਂ ਨਹਿਰਾਂ ਵਿਚ ਕੱਲ ਕੱਟ ਲੱਗਿਆ ਸੀ ਵਿਚ ਪਿੱਛੋਂ ਪਾਣੀ ਕੱਲ ਹੀ ਬੰਦ ਕਰਵਾ ਦਿੱਤਾ ਗਿਆ ਸੀ ਅਤੇ ਹੁਣ ਨਕਾਲ ਆ ਜਾਣ ਤੋਂ ਬਾਅਦ ਟੁੱਟੀਆਂ ਨਹਿਰਾਂ ਨੂੰ ਬੰਨਨ ਦਾ ਕੰਮ ਚੱਲ ਰਿਹਾ ਹੈ ਨਾਲ ਦੀ ਨਾਲ ਜਿੰਨ੍ਹਾਂ ਨਹਿਰਾਂ ਵਿਚ ਪਾਣੀ ਚੱਲ ਰਿਹਾ ਹੈ ਉਨ੍ਹਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਇਸ ਮੁਸਕਿਲ ਦੌਰ ਵਿਚ ਇੱਕਜੁੱਟ ਹੋ ਕੇ ਪ੍ਰਸ਼ਾਸਨ ਦਾ ਸਾਥ ਦੇਣ ਲਈ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਲੋਕ ਕਿਸੇ ਵੀ ਮੁਸਕਿਲ ਸਮੇਂ ਜਿ਼ਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਤੇ ਇਤਲਾਹ ਦੇਣ। ਉਨ੍ਹਾਂ ਨੇ ਅਪੀਲ ਕੀਤੀ ਕਿ ਨਹਿਰਾਂ ਦੇ ਮੋਘੇ ਬੰਦ ਨਾ ਕੀਤੇ ਜਾਣ। ਉਨ੍ਹਾਂ ਨੇ ਸ਼ਹਿਰਾਂ ਵਿਚ ਵੀ ਸਥਾਨਕ ਸਰਕਾਰਾਂ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਸ਼ਹਿਰਾਂ ਵਿਚੋਂ ਵੀ ਪਾਣੀ ਦੀ ਨਿਕਾਸੀ ਤੇਜੀ ਨਾਲ ਜਾਰੀ ਰੱਖੀ ਜਾਵੇ।

ਬਾਕਸ ਲਈ ਪ੍ਰਸਤਾਵਿਤ
ਜਿ਼ਲ੍ਹਾ ਪੱਧਰੀ ਹੜ੍ਹ ਕੰਟਰੋਲ ਰੂਮ- 01638-262153

ਪੁਲਿਸ ਕੰਟਰੋਲ ਰੂਮ-85588-00900, 01638-262800

ਡ੍ਰੇਨਜ ਵਿਭਾਗ-78372-70447

ਫਾਜਿ਼ਲਕਾ ਤਹਿਸੀਲ ਦਾ ਕੰਟਰੋਲ ਰੂਮ- 01638-262153

ਜਲਾਲਾਬਾਦ ਤਹਿਸੀਲ ਦਾ ਕੰਟਰੋਲ ਰੂਮ-01638-251373

ਅਬੋਹਰ ਤਹਿਸੀਲ ਦਾ ਕੰਟਰੋਲ ਰੂਮ- 01634-220546

ਸਿਹਤ ਵਿਭਾਗ ਦਾ ਕੰਟਰੋਲ ਰੂਮ-01638-260400