ਡੇਰਾਬੱਸੀ ਸਬ ਡਵੀਜ਼ਨ ਦੇ ਪਿੰਡਾਂ ਚ ਪਰਾਲੀ ਪ੍ਰਬੰਧਨ ਮਸ਼ੀਨਰੀ ਨੂੰ ਉਤਸ਼ਾਹਿਤ ਕਰਨ ਲਈ ਐਸ ਡੀ ਐਮ ਖੇਤਾਂ ਚ ਜਾ ਕੇ ਕਰਨ ਲੱਗੇ ਕਿਸਾਨਾਂ ਨੂੰ ਸਨਮਾਨਿਤ

ਡੇਰਾਬੱਸੀ, 15 ਅਕਤੂਬਰ, 2023:

ਝੋਨੇ ਦੀ ਫ਼ਸਲ ਦੀ ਕਟਾਈ ਹੋਣ ਉਪਰੰਤ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਣ ਸਾਫ਼ ਰੱਖਣ ਵਿੱਚ ਸਹਿਯੋਗ ਦੇਣ ਵਾਲੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਡੇਰਾਬੱਸੀ ਦੇ ਸਬ ਡਵੀਜ਼ਨ ਪ੍ਰਸ਼ਾਸਨ ਨੇ ਨਵੀਂ ਪਹਿਲ ਕਦਮੀ ਕੀਤੀ ਹੈ।
ਐਸ ਡੀ ਐਮ ਹਿਮਾਂਸ਼ੂ ਗੁਪਤਾ ਖੁਦ ਅਜਿਹੇ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਸਨਮਾਨਿਤ ਉਨ੍ਹਾਂ ਨੂੰ ਵਾਤਾਵਰਣ ਦੇ ਰਾਖਿਆਂ ਵਜੋਂ ਸਨਮਾਨਿਤ ਕਰ ਰਹੇ ਹਨ।
ਡੇਰਾਬੱਸੀ ਦੇ ਪਿੰਡ ਖੇੜੀ ਜੱਟਾਂ ਵਿਖੇ ਕਿਸਾਨ ਅਤੇ ਸਰਪੰਚ ਹਰਚੰਦ ਸਿੰਘ ਨੂੰ ਉਸ ਵਲੋਂ ਪਰਾਲੀ ਨੂੰ ਅੱਗ ਨਾ ਲਗਾ ਕੇ ਗੱਠਾਂ ਬਣਾਉਣ ਲਈ, ਖੇਤ ਵਿੱਚ ਹੀ ਜਾ ਕੇ ਪ੍ਰਸ਼ੰਸਾ ਪੱਤਰ ਦੇਣ ਬਾਅਦ ਡੇਰਾਬੱਸੀ ਦੇ ਐੱਸ ਡੀ ਐਮ ਡਾ. ਹਿਮਾਂਸ਼ੂ ਗੁਪਤਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਡੇਰਾਬੱਸੀ ਵਿੱਚ ਇਸ ਸਾਲ ਪਹਿਲੀ ਵਾਰ ਹੁਣ ਤੱਕ ਲਗਭਗ 900 ਏਕੜ ਦੇ ਕਰੀਬ ਪਰਾਲੀ ਦੀਆਂ ਗੱਠਾਂ ਬਣ ਚੁੱਕੀਆਂ ਹਨ।
ਇਨ੍ਹਾਂ ਵਿੱਚੋਂ ਵੀ ਆਲੂ ਲਗਾਉਣ ਵਾਲਿਆਂ ਕਿਸਾਨਾਂ ਦੀਆਂ ਗੱਠਾਂ ਪਹਿਲ ਦੇ ਆਧਾਰ ਤੇ ਬਣੀਆਂ ਹਨ ਤਾਂ ਜੋ ਉਨ੍ਹਾਂ ਨੂੰ ਅਗਲੀ ਫ਼ਸਲ ਦੀ ਬਿਜਾਈ ਵਾਸਤੇ ਪਰਾਲੀ ਦੇ ਨਿਪਟਾਰੇ ਲਈ ਉਡੀਕ ਨਾ ਕਰਨੀ ਪਵੇ।
ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਦੀਆਂ ਹਦਾਇਤਾਂ ਤੇ ਪਰਾਲੀ ਨੂੰ ਬਿਨਾਂ ਅੱਗ ਲਾਏ ਨਿਪਟਾਰਾ ਕਰਨ ਵਾਲੇ ਕਿਸਾਨਾਂ ਨੂੰ ਵਿਸ਼ੇਸ਼ ਤੌਰ ਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਪਰਾਲੀ ਪ੍ਰਬੰਧਨ ਮਸ਼ੀਨਰੀ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਪਰਾਲੀ ਪ੍ਰਬੰਧਨ ਮਸ਼ੀਨਰੀ ਪ੍ਰਾਪਤ ਕਰਨ ਵਿੱਚ ਕਿਸਾਨ ਨੂੰ ਦਿੱਕਤ ਨਾ ਆਵੇ, ਇਸ ਲਈ ਜ਼ਿਲ੍ਹਾ ਪੱਧਰ ਤੇ ਕੰਟਰੋਲ ਰੂਮ ਕਾਇਮ ਕੀਤਾ ਗਿਆ ਹੈ, ਜਿੱਥੇ ਕਿਸਾਨ ਫ਼ੋਨ ਨੰਬਰ 0172-2219505 ਅਤੇ 2219506 ਤੇ ਫੋਨ ਕਰਕੇ ਆਪਣੇ ਨੇੜੇ ਉਪਲਬਧ ਮਸੀਨਰੀ ਬਾਰੇ ਜਾਣਕਾਰੀ ਲੈ ਸਕਦਾ ਹੈ।
ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਡੇਰਾਬੱਸੀ ਡਾ. ਦਨਿਸ਼ ਕੁਮਾਰ ਨੇ ਦੱਸਿਆ ਕਿ ਜਿਹੜੇ ਕਿਸਾਨ ਪਰਾਲੀ ਨਾ ਸਾੜ ਕੇ ਗੱਠਾਂ ਬਣਾਉਣਗੇ ਜਾਂ ਹੋਰ ਵਸੀਲਿਆਂ ਨਾਲ ਪਰਾਲੀ ਦਾ ਪ੍ਰਬੰਧਨ ਕਰਨਗੇ, ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਜ਼ਿਲ੍ਹਾ ਪੱਧਰ ਤੇ ਵਿਸ਼ੇਸ਼ ਸਨਮਾਨ ਵੀ ਦਿੱਤਾ ਜਾਵੇਗਾ।